ਬੀ.ਸੀ. ਟਰੱਕ ਆਪਰੇਟਰਾਂ ਨੂੰ ਇਕ ਅਗਸਤ ਤੋਂ ਲਗਾਉਣੇ ਪੈਣਗੇ ਇਲੈਕਟ੍ਰਾਨਿਕ ਡਰਾਈਵਿੰਗ ਟਾਈਮ ਮੋਨੀਟਰਜ਼

0
67

ਵਿਕਟੋਰੀਆ-ਬਿ੍ਰਟਿਸ਼ ਕੋਲੰਬੀਆ ਵਿਚ ਵਪਾਰਕ ਟਰੱਕ ਮਾਲਕਾਂ ਨੂੰ ਆਪਣੇ ਟਰੱਕਾਂ ਵਿਚ ਇਲੈਕਟ੍ਰਾਨਿਕ ਉਪਕਰਨ ਲਗਾਉਣ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ ਇਨ੍ਹਾਂ ਉਪਕਰਨਾਂ ਨਾਲ ਡਰਾਈਵਰ ਦੇ ਡਰਾਈਵਿੰਗ ਕਰਨ ਦੇ ਸਮੇਂ ਦਾ ਪਤਾ ਲਗਾਇਆ ਜਾ ਸਕੇਗਾ। ਟਰੱਕ ਮਾਲਕਾਂ ਨੂੰ ਉਪਕਰਨ ਲਗਾਉਣ ਅਤੇ ਡਰਾਈਵਰਾਂ ਅਤੇ ਡਿਸਪੈਚਰਾਂ ਨੂੰ ਸਿੱਖਿਲਾਈ ਦੇਣ ਲਈ 6 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਇਹ ਉਪਕਰਨ ਡਰਾਈਵਿੰਗ ਕਰਦੇ ਸਮੇਂ ਥੱਕ ਜਾਣ ਨਾਲ ਸਬੰਧਤ ਦੁਰਘਟਨਾਵਾਂ ਦੇ ਖਤਰੇ ਨੂੰ ਘਟਾਉਣ ਲਈ ਤਿਆਰ ਕੀਤੇ ਗਏ ਹਨ। ਟਰਾਂਸਪੋਰਟ ਮੰਤਰੀ ਰੋਬ ਫਲੇਮਿੰਗ ਨੇ ਇਕ ਬਿਆਨ ਵਿਚ ਦੱਸਿਆ ਕਿ ਤਕਨਾਲੋਜੀ ਦੀ ਵਰਤੋਂ ਇਹ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ ਕਿ ਬੀਸੀ ਦੀਆਂ ਜਰਨੈਲੀ ਸੜਕਾਂ ’ਤੇ ਡਰਾਈਵਰਾਂ ਤੇ ਹੋਰਨਾਂ ਦੀ ਸੁਰੱਖਿਆ ਲਈ ਵਪਾਰਕ ਡਰਾਈਵਰਜ਼ ਉਨਾ ਹੀ ਟਰੱਕ ਚਲਾਉਣ ਜਿੰਨਾ ਇਕ ਦਿਨ ਵਿਚ ਚਲਾਉਣਾ ਚਾਹੀਦਾ ਹੈ। ਬੀਸੀ ਟਰੱਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਉਪਕਰਨਾਂ ਦੇ ਲੰਬੇ ਸਮੇਂ ਤੋਂ ਸਮਰਥਨ ਕਰ ਰਹੇ ਹਨ। ਡੇਵ ਅਰਲ ਨੇ ਕਿਹਾ ਕਿ ਉਨ੍ਹਾਂ ਨੂੰ ਕੰਮ ਸਬੰਧੀ ਘੰਟਿਆਂ ਦੇ ਨਿਯਮਾਂ ਦੀ ਪਾਲਣਾ ਵਧਾ ਕੇ ਸਾਰੇ ਰੋਡ ਯੂਜ਼ਰਾਂ ਦੀ ਸੁਰੱਖਿਆ ਵਿਚ ਸੁਧਾਰ ਕਰਨਾ ਚਾਹੀਦਾ ਹੈ ਅਤੇ ਇਹ ਸੁਰੱਖਿਆ ਦੇ ਵੱਖ ਵੱਖ ਪ੍ਰੋਗਰਾਮਾਂ ਵਿਚੋਂ ਇਕ ਹੈ ਜਿਹੜਾ ਬਿਹਤਰੀ ਲਈ ਇੰਡਸਟਰੀ ਵਿਚ ਤਬਦੀਲੀ ਲਿਆਵੇਗੀ। ਟਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਉਪਕਰਨ ਟਰੱਕਿੰਗ ਇੰਡਸਟਰੀ ਵਿਚ ਕਾਗਜ਼ੀ ਕੰਮ ਨੂੰ ਘਟਾ ਦੇਣਗੇ ਅਤੇ ਡਰਾਈਵਰਾਂ ਦੇ ਘੰਟਿਆਂ ਦੇ ਪ੍ਰਬੰਧ ਕਰਨ ਅਤੇ ਲਾਗਤਾਂ ਨੂੰ ਘਟਾਉਣ ਵਿਚ ਮਦਦ ਕਰਨਗੇ।