15 ਅਪ੍ਰੈਲ ਤੱਕ ਤਿਹਾੜ ਜੇਲ੍ਹ ਭੇਜੇ ਕੇਜਰੀਵਾਲ, ਬੈਰਕ ’ਚ ਇੱਕਲੇ ਰਹਿਣਗੇ

0
12

ਨਵੀਂ ਦਿੱਲੀ-ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਆਬਕਾਰੀ ਨੀਤੀ ਮਾਮਲੇ ਵਿਚ 15 ਅਪ੍ਰੈਲ ਤੱਕ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। ਉਹ ਜੇਲ੍ਹ ਨੰਬਰ 2 ਵਿਚ ਇਕੱਲੇ ਰਹਿਣਗੇ। 21 ਮਾਰਚ ਤੋਂ ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸਬੰਧਤ ਦੋ ਕੇਸਾਂ ਦੀ ਸੁਣਵਾਈ ਰਾਊਜ਼ ਐਵੇਨਿਊ ਕੋਰਟ ਅਤੇ ਦਿੱਲੀ ਹਾਈਕੋਰਟ ਵਿੱਚ ਹੋਈ। ਕੇਜਰੀਵਾਲ ਨੇ ਜੇਲ੍ਹ ਪ੍ਰਸ਼ਾਸਨ ਨੂੰ 6 ਲੋਕਾਂ ਦੀ ਸੂਚੀ ਦਿੱਤੀ ਹੈ ਜੋ ਕਾਨੂੰਨ ਤਹਿਤ ਉਨ੍ਹਾਂ ਨਾਲ ਮੁਲਾਕਾਤ ਕਰ ਸਕਦੇ ਹਨ। ਇਸ ਸੂਚੀ ‘ਚ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ, ਬੇਟੇ ਪੁਲਕਿਤ-ਧੀ ਹਰਸ਼ਿਤਾ, ਨਿੱਜੀ ਸਕੱਤਰ ਵਿਭਵ ਕੁਮਾਰ, ‘ਆਪ‘ ਦੇ ਜਨਰਲ ਸਕੱਤਰ ਸੰਦੀਪ ਪਾਠਕ ਅਤੇ ਇਕ ਦੋਸਤ ਦੇ ਨਾਂ ਸ਼ਾਮਿਲ ਹਨ। ਇਸ ਤੋਂ ਪਹਿਲਾਂ ਰਾਊਜ਼ ਐਵੇਨਿਊ ਕੋਰਟ ‘ਚ ਈਡੀ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਿਜੇ ਨਾਇਰ ਆਤਿਸ਼ੀ ਅਤੇ ਸੌਰਭ ਭਾਰਦਵਾਜ ਨੂੰ ਰਿਪੋਰਟ ਕਰਦੇ ਸਨ। ਈਡੀ ਨੇ ਕਿਹਾ ਕਿ ਕੇਜਰੀਵਾਲ ਸਾਡੇ ਨਾਲ ਸਹਿਯੋਗ ਨਹੀਂ ਕਰ ਰਹੇ ਹਨ। ਉਹ ਸਾਨੂੰ ਗੁੰਮਰਾਹ ਕਰ ਰਹੇ ਹਨ। ਇਸ ‘ਤੇ ਅਦਾਲਤ ਨੇ ਪੁੱਛਿਆ ਕਿ ਨਿਆਂਇਕ ਹਿਰਾਸਤ ਲਈ ਇਹ ਦਲੀਲਾਂ ਕਿੰਨੀਆਂ ਜਾਇਜ਼ ਹਨ? ਏਐੱਸਜੀ ਰਾਜੂ ਨੇ ਕਿਹਾ ਕਿ ਕੇਜਰੀਵਾਲ ਆਪਣੇ ਫ਼ੋਨ ਦਾ ਪਾਸਵਰਡ ਸਾਂਝਾ ਨਹੀਂ ਕਰ ਰਹੇ ਹਨ। ਅਸੀਂ ਬਾਅਦ ਵਿੱਚ ਉਨ੍ਹਾਂ ਦੀ ਈਡੀ ਦੀ ਹਿਰਾਸਤ ਦੀ ਮੰਗ ਕਰਾਂਗੇ। ਇਹ ਸਾਡਾ ਹੱਕ ਹੈ। ਇਸ ਤੋਂ ਬਾਅਦ ਅਦਾਲਤ ਨੇ ਅਰਵਿੰਦ ਕੇਜਰੀਵਾਲ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ।