ਬਰਸਾਤ ਦੇ ਦਿਨਾਂ ’ਚ ਘਰ ਦੀ ਸਫ਼ਾਈ ਦੀ ਮਹੱਤਤਾ

0
24

ਘਰ ਦੀ ਸਫ਼ਾਈ ਦੀ ਮਹੱਤਤਾ ਤੋਂ ਹਰੇਕ ਵਿਅਕਤੀ ਭਲੀਭਾਂਤ ਜਾਣੂ ਹੈ। ਪਰ ਬਰਸਾਤ ਦੇ ਦਿਨਾਂ ਵਿਚ ਇਸ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਘਰ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ, ਕਿਉਂਕਿ ਇਨ੍ਹਾਂ ਦਿਨਾਂ ਵਿਚ ਵਰਖਾ ਹੋਣ ਕਾਰਨ ਮੌਸਮ ਵਿਚ ਸਿੱਲ੍ਹ ਰਹਿਣ ਲਗਦੀ ਹੈ। ਮੱਖੀ, ਮੱਛਰ ਅਤੇ ਹੋਰ ਜੀਵਾਣੂ, ਕੀਟਾਣੂ ਪੈਦਾ ਹੋ ਜਾਂਦੇ ਹਨ, ਜੋ ਕਿ ਕਈ ਕਿਸਮ ਦੀਆਂ ਬਿਮਾਰੀਆਂ ਫੈਲਾਉਂਦੇ ਹਨ, ਡੇਂਗੂ ਬੁਖਾਰ ਫੈਲਦਾ ਹੈ, ਕਿਉਂਕਿ ਡੇਂਗੂ ਬੁਖਾਰ ਦੇ ਕੀਟਾਣੂ, ਜੀਵਾਣੂ ਖੜ੍ਹੇ ਪਾਣੀ ਕਰਕੇ ਪੈਦਾ ਹੁੰਦੇ ਹਨ। ਇਸ ਲਈ ਬਾਲਟੀਆਂ, ਡੱਬਿਆਂ, ਕੂਲਰਾਂ ਵਿਚਲਾ ਪਾਣੀ ਕੱਢ ਕੇ ਕੂਲਰ ਸਾਫ਼ ਕਰ ਦੇਣੇ ਚਾਹੀਦੇ ਹਨ। ਲੋੜ ਤੋਂ ਬਿਨਾਂ ਫਲੱਸ਼ ਦੀ ਸੀਟ ਉੱਤੇ ਢੱਕਣ ਦੇ ਕੇ ਰੱਖੋ। ਇਨ੍ਹਾਂ ਦਿਨਾਂ ਵਿਚ ਸਿੱਲ੍ਹ ਕਾਰਨ ਦਰਵਾਜ਼ੇ, ਖਿੜਕੀਆਂ, ਚੁਗਾਠਾਂ ਅਤੇ ਕੱਪ-ਬੋਰਡਾਂ ਨੂੰ ਸਿਉਂਕ ਲੱਗਣ ਦਾ ਡਰ ਰਹਿੰਦਾ ਹੈ, ਇਸ ਲਈ ਸਿਉਂਕ ਵਾਲੀ ਦਵਾਈ ਦਾ ਇਨ੍ਹਾਂ ਉੱਤੇ ਛਿੜਕਾਓ ਕਰਨਾ ਚਾਹੀਦਾ ਹੈ। ਧੁੱਪ ਨਿਕਲਣ ’ਤੇ ਦਰਵਾਜ਼ੇ, ਖਿੜਕੀਆਂ ਨੂੰ ਖੋਲ੍ਹ ਦਿਓ। ਬੰਦ ਡੱਬਿਆਂ ’ਚ ਰੱਖੀਆਂ ਸੁੱਕੀਆਂ ਦਾਲਾਂ, ਚੌਲ, ਅਚਾਰ ਵਗੈਰਾ ਨੂੰ ਡੱਬਿਆਂ ਵਿਚੋਂ ਬਾਹਰ ਕੱਢ ਕੇ ਸਾਫ਼ ਕਰਕੇ ਧੁੱਪ ਲਵਾ ਲੈਣੀ ਚਾਹੀਦੀ ਹੈ। ਕਿਉਂਕਿ ਇਨ੍ਹਾਂ ਨੂੰ ਜੀਵ-ਜੰਤੂ ਤੇ ਉੱਲੀ ਲੱਗਣ ਦਾ ਡਰ ਰਹਿੰਦਾ ਹੈ। ਡੱਬਿਆਂ ਦੇ ਢੱਕਣ ਘੁੱਟ ਕੇ ਬੰਦ ਕਰਕੇ ਰੱਖਣੇ ਚਾਹੀਦੇ ਹਨ ਤਾਂ ਕਿ ਡੱਬਿਆਂ ਵਿਚ ਰੱਖੀਆਂ ਵਸਤਾਂ ਨੂੰ ਸਿੱਲ੍ਹ ਨਾ ਚੜ੍ਹੇ। ਰਸੋਈ ਵਿਚ ਸਿੰਕ ਵਿਚ ਜੂਠੇ ਬਰਤਨਾਂ ਵਿਚ ਪਾਣੀ ਪਾ ਕੇ ਤੇ ਡੋਲ੍ਹ ਕੇ ਰੱਖਣੇ ਚਾਹੀਦੇ ਹਨ। ਜੂਠੇ ਬਰਤਨਾਂ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰੋ ਤਾਂ ਕਿ ਉਨ੍ਹਾਂ ਉੱਤੇ ਸਾਬਣ ਲੱਗਾ ਨਾ ਰਹਿ ਜਾਵੇ। ਰਸੋਈ ਦੇ ਸਿੰਕ ਅਤੇ ਫਰਸ਼ ਉੱਤੇ ਥੁੱਕਣਾ ਨਹੀਂ ਚਾਹੀਦਾ। ਇਨ੍ਹਾਂ ਦਿਨਾਂ ਵਿਚ ਘਰ ਵਿਚ ਲੱਗੇ ਜਾਲੇ ਵੀ ਸਾਫ਼ ਕਰੋ। ਧੁੱਪ ਨਿਕਲਣ ਉੱਤੇ ਜੁੱਤਿਆਂ ਨੂੰ ਵੀ ਧੁੱਪ ਵਿਚ ਰੱਖਣਾ ਚਾਹੀਦਾ ਹੈ। ਘਰ ਦੇ ਖਲ-ਖੂੰਜਿਆਂ ਦੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਘਰ ਵਿਚ ਪਏ ਵਾਧੂ-ਘਾਟੂ ਸਮਾਨ ਦੀ ਜਾਂ ਤਾਂ ਮੁਰੰਮਤ ਕਰਵਾ ਲਵੋ ਜਾਂ ਉਸ ਨੂੰ ਬਾਹਰ ਸੁੱਟ ਦਿਓ। ਡਸਟਬਿਨ ’ਤੇ ਢੱਕਣ ਦੇ ਕੇ ਰੱਖੋ।