ਬੱਚੇ ਦੀ ਪਹਿਲੀ ਗੁਰੂ ਉਸ ਦੀ ਮਾਂ

0
27

ਸਾਫ਼-ਸੁਥਰੇ ਅਤੇ ਸੁਚੱਜੇ ਸਮਾਜ ਦੀ ਰਚਨਾ ਤਾਂ ਹੀ ਹੋ ਸਕਦੀ ਹੈ ਜੇ ਉਸ ਦੇ ਸ਼ਹਿਰੀ ਪੜ੍ਹੇ-ਲਿਖੇ ਅਤੇ ਸੂਝਵਾਨ ਹੋਣਗੇ। ਇਸ ਲਈ ਬੱਚੇ ਨੂੰ ਜਨਮ ਤੋਂ ਹੀ ਚੰਗੇ ਸੰਸਕਾਰ ਦੇਣੇ ਸਭ ਤੋਂ ਪਹਿਲਾਂ ਉਸ ਦੀ ਮਾਂ ਦੀ ਹੀ ਜ਼ਿੰਮੇਵਾਰੀ ਬਣਦੀ ਹੈ। ਛੋਟੇ ਬੱਚੇ ਦੀ ਦੇਖਭਾਲ ਅਸੀਂ ਬਹੁਤ ਹੀ ਸੁਚੇਤ ਹੋ ਕੇ ਕਰਦੇ ਹਾਂ ਪਰ ਜਦੋਂ ਕੁਝ ਵੱਡਾ ਹੋ ਕੇ ਸਕੂਲ ਜਾਣ ਲਗਦਾ ਹੈ ਤਾਂ ਅਸੀਂ ਸਮਝਦੇ ਹਾਂ ਕਿ ਸਾਡਾ ਕੰਮ ਹੁਣ ਉਸ ਨੂੰ ਬਰੇਕਫਾਸਟ ਕਰਵਾ ਕੇ ਸਕੂਲ ਬੈਗ ਉਸ ਦੇ ਮੋਢੇ ’ਤੇ ਟੰਗ ਦੇਣਾ ਹੈ, ਬਾਕੀ ਜ਼ਿੰਮੇਵਾਰੀ ਸਕੂਲ ਅਧਿਆਪਕਾਂ ’ਤੇ ਛੱਡ ਦਿੰਦੇ ਹਾਂ। ਬੱਚਾ ਸਕੂਲ ਵਿਚ ਕਿਵੇਂ ਵਿਚਰਦਾ ਹੈ, ਉਸ ਨੂੰ ਸਕੂਲ ਦਾ ਵਾਤਾਵਰਨ ਰਾਸ ਆਇਆ ਹੈ ਕਿ ਨਹੀਂ, ਉਸ ਦਾ ਹੋਮਵਰਕ ਠੀਕ ਢੰਗ ਨਾਲ ਹੁੰਦਾ ਹੈ ਜਾਂ ਨਹੀਂ ਆਦਿ ਵਿਸ਼ੇਸ਼ ਗੱਲਾਂ ਵੱਲ ਅਸੀਂ ਘੱਟ ਧਿਆਨ ਦੇਣ ਲੱਗ ਜਾਂਦੇ ਹਾਂ। ਸਾਨੂੰ ਸਕੂਲ ਜਾਂਦੇ ਬੱਚੇ ਦੀ ਹਰ ਜ਼ਰੂਰਤ ਦਾ ਧਿਆਨ ਰੱਖਣਾ ਚਾਹੀਦਾ ਹੈ। ਰੋਜ਼ ਸਵੇਰੇ ਸਕੂਲ ਜਾਣ ਸਮੇਂ ਉਸ ਦੇ ਸਕੂਲ ਬੈਗ ਦੀ ਜਾਂਚ ਕਰੋ, ਉਸ ਵਿਚ ਕੋਈ ਵੀ ਚੀਜ਼ ਘੱਟ ਹੈ, ਉਸ ਨੂੰ ਪੂਰਾ ਕਰਕੇ ਸਕੂਲ ਭੇਜੋ, ਸਕੂਲ, ਪੈੱਨ, ਪੈਨਸਿਲ ਜਾਂ ਕੋਈ ਵੀ ਚੀਜ਼ ਘੱਟ ਹੈ ਤਾਂ ਪੂਰੀ ਕਰਕੇ ਭੇਜੋ ਤਾਂ ਕਿ ਸਕੂਲ ਜਾ ਕੇ ਉਸ ਨੂੰ ਅਧਿਆਪਕ ਦੀਆਂ ਝਿੜਕਾਂ ਨਾ ਸਹਿਣੀਆਂ ਪੈਣ। ਜੇ ਅਸੀਂ ਬੱਚੇ ਦਾ ਬੈਗ ਮੁਕੰਮਲ ਕਰਕੇ ਨਹੀਂ ਭੇਜਦੇ ਤਾਂ ਉਹ ਸਾਥੀਆਂ ਦੀਆਂ ਚੀਜ਼ਾਂ ਚੋਰੀ ਚੁੱਕਣਾ ਸ਼ੁਰੂ ਕਰ ਦੇਵੇਗਾ, ਬਸ ਇਥੋਂ ਹੀ ਬੱਚਾ ਚੋਰੀ ਦੀ ਆਦਤ ਗ੍ਰਹਿਣ ਕਰ ਲਵੇਗਾ। ਇਸ ਲਈ ਜਦੋਂ ਵੀ ਤੁਹਾਡਾ ਬੱਚਾ ਕੋਈ ਚੋਰੀ ਦੀ ਚੀਜ਼ ਘਰ ਲੈ ਕੇ ਆਵੇ ਤਾਂ ਤੁਰੰਤ ਉਸ ਨੂੰ ਸਖਤੀ ਨਾਲ ਰੋਕ ਦਿਓ ਅਤੇ ਸਮਝਾਓ ਕਿ ਚੋਰੀ ਕਰਨਾ ਪਾਪ ਹੈ। ਜੇਕਰ ਤੁਸੀਂ ਛੋਟੇ ਬੱਚੇ ਨੂੰ ਹੀ ਚੋਰੀ ਕਰਨ ਤੋਂ ਰੋਕ ਦਿਓ ਤਾਂ ਬਹੁਤ ਚੰਗੀ ਗੱਲ, ਜੇਕਰ ਨਹੀਂ ਰੋਕ ਸਕਦੇ ਤਾਂ ਉਹ ਹੌਲੀ-ਹੌਲੀ ਚੋਰੀ ਕਰਨ ਦੇ ਕੰਮ ਵਿਚ ਪੱਕਾ ਹੋ ਜਾਵੇਗਾ। ਬੱਚਾ ਵੱਡਾ ਹੋ ਕੇ ਸਕੂਲ, ਕਾਲਜ ਜਾਣ ਲਗਦਾ ਹੈ ਤਾਂ ਤੁਹਾਡੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਸਕਦੀਆਂ ਹਨ। ਅੱਜ ਕੱਲ੍ਹ ਵਿੱਦਿਅਕ ਸੰਸਥਾਵਾਂ ਵਿਚ ਨਸ਼ਿਆਂ ਦੀ ਭਰਮਾਰ ਚੱਲ ਰਹੀ ਹੈ। ਇਸ ਬੁਰੀ ਆਦਤ ਤੋਂ ਬਚਾਉਣ ਲਈ ਤੁਸੀਂ ਆਪਣੇ ਬੱਚੇ ’ਤੇ ਪੂਰੀ ਨਜ਼ਰ ਰੱਖੋ। ਉਸ ਦੇ ਸਕੂਲ ਆਉਣ-ਜਾਣ ਦਾ ਸਮਾਂ, ਉਸ ਦੇ ਸਾਥੀ ਵਿਦਿਆਰਥੀਆਂ ਦੀ ਸੰਗਤ ਅਤੇ ਜੇਕਰ ਸ਼ਾਮ ਨੂੰ ਜਿਮ ਆਦਿ ਜਾਂਦਾ ਹੈ ਤਾਂ ਇਹ ਸਭ ਕੁਝ ਤੁਹਾਡੀ ਨਿਗਰਾਨੀ ਵਿਚ ਹੋਣਾ ਚਾਹੀਦਾ ਹੈ। ਉਸ ਦੇ ਜੇਬ ਖਰਚ ਦਾ ਵੀ ਧਿਆਨ ਰੱਖੋ, ਕੋਸ਼ਿਸ਼ ਇਹ ਕਰੋ ਕਿ ਉਹ ਘਰ ਦੀਆਂ ਬਣੀਆਂ ਚੀਜ਼ਾਂ ਹੀ ਖਾਵੇ। ਬਾਜ਼ਾਰੂ ਖਾਣਾ ਜਿਥੇ ਸਿਹਤ ਲਈ ਹਾਨੀਕਾਰਕ ਹੈ, ਉਥੇ ਹੋਰ ਵੀ ਬਹੁਤ ਸਾਰੀਆਂ ਗ਼ਲਤ ਆਦਤਾਂ ਦਾ ਕਾਰਨ ਬਣਦਾ ਹੈ। ਕੰਟੀਨ, ਟੱਕ ਸ਼ਾਪ ਆਦਿ ’ਤੇ ਰੋਜ਼ ਸਾਥੀਆਂ ਸਮੇਤ ਬੈਠਣ ਦੀ ਆਦਤ ਪੱਕ ਜਾਂਦੀ ਹੈ, ਫਿਰ ਘਰ ਦਾ ਖਾਣਾ ਪਸੰਦ ਹੀ ਨਹੀਂ ਆਉਂਦਾ, ਕਿਉਂਕਿ ਮਸਾਲੇਦਾਰ ਭੋਜਨ ਦੀ ਆਦਤ ਪੈ ਜਾਂਦੀ ਹੈ। ਬੱਚੇ ਨੂੰ ਚੰਗਾ ਸ਼ਹਿਰੀ ਬਣਾਉਣ ਵਿਚ ਮਾਤਾ-ਪਿਤਾ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ, ਕੇਵਲ ਉਸ ਦੇ ਅਧਿਆਪਕਾਂ ’ਤੇ ਹੀ ਨਿਰਭਰ ਨਹੀਂ ਕਰਨਾ ਚਾਹੀਦਾ।