ਹਰ ਕੋਈ ਚਾਹੇ ਤੁਹਾਡੇ ਵਰਗਾ ਬਣਨਾ

0
45

ਯਾਹੂਦੀ ਲੋਕਾਂ ਦੀ ਇਕ ਕਹਾਵਤ ਹੈ ਕਿ ਜੀਵਨ ਸਭ ਤੋਂ ਵਧੀਆ ਸੌਦਾ ਹੁੰਦਾ ਹੈ, ਕਿਉਂਕਿ ਇਹ ਸਾਨੂੰ ਬਿਨਾਂ ਕਿਸੇ ਕੀਮਤ ਤੋਂ ਮਿਲਿਆ ਹੈ। ਇਹ ਸਾਡੇ ਹੱਥ-ਵੱਸ ਹੈ ਕਿ ਅਸੀਂ ਆਪਣੇ ਜੀਵਨ ਨੂੰ ਖੂਬਸੂਰਤ ਬਣਾ ਸਕਦੇ ਹਾਂ। ਇਹ ਸਾਡੀ ਕਿਸਮਤ ’ਤੇ ਨਹੀਂ, ਬਲਕਿ ਇਹ ਸਾਡੀ ਆਪਣੀ ਸੋਚ, ਆਦਤ ਅਤੇ ਸੁਭਾਅ ’ਤੇ ਨਿਰਭਰ ਕਰਦਾ ਹੈ। ਤੁਸੀਂ ਸੁੰਦਰ ਹੋ, ਕਿਉਂਕਿ ਤੁਹਾਡੇ ਕੋਲ ਚੰਗਾ ਸੁਭਾਅ ਹੈ। ਤੁਸੀਂ ਅਮੀਰ ਹੋ, ਕਿਉਂਕਿ ਤੁਹਾਡੇ ਕੋਲ ਚਰਿੱਤਰ ਦੀ ਅਮੀਰੀ ਹੈ। ਤੁਸੀਂ ਹਰਮਨ-ਪਿਆਰੇ ਹੋ, ਕਿਉਂਕਿ ਤੁਹਾਡੇ ਵਿਚ ਨਿਮਰਤਾ ਹੈ। ਹਰ ਕੋਈ ਤੁਹਾਨੂੰ ਪਸੰਦ ਕਰਦਾ ਹੈ, ਕਿਉਂਕਿ ਤੁਹਾਡੇ ਕੋਲ ਗੱਲਬਾਤ ਕਰਨ ਦਾ ਸਲੀਕਾ ਹੈ। ਤੁਸੀਂ ਕਦੇ ਵੀ ਨਿਰਾਸ਼ ਨਹੀਂ ਹੁੰਦੇ, ਕਿਉਂਕਿ ਤੁਹਾਡੀ ਸੋਚ ਉਸਾਰੂ ਹੈ। ਤੁਹਾਡੀਆਂ ਆਦਤਾਂ ਤੁਹਾਡੇ ਸੁਹੱਪਣ ਵਿਚ ਹੋਰ ਵੀ ਵਾਧਾ ਕਰਦੀਆਂ ਹਨ। ਸਿਰਫ਼ ਆਪਣੀਆਂ ਹੀ ਗ਼ਲਤੀਆਂ ਤੋਂ ਨਹੀਂ, ਬਲਕਿ ਦੂਜਿਆਂ ਦੀਆਂ ਗ਼ਲਤੀਆਂ ਤੋਂ ਵੀ ਸਿੱਖੋ। ਤੁਹਾਨੂੰ ਕੋਈ ਧੋਖਾ ਨਹੀਂ ਦੇ ਸਕਦਾ, ਕਿਉਂਕਿ ਤੁਹਾਡੇ ਕੋਲ ਬੁੱਧੀ ਹੈ। ਅਕਸਰ ਨੇਕ ਇਰਾਦਾ ਅਤੇ ਚੰਗੇ ਵਿਚਾਰ ਜ਼ਿੰਦਗੀ ਨੂੰ ਬਦਲ ਦਿੰਦੇ ਹਨ। ਇਸਤਰੀ ਧਰਤੀ ਉੱਪਰ ਰੱਬ ਦਾ ਦੂਤ ਹੈ। ਕਲਪਨਾ ਚਾਵਲਾ ਅਮੀਰ ਮਾਪਿਆਂ ਦੀ ਧੀ ਨਹੀਂ ਸੀ, ਪਰ ਉਸ ਕੋਲ ਇਕ ਸੋਚ ਸੀ, ਇਕ ਇਰਾਦਾ ਸੀ। ਮਿਹਨਤ ਨਾਲ ਸਾਰੇ ਫਰਕ ਮਿਟ ਜਾਂਦੇ ਹਨ। ਮਦਰ ਟਰੇਸਾ ਕੋਲ ਪੂੰਜੀ ਨਹੀਂ ਸੀ ਅਤੇ ਨਾ ਹੀ ਉਸ ਦਾ ਕੋਈ ਸਕਾ-ਸਬੰਧੀ ਸੀ, ਪਰ ਉਸ ਕੋਲ ਮਮਤਾ ਸੀ, ਦਇਆ ਸੀ ਅਤੇ ਕੁਝ ਕਰ ਗੁਜ਼ਰਨ ਦਾ ਹੌਸਲਾ। ਆਪਣੇ ਇਨ੍ਹਾਂ ਗੁਣਾਂ ਕਰਕੇ ਉਸ ਨੇ ਇਸ ਸੰਸਾਰ ’ਚ ਆਪਣੀ ਵੱਖਰੀ ਥਾਂ ਬਣਾਈ।
ਇਸ ਜ਼ਿੰਦਗੀ ਦੇ ਅਸੀਂ ਉਸ ਸਮੇਂ ਤੱਕ ਹੀ ਮਾਲਕ ਹਾਂ, ਜਿੰਨਾ ਸਮਾਂ ਸਾਡੇ ਵਿਚ ਸਾਹ ਚਲਦੇ ਹਨ। ਇਸ ਲਈ ਆਪਣੀ ਜ਼ਿੰਦਗੀ ਨੂੰ ਪ੍ਰਸੰਨ-ਚਿੱਤ ਬਣਾਓ। ਤੁਸੀਂ ਆਪਣੀ ਮਰਜ਼ੀ ਨਾਲ ਦੋਸਤ ਬਣਾਓ ਪਰ ਹਰ ਕੋਈ ਤੁਹਾਨੂੰ ਆਪਣਾ ਦੋਸਤ ਬਣਾਉਣਾ ਚਾਹੇ। ਤੁਸੀਂ ਸੋਚ-ਸਮਝ ਕੇ ਰਿਸ਼ਤੇ ਦੀ ਚੋਣ ਕਰੋ ਪਰ ਜ਼ਿੰਦਗੀ ਇਸ ਤਰ੍ਹਾਂ ਦੀ ਹੋਵੇ ਕਿ ਹਰ ਕੋਈ ਤੁਹਾਨੂੰ ਰਿਸ਼ਤੇਦਾਰ ਬਣਾਉਣ ਬਾਰੇ ਸੋਚੇ। ਆਪਣੀ ਜੀਵਨ-ਸ਼ੈਲੀ ਨੂੰ ਆਦਰਸ਼ ਬਣਾਓ ਤਾਂ ਕਿ ਹਰ ਕੋਈ ਤੁਹਾਡੇ ਵਰਗਾ ਬਣਨਾ ਚਾਹੇ।
ਤੁਸੀਂ ਹਜ਼ਾਰਾਂ ਵਿਚੋਂ ਨਹੀਂ, ਬਲਕਿ ਲੱਖਾਂ ਵਿਚੋਂ ਇਕ ਹੋ। ਸਹੀ ਅਰਥਾਂ ਵਿਚ ਤੁਸੀਂ ਜ਼ਿੰਦਗੀ ਦੇ ਕਲਾਕਾਰ ਹੋ। ਤੁਹਾਡੇ ਕੋਲ ਕਾਬਲੀਅਤ ਹੈ, ਯੋਗਤਾ ਹੈ, ਸੋਚ ਅਤੇ ਚਰਿੱਤਰ ਹੈ, ਜ਼ਿੰਦਗੀ ਜਿਊਣ ਦਾ ਸਲੀਕਾ ਹੈ। ਤੁਹਾਡੇ ਕੋਲ ਚੰਗੇ ਫੈਸਲੇ ਕਰਨ ਵਾਲਾ ਦਿਮਾਗ ਹੈ, ਆਪਣੇ ਫੈਸਲਿਆਂ ’ਤੇ ਅਮਲ ਕਰਨ ਦੀ ਹਿੰਮਤ ਹੈ।
ਅਜਿਹੀਆਂ ਮਾਣਮੱਤੀਆਂ ਧੀਆਂ ’ਤੇ ਜ਼ਮਾਨਾ ਨਾਜ਼ ਕਰਦਾ ਹੈ। ਬੇਸ਼ੱਕ ਰਸਤੇ ਵਿਚ ਕਠਿਨਾਈਆਂ ਬਹੁਤ ਹਨ ਪਰ ਤੁਹਾਡੇ ਕੋਲ ਆਪਣੇ ਰਸਤੇ ਆਪ ਬਣਾਉਣ ਦਾ ਇਰਾਦਾ ਅਤੇ ਹੁਨਰ ਹੈ। ਨਿਰਸੰਦੇਹ ਤੁਹਾਡੀ ਸ਼ਖ਼ਸੀਅਤ ਜੱਗ ਲਈ ਪ੍ਰੇਰਨਾ ਹੈ।