ਅੰਧਵਿਸ਼ਵਾਸ ਦੇ ਪਸਾਰ ਨੂੰ ਠੱਲ੍ਹਣ ਦੀ ਲੋੜ

0
48

ਯੁੱਗ ਵਿਗਿਆਨ ਦਾ ਹੈ, ਪਰ ਅੰਧਵਿਸ਼ਵਾਸ ਦਾ ਹਨੇਰਾ ਫਿਰ ਵੀ ਪਸਰ ਰਿਹਾ ਹੈ। ਵਿਗਿਆਨ ਨੇ ਆਪਣੀਆਂ ਖੋਜਾਂ ਤੋਂ ਪੈਦਾ ਕੀਤੀਆਂ ਸੁਖ ਸਹੂਲਤਾਂ ਨਾਲ ਮਨੁੱਖੀ ਜ਼ਿੰਦਗੀ ਦੀ ਕਾਇਆ ਕਲਪ ਕੀਤੀ ਹੈ, ਪਰ ਬਹੁਗਿਣਤੀ ਲੋਕਾਂ ਦੀ ਸੋਚ ਵਿੱਚ ਵਿਗਿਆਨਕ ਸੋਚ ਦਾ ਅੰਸ਼ ਮਾਤਰ ਵੀ ਸ਼ਾਮਲ ਨਹੀਂ। ਵਿਗਿਆਨ ਦੀ ਪੜ੍ਹਾਈ ਕਰਨ ਵਾਲੇ ਡਾਕਟਰ ਤਾਂ ਬਣ ਰਹੇ ਹਨ, ਪਰ ਉਨ੍ਹਾਂ ਦੀ ਇਹ ਪੜ੍ਹਾਈ ਆਪਣੀ ਖੱਟੀ ਕਮਾਈ ਤਕ ਹੀ ਸੀਮਿਤ ਹੋ ਕੇ ਰਹਿ ਗਈ ਹੈ। ਵਿਗਿਆਨੀਆਂ ਦੀ ਉਮਰਾਂ ਦੀ ਮਿਹਨਤ ਨਾਲ ਹੋਂਦ ਵਿੱਚ ਆਇਆ ਟੈਲੀਵੀਜ਼ਨ ਦਿਨ ਰਾਤ ਅਗਿਆਨਤਾ ਦਾ ਪਸਾਰ ਕਰਨ ਵਿੱਚ ਜੁਟਿਆ ਹੋਇਆ ਹੈ। ਜ਼ਿੰਦਗੀ ਨੂੰ ਕਰਮਾਂ- ਕਾਂਡਾਂ ਤੇ ਅੰਧਵਿਸ਼ਵਾਸਾਂ ਨੇ ਆਪਣੇ ਚੁੰਗਲ ਵਿੱਚ ਫਸਾ ਲਿਆ ਹੈ। ਤਰਕ ਦੀ ਲੋਅ ਅਗਿਆਨਤਾ ਦੇ ਹਨੇਰੇ ਨਾਲ ਜੂਝ ਤਾਂ ਰਹੀ ਹੈ, ਪਰ ਸਾਧਨਾਂ ਦੀ ਘਾਟ, ਰਾਜ ਅਤੇ ਧਰਮ ਦੇ ਗਠਜੋੜ ਦੇ ਚਲਦਿਆਂ ਹਨੇਰੇ ਨੂੰ ਬਣਦੀ ਟੱਕਰ ਨਹੀਂ ਦਿੱਤੀ ਜਾ ਰਹੀ। ਅਜਿਹੇ ਦੌਰ ਵਿੱਚ ਜ਼ਿੰਦਗੀ ਰੌਸ਼ਨੀ ਲਈ ਭਟਕ ਰਹੀ ਹੈ ਤੇ ਲੋਕਾਂ ਦੀ ਅਗਿਆਨਤਾ ਦਾ ਲਾਹਾ ਅੰਧਵਿਸ਼ਵਾਸਾਂ ਦੇ ਵਪਾਰੀ ਉਠਾ ਰਹੇ ਹਨ। ਭਾਰਤੀ ਸੰਵਿਧਾਨ ਵਿੱਚ ਦਰਜ 1954 ਦਾ ਅੰਧਵਿਸ਼ਵਾਸਾਂ ਦੀ ਰੋਕਥਾਮ ਸਬੰਧੀ ਕਾਨੂੰਨ ਜਾਦੂਈ ਇਸ਼ਤਿਹਾਰਬਾਜ਼ੀ ‘ਤੇ ਕਿਸੇ ਵੀ ਕਿਸਮ ਦੀ ਦੈਵੀ ਸ਼ਕਤੀ ਦੇ ਦਾਅਵੇਦਾਰਾਂ ਦੇ ਗ਼ੈਰ ਵਿਗਿਆਨਕ ਪ੍ਰਚਾਰ-ਪਸਾਰ ‘ਤੇ ਰੋਕ ਲਗਾਉਂਦਾ ਹੈ, ਪਰ ਅੰਧਵਿਸ਼ਵਾਸਾਂ ਦਾ ਧੰਦਾ ਲਗਾਤਾਰ ਵਧ ਫੁੱਲ ਰਿਹਾ ਹੈ। ਇਸ ਧੰਦੇ ਦਾ ਆਗਾਜ਼ ਸਵੇਰ ਸਾਰ ਹੀ ਸ਼ੁਰੂ ਹੋ ਜਾਂਦਾ ਹੈ ਜਿਹੜੇ ਮਰਜ਼ੀ ਟੀ. ਵੀ. ਚੈਨਲ ਨੂੰ ਚਲਾਈਏ, ਹਰੇਕ ‘ਤੇ ਕਰਮਾਂ-ਕਾਂਡਾਂ, ਨਗਾਂ-ਰਾਸ਼ੀਆਂ ਨਾਲ ਜੀਵਨ ਨੂੰ ਸਫ਼ਲ ਬਣਾਉਣ ਦਾ ਝੂਠਾ ਪ੍ਰਚਾਰ ਸ਼ੁਰੂ ਹੁੰਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਸਿਹਤ, ਸਿੱਖਿਆ ਦੀ ਸਰਕਾਰੀ ਸਹੂਲਤ ਭਾਵੇਂ ਨਾ ਹੋਵੇ, ਪਰ ਹਰ ਪਿੰਡ ਵਿੱਚ ਧਾਗੇ, ਤਵੀਤਾਂ, ਜਾਦੂ-ਮੰਤਰ ਤੇ ਹੱਥ ਹਥੌਲਿਆਂ ਨਾਲ ਇਲਾਜ ਕਰਨ ਵਾਲਿਆਂ ਦੀ ਕਮੀ ਨਹੀਂ। ਡਾਕਟਰੀ ਵਿਗਿਆਨ ਨੇ ਮਾਨਵ ਸਰੀਰ ਦੀ ਹਰ ਬਿਮਾਰੀ ਦਾ ਇਲਾਜ ਸੰਭਵ ਬਣਾਇਆ ਹੈ, ਪਰ ਲੋਕੀਂ ਨਾਮੁਰਾਦ ਬਿਮਾਰੀਆਂ ਦੇ ਇਲਾਜ ਲਈ ਡੇਰਿਆਂ, ਤਾਂਤਰਿਕਾਂ, ਚੇਲਿਆਂ ਤੇ ਗ਼ੈਬੀ ਸ਼ਕਤੀਆਂ ਦੇ ਅਖੌਤੀ ਦਾਅਵੇਦਾਰਾਂ ਕੋਲ ਭਟਕ ਰਹੇ ਹਨ। ਜਿੱਥੇ ਉਹ ਆਪਣੀ ਮਾਨਸਿਕ, ਸਰੀਰਕ ਤੇ ਆਰਥਿਕ ਲੁੱਟ ਕਰਵਾ ਰਹੇ ਹਨ। ਉਹ ਬਿਨਾਂ ਕਿਸੇ ਕਾਨੂੰਨੀ ਡਰ ਦੇ ਬੇਸ਼ਕੀਮਤੀ ਮਨੁੱਖੀ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। ਪਿਛਲੇ ਮਹੀਨੇ ਬਠਿੰਡਾ ਜ਼ਿਲ੍ਹੇ ਦੇ ਕੋਟ ਫੱਤਾ ਪਿੰਡ ਵਿੱਚ ਬੱਚਿਆਂ ਦੀ ਬਲੀ ਦੇਣ ਦੀ ਘਟਨਾ ਇਸ ਗੱਲ ਦੀ ਗਵਾਹ ਹੈ।
ਇਹ ਕੇਵਲ ਪੰਜਾਬ ਦੇ ਇੱਕ ਪਿੰਡ ਦੀ ਗਾਥਾ ਨਹੀਂ, ਸਗੋਂ ਅਜਿਹੇ ਕੂੜ ਦਾ ਪਸਾਰ ਪਿੰਡ-ਪਿੰਡ ਹੋ ਰਿਹਾ ਹੈ। ਅੰਧਵਿਸ਼ਵਾਸ ਫੈਲਾਉਣ ਵਾਲੇ ਇਨ੍ਹਾਂ ਅੱਡਿਆਂ ਵਿੱਚ ਗੂੰਜਦੀਆਂ ਢੋਲਕੀਆਂ, ਚਿਮਟਿਆਂ, ਛੈਣਿਆਂ ਦੀਆਂ ਆਵਾਜ਼ਾਂ ਤੇ ਮਨੋਰੋਗੀਆਂ ਦੀਆਂ ਚੀਕਾਂ ਭਰਮਾਂ ਦੇ ਗੁਬਾਰ ਵਿੱਚ ਗੁੰਮ ਹੋ ਕੇ ਰਹਿ ਜਾਂਦੀਆਂ ਹਨ। ਉਨ੍ਹਾਂ ਦੇ ਦਰਦ ਦੀ ਪੁਕਾਰ ਸੁਣਨ ਵਾਲਾ ਕੋਈ ਨਹੀਂ ਹੁੰਦਾ। ਇਸ ਗ਼ੈਰ ਕਾਨੂੰਨੀ ਧੰਦੇ ਨੂੰ ਸਿਹਤ ਵਿਭਾਗ ਤੇ ਪ੍ਰਸ਼ਾਸਨ ‘ਚੁੱਪ-ਚਾਪ‘ ਵੇਖਦਾ ਹੈ। ਇਸੇ ਲਈ ਦਾਰੂ, ਭੰਗ ਤੇ ਚਿਲਮਾਂ ਦੇ ਨਸ਼ੇ ਵਿੱਚ ਚੂਰ ਹੋ ਕੇ ਅੰਧਵਿਸ਼ਵਾਸਾਂ ਦਾ ਧੰਦਾ ਕਰਨ ਵਾਲੇ ਚੇਲੇ, ਅਖੌਤੀ ਬਾਬੇ ਸਮਾਜ ਵਿੱਚ ‘ਸਿਆਣਿਆਂ‘ ਦੇ ਰੁਤਬੇ ਨਾਲ ਐਸ਼ ਭਰਿਆ ਜੀਵਨ ਬਤੀਤ ਕਰ ਰਹੇ ਹਨ। ਪੰਜਾਬ ਵਿੱਚ ਅਨੇਕਾਂ ਵਾਰ ਅੰਧਵਿਸ਼ਵਾਸ ਮਨੁੱਖੀ ਜਾਨਾਂ ਦੀ ਬਲੀ ਲੈ ਚੁੱਕਾ ਹੈ, ਪਰ ਸਰਕਾਰਾਂ ਨੇ ਅਜਿਹਾ ਹੋਣ ਤੋਂ ਰੋਕਣ ਲਈ ਕੋਈ ਸਾਰਥਿਕ ਕਦਮ ਨਹੀਂ ਚੁੱਕੇ। ਹੁਣ ਵੀ ਕੋਟ ਫੱਤੇ ਦੀ ਘਟਨਾ ਤੋਂ ਬਾਅਦ ਕਿਸੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੋਈ ਨੋਟਿਸ ਤਕ ਨਹੀਂ ਲਿਆ। ਇਸ ਕੁੱਲ ਵਰਤਾਰੇ ਪਿੱਛੇ ਰਾਜ ਪ੍ਰਬੰਧ ਦੀ ਅਣਦੇਖੀ, ਸਮਾਜ ਵਿੱਚ ਪਸਰੀ ਅਗਿਆਨਤਾ,ਅੰਧਵਿਸ਼ਵਾਸਾਂ ਦਾ ਕੂੜ ਪ੍ਰਚਾਰ, ਨਾ ਬਰਾਬਰੀ ਵਾਲਾ ਪ੍ਰਬੰਧ ਤੇ ਦੈਵੀ ਸ਼ਕਤੀਆਂ ਨਾਲ ਸਭ ਕੁਝ ਹਾਸਲ ਕਰਨ ਦੀ ਗ਼ੈਰ ਵਿਗਿਆਨਕ ਧਾਰਨਾ ਆਦਿ ਕਈ ਕਾਰਨ ਹਨ ਜਿਨ੍ਹਾਂ ਦਾ ਸਥਾਈ ਹੱਲ ਕੀਤੇ ਬਿਨਾਂ ਅੰਧਵਿਸ਼ਵਾਸ ਦੇ ਸਾਏ ਹੇਠ ਸਹਿਕਦੀਆਂ ਜ਼ਿੰਦਗੀਆਂ ਤੇ ਸਮਾਜ ਦਾ ਭਲਾ ਸੰਭਵ ਨਹੀਂ। ਭਾਵੇਂ ਪੰਜਾਬ ਦੀ ਤਰਕਸ਼ੀਲ ਲਹਿਰ ਵਿਗਿਆਨਕ ਚੇਤਨਾ ਦੇ ਪਸਾਰ ਲਈ ਸ਼ਲਾਘਾਯੋਗ ਰੋਲ ਨਿਭਾ ਰਹੀ ਹੈ, ਪਰ ਫਿਰ ਵੀ ਵੱਡੀ ਪੱਧਰ ‘ਤੇ ਫੈਲੇ ਇਸ ਧੰਦੇ ਨੂੰ ਮਾਤ ਦੇਣ ਲਈ ਵਿਗਿਆਨਕ ਸੂਝ ਰੂਪੀ ਮਸ਼ਾਲ ਨਾਲ ਚੇਤੰਨ ਸਮਾਜ ਦੀ ਸਥਾਪਨਾ ਵੱਲ ਵਧਣਾ ਲਾਜ਼ਮੀ ਸ਼ਰਤ ਹੈ।
—ਰਾਮ ਸਿੰਘ ਲੱਖੇਵਾਲੀ