‘ਪਾਕਿਸਤਾਨੀ ਪ੍ਰਦਰਸ਼ਨ ਕਰ ਰਹੇ ਹਨ ਮੇਰੇ ਘਰ ਦੇ ਸਾਹਮਣੇ ਤੇ ਦੇਸ਼ ਦੇ ਕਿਸਾਨਾਂ ਨੂੰ ਇੰਨੀ ਵੀ ਇਜ਼ਾਜਤ ਨਹੀਂ’, CM ਕੇਜਰੀਵਾਲ ਨੇ ਚੁੱਕੇ ਸਵਾਲ

0
16

ਨਵੀਂ ਦਿੱਲੀ : ਇਨ੍ਹੀਂ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਕੇਂਦਰ ‘ਤੇ ਤਿੱਖੇ ਹਮਲੇ ਕਰ ਰਹੇ ਹਨ। ਉਸ ਨੇ ਐਕਸ ‘ਤੇ ਲਿਖਿਆ- ਪਾਕਿਸਤਾਨੀਆਂ ਨੂੰ ਪੂਰੀ ਪੁਲਿਸ ਸੁਰੱਖਿਆ ਅਤੇ ਸਨਮਾਨ ਨਾਲ ਮੇਰੇ ਘਰ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਹੈ ਅਤੇ ਇਸ ਦੇਸ਼ ਦੇ ਕਿਸਾਨਾਂ ਨੂੰ ਦਿੱਲੀ ਆਉਣ ਦੀ ਵੀ ਇਜਾਜ਼ਤ ਨਹੀਂ ਹੈ? ਭਾਰਤੀ ਕਿਸਾਨਾਂ ‘ਤੇ ਅੱਥਰੂ ਗੈਸ ਦੇ ਗੋਲੇ, ਲਾਠੀਆਂ, ਰਾਡਾਂ ਅਤੇ ਗੋਲੀਆਂ? ਅਤੇ ਪਾਕਿਸਤਾਨੀਆਂ ਦਾ ਇੰਨਾ ਸਨਮਾਨ?

ਜ਼ਿਕਰਯੋਗ ਹੈ ਕਿ ਸੀਏਏ ਦੇ ਖ਼ਿਲਾਫ਼ ਸੀਐੱਮ ਕੇਜਰੀਵਾਲ ਦੇ ਬਿਆਨ ਤੋਂ ਬਾਅਦ ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀਆਂ ਨੇ ਉਨ੍ਹਾਂ ਦੀ ਰਿਹਾਇਸ਼ ਦੇ ਸਾਹਮਣੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪਾਕਿਸਤਾਨ ਤੋਂ ਆਏ ਹਿੰਦੂ ਸ਼ਰਨਾਰਥੀ ਚੰਦਗੀ ਰਾਮ ਅਖਾੜੇ ਨੇੜੇ ਇਕੱਠੇ ਹੋ ਕੇ ਮੁੱਖ ਮੰਤਰੀ ਕੇਜਰੀਵਾਲ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਸ਼ਰਨਾਰਥੀਆਂ ਨੇ ਕੇਜਰੀਵਾਲ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੀਏਏ ਨੂੰ ਲੈ ਕੇ ਮੁੱਖ ਮੰਤਰੀ ਕੇਜਰੀਵਾਲ ਗੁੰਮਰਾਹਕੁੰਨ ਬਿਆਨ ਦੇ ਰਹੇ ਹਨ।

CAA ਦੇਸ਼ ਦੇ ਹਿੱਤ ‘ਚ ਨਹੀਂ

ਇਸ ਤੋਂ ਪਹਿਲਾਂ ਸੀਐਮ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦਾ ਜਵਾਬ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸੀਏਏ ਦੇਸ਼ ਦੇ ਹਿੱਤ ਵਿੱਚ ਬਿਲਕੁਲ ਨਹੀਂ ਹੈ। ਉਨ੍ਹਾਂ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਤੁਸੀਂ ਦੂਜੇ ਦੇਸ਼ਾਂ ਤੋਂ ਲੋਕਾਂ ਨੂੰ ਲਿਆ ਕੇ ਇੱਥੇ ਵਸਾਉਣ ਦੀ ਤਿਆਰੀ ਕਰ ਰਹੇ ਹੋ। ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਢਾਈ ਤੋਂ ਤਿੰਨ ਕਰੋੜ ਘੱਟ ਗਿਣਤੀ ਲੋਕ ਰਹਿੰਦੇ ਹਨ। ਇੰਨੀ ਵੱਡੀ ਗਿਣਤੀ ਵਿਚ ਉਨ੍ਹਾਂ ਨੂੰ ਕਿਵੇਂ ਰੱਖਿਆ ਜਾਵੇਗਾ?

ਸਾਡੇ ਲੋਕਾਂ ਦੇ ਹੱਕ ਦੂਸਰਿਆਂ ਨੂੰ ਦਿੱਤੇ ਜਾਣਗੇ

ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਲੋਕਾਂ ਦੇ ਹੱਕਾਂ ਦਾ ਘਾਣ ਕਰ ਕੇ ਤੁਸੀਂ ਇਸ ਨੂੰ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਹੇ ਹੋ। ਕੀ ਇਨ੍ਹਾਂ ਲੋਕਾਂ ਦੇ ਆਉਣ ਨਾਲ ਭਾਰਤ ਦੀਆਂ ਧੀਆਂ ਸੁਰੱਖਿਅਤ ਰਹਿਣਗੀਆਂ? ਉਹ ਦਿੱਲੀ ਦੇ ਲੋਕਾਂ ਨੂੰ ਨਵੇਂ ਰਾਸ਼ਨ ਕਾਰਡ ਬਣਾਉਣ ਦੀ ਇਜਾਜ਼ਤ ਨਹੀਂ ਦੇ ਰਹੇ ਹਨ ਜਦਕਿ ਬਾਹਰਲੇ ਲੋਕਾਂ ਨੂੰ ਇੱਥੇ ਵਸਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕੈਨੇਡਾ ਸਮੇਤ ਹੋਰ ਦੇਸ਼ਾਂ ਨੇ ਅਜਿਹਾ ਕੀਤਾ ਸੀ, ਬਾਅਦ ਵਿੱਚ ਇਸਨੂੰ ਬੰਦ ਕਰ ਦਿੱਤਾ ਗਿਆ।