ਸਿੱਖਾਂ ਦੁਆਰਾ ਸਿੱਖਾਂ ਨਾਲ ਕਾਣੀ ਵੰਡ ਜਾਂ ਸਰਬੱਤ ਦਾ ਭਲਾ?

0
20

‘ਗੁਰੂ ਨਾਨਕ ਨਾਮ ਚੜ੍ਹਦੀ ਕਲਾ,
ਤੇਰੇ ਭਾਣੇ ਸਰਬੱਤ ਦਾ ਭਲਾ’।
ਸਿੱਖ ਵੀਰੋ! ‘ਸਰਬੱਤ ਦਾ ਭਲਾ’ ਕਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ? ਕਿਹੜੇ ਸਤਿਗੁਰੂ ਜੀ ਨੇ ਉਚਾਰਿਆ? ਇਸ ਦਾ ਅਰਥ ਕੀ ਹੈ? ਕਦੀ ਸੋਚਿਆ ਆਪ ਜੀ ਨੇ? … ਨਹੀਂ ਸੋਚਿਆ।
ਪਹਿਲੀ ਗੱਲ ਹੈ: ‘ਸਰਬੱਤ ਦਾ ਭਲਾ‘ ਕਿਸੇ ਵੀ ਬਾਣੀ ਵਿੱਚ ਨਹੀਂ ਲਿਖਿਆ ਹੋਇਆ ਅਤੇ ‘ਸ੍ਰੀ ਮੁਖ ਵਾਕ‘ ਵੀ ਨਹੀਂ ਹੈਗਾ। ਦੂਸਰੀ ਗੱਲ ਹੈ: ਜੇ ‘ਸਰਬੱਤ ਦਾ ਭਲਾ‘ ਗੁਰੂ ਜੀ ਦਾ ਹੁਕਮ ਹੈਗਾ ਵੀ ਹੈ, ਤਾਂ ਸਾਡੇ ਨਿਰਧਨ ਸਿੱਖ ਵੀਰ ‘ਸਰਬੱਤ ਦੇ ਭਲੇ‘ ਵਿੱਚ ਕਿਉਂ ਨਹੀਂ ਆਉਂਦੇ? ਕੀ ਸਿੱਖਾਂ ਨੂੰ ਛੱਡ ਕੇ ਹੀ, ਬਾਕੀ ਸਾਰੇ ‘ਸਰਬੱਤ‘ ਹਨ? ਕੀ ਕਰੋੜਾਂ ਲੋੜਵੰਦ ਸਿੱਖ, ਜਿਹੜੇ ਪਰਸ਼ਾਦੇ ਤੋਂ ਵੀ ਤੰਗ ਹਨ, ਜਿਹਨਾਂ ਦੇ ਸਿਰ ਉੱਤੇ ਛੱਤ ਨਹੀਂ ਹੈਗੀ; ਕੀ ਉਹ ‘ਸਰਬੱਤ‘ ਵਿੱਚ ਨਹੀਂ ਆਉਂਦੇ? ਕੀ ਗ਼ੈਰ-ਸਿੱਖ ਬਹੁਤੇ ‘ਸਰਬੱਤ‘ ਵਿੱਚ ਆਉਂਦੇ ਹਨ? ਕੀ ਆਪਣੇ ਨਿਰਧਨ ਸਿੱਖ ਵੀਰਾਂ ਨੂੰ ਛੱਡ ਕੇ, ਗ਼ੈਰ ਸਿੱਖਾਂ ਨੂੰ ਦਾਨ ਦੇਣਾ; ਸਰਬੱਤ ਦਾ ਭਲਾ ਹੈ ਜਾਂ ਕਾਣੀ ਵੰਡ?
ਜੋ ਸਿੱਖ; ਆਪਣੇ ਸਿੱਖ ਵੀਰਾਂ ਨੂੰ ਛੱਡ ਕੇ, ‘ਸਰਬੱਤ ਦੇ ਭਲੇ‘ ਦੀ ਓਟ ਵਿੱਚ; ਗ਼ੈਰ-ਸਿੱਖਾਂ ਨੂੰ ਪਹਿਲ ਦੇ ਆਧਾਰ ਉੱਤੇ ਦਾਨ ਕਰਦੇ ਹਨ। ਅਸਲ ਵਿੱਚ ਉਹ ਸਰਬੱਤ ਦਾ ਭਲਾ ਨਹੀਂ ਕਰਦੇ, ਉਹ ਤਾਂ ਕਾਣੀ ਵੰਡ ਕਰਦੇ ਹਨ। ਕਿਉਂਕਿ ਸ੍ਰੀ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਹੈ-
ਦਾਨ ਦਯੋ ਇਨਹੀ ਕੋ ਭਲੋ,
ਅਰੁ ਆਨ ਕੋ ਦਾਨ ਨ ਲਾਗਤ ਨੀਕੋ॥
ਆਗੈ ਫਲੈ ਇਨਹੀ ਕੋ ਦਯੋ, ਜਗ ਮੈ ਜਸੁ,
ਅਉਰ ਦਯੋ ਸਭ ਫੀਕੋ॥
(ਖ਼ਾਲਸਾ ਮਹਿਮਾ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ)
ਭਾਵ:- ਸਿੱਖਾਂ ਵੱਲੋਂ ਸਿੱਖਾਂ ਨੂੰ ਦਿੱਤਾ ਦਾਨ ਹੀ ਮੈਨੂੰ ਚੰਗਾ ਲੱਗਦਾ ਹੈ, ਕਿਸੇ ਹੋਰ ਨੂੰ ਦਿੱਤਾ ਦਾਨ, ਮੈਨੂੰ ਚੰਗਾ ਨਹੀਂ ਲੱਗਦਾ ਅਤੇ ਗੁਰਸਿੱਖਾਂ ਨੂੰ ਕੀਤਾ ਦਾਨ ਹੀ ਪਰਲੋਕ ਵਿੱਚ ਫਲੇਗਾ; ਗ਼ੈਰ-ਸਿੱਖਾਂ ਨੂੰ ਦਿੱਤਾ ਦਾਨ ਨਿਹਫਲ ਹੋਵੇਗਾ। ਜਿਹੜਾ ਸਿੱਖਾਂ ਨੂੰ ਦਾਨ ਕਰੇਗਾ, ਜੱਗ ਵਿੱਚ ਵੀ ਉਸ ਦਾ ਹੀ ਜਸ ਹੋਵੇਗਾ।
ਆਦਿ ਬਾਣੀ, ਦਸਮ ਬਾਣੀ ਅਤੇ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ “ਸਿੱਖਾਂ ਨੂੰ ਛੱਡ ਕੇ ਗ਼ੈਰ-ਸਿੱਖਾਂ ਨੂੰ ਦਾਨ ਕਰੋ”। ਇਸੇ ਕਰ ਕੇ ਸਿੱਖਾਂ ਦੁਆਰਾ ਸਿੱਖਾਂ ਨੂੰ ਹੀ ਦਾਨ ਕਰਨ ਦਾ ਅਤੇ ਸਿੱਖਾਂ ਦੀ ਹੀ ਸੇਵਾ ਕਰਨ ਦਾ ਫਲ, ਸ੍ਰੀ ਸਤਿਗੁਰੂ ਰਾਮਦਾਸ ਜੀ ਨੇ ਆਪਣੀ ਰਸਨਾ ਤੋਂ ਬਾਣੀ ਵਿੱਚ ਲਿਖਿਆ ਹੈ:- “ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ”। ਭਾਵ:- ਗੁਰਸਿੱਖਾਂ ਦੇ ਅੰਦਰ ਗੁਰੂ ਵਸਦਾ ਹੈ। ਜੋ ਵੀ ਗੁਰਸਿੱਖਾਂ ਨੂੰ ਪ੍ਰੇਮ ਨਾਲ ਭੋਜਨ ਛਕਾਉਂਦਾ ਹੈ, ਉਸ ਉੱਤੇ ਗੁਰੂ ਪ੍ਰਸੰਨ ਹੁੰਦਾ ਹੈ। ਗੁਰੂ ਦੀ ਪ੍ਰਸੰਨਤਾ ਨਾਲ ਸਿੱਖ ਦੀ ਹਰ ਮਨੋਕਾਮਨਾ ਪੂਰੀ ਹੁੰਦੀ ਹੈ।
ਇਸ ਲਈ ਸਿੱਖ ਭਰਾਵੋ, ਕੇਵਲ ਗ਼ੈਰ-ਸਿੱਖ ਅਤੇ ਗ਼ੈਰ-ਭਾਰਤੀ ਹੀ ‘ਸਰਬੱਤ‘ ਵਿੱਚ ਨਹੀਂ ਆਉਂਦੇ; ਨਿਰਧਨ, ਲੋੜਵੰਦ ਸਿੱਖ ਵੀ ‘ਸਰਬੱਤ‘ ਵਿੱਚ ਹੀ ਹਨ। ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਪੰਥ ਦੀਆਂ ਵੱਡੀਆਂ ਅੰਤਰਰਾਸ਼ਟਰੀ ਸੰਸਥਾਵਾਂ ਚਲਾਉਣ ਵਾਲੇ ਸੱਜਣ, ਤਸਵੀਰਾਂ ਖਿਚਵਾ ਕੇ ਆਪਣੀ ਸੋਭਾ ਵਾਸਤੇ ਅਤੇ ਆਪਣੇ ਖਰਚੇ ਚਲਾਉਣ ਵਾਸਤੇ, ਜਿੱਥੇ ਵਿਦੇਸ਼ੀ ਮੀਡੀਆ ਜਾ ਰਿਹਾ ਹੋਵੇ; ਉੱਥੇ ਜਾ ਕੇ ਗ਼ੈਰ-ਸਿੱਖਾਂ ਨੂੰ ਦਾਨ ਕਰਦੇ ਹਨ ਅਤੇ ਵਿਦੇਸ਼ੀ ਮੀਡੀਆ ਦੇ ਵਿੱਚ ਆਪਣੀ ਸੋਭਾ ਕਰਵਾਉਂਦੇ ਹਨ। ਇਹ ਵੱਖਰੀ ਗੱਲ ਹੈ ਕਿ ਉਹ ਜਦੋਂ ਆਪਣੀ ਸੋਭਾ ਕਰਵਾਉਂਦੇ ਹਨ; ਉਸ ਵਿੱਚ ਸਿੱਖ ਪੰਥ ਦਾ ਵੀ ਜਸ ਹੋ ਜਾਂਦਾ ਹੈ ਪਰੰਤੂ ਸਿਰਫ਼ ਜਸ ਹੋਣ ਨਾਲ ਕਿਸੇ ਗਰੀਬ ਸਿੱਖ ਦਾ ਪੇਟ ਨਹੀਂ ਭਰਦਾ। ਅਸਾਡੇ ਕਰੋੜਾਂ ਸਿੱਖ ਵੀਰ, ਐਸ ਵੇਲੇ ਪਰਸ਼ਾਦੇ ਤੋਂ ਵੀ ਤੰਗ ਬੈਠੇ ਹਨ, ਸਿਰ ਉੱਤੇ ਛੱਤ ਨਹੀਂ, ਬੱਚਿਆਂ ਨੂੰ ਪੜ੍ਹਾਉਣ ਜੋਗੇ ਪੈਸੇ ਨਹੀਂ ਹੈਗੇ ਅਤੇ ਅਸੀਂ ‘ਸਰਬੱਤ ਦਾ ਭਲਾ‘ ਆਖ ਕੇ ਗ਼ੈਰ-ਸਿੱਖਾਂ ਨੂੰ ਦਾਨ ਕਰੀ ਜਾਂਦੇ ਹਾਂ। ਇਹ ਕਿੱਧਰ ਦੀ ਸਿੱਖੀ ਹੈ? ਸਿੱਖਾਂ ਦਾ ਪੈਸਾ, ਸਿੱਖਾਂ ਤੋਂ ਇਕੱਠਾ ਕਰਕੇ, ਗ਼ੈਰ-ਸਿੱਖਾਂ ਨੂੰ ਵੰਡਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜੋ ਸੱਜਣ ਸਿੱਖਾਂ ਦਾ ਪੈਸਾ; ਨਿਰਧਨ ਸਿੱਖਾਂ ਨੂੰ ਛੱਡ ਕੇ, ਗ਼ੈਰ-ਸਿੱਖਾਂ ਨੂੰ ਵੰਡਦੇ ਹਨ, ਉਹ ਮਹਾਂ ਪਾਪ ਕਰਦੇ ਹਨ।
‘ਸਰਬੱਤ ਦਾ ਭਲਾ‘ ਦਾ ਅਰਥ ਹੈ: ਸਿੱਖਾਂ ਵਿਚਲੀ ਧੜੇਬੰਦੀ, ਜਾਤੀਵਾਦ ਆਦਿ ਦੇ ਆਪਸੀ ਭੇਦ-ਭਾਵ ਤੋਂ ਉੱਤੇ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਨਿਰਧਨ ਸਿੱਖ ਵੀਰਾਂ ਨੂੰ ਸਮਰਿੱਧ ਕਰਨਾ। ਗੁਰੂ ਕੇ ਲੰਗਰ ਵਿੱਚੋਂ ਚਾਹੇ ਕੋਈ ਵੀ ਪ੍ਰਸ਼ਾਦਾ ਛਕ ਜਾਵੇ, ਉਸ ਤੋਂ ਸਾਨੂੰ ਕੋਈ ਆਪੱਤੀ ਨਹੀਂ ਪਰੰਤੂ ਸਿੱਖ ਦਾ ਵੱਡਾ ਦਾਨ, ਪਹਿਲਾਂ ਆਪਣੇ ਨਿਰਧਨ ਸਿੱਖ ਵੀਰਾਂ ਨੂੰ ਹੋਣਾ ਚਾਹੀਦਾ ਹੈ। ਜਦੋਂ ਆਪਣੇ ਸਿੱਖ ਵੀਰ ਸਮਰਿੱਧ ਹੋ ਜਾਣਗੇ, ਫਿਰ ਦੂਸਰਿਆਂ ਨੂੰ ਵੀ ਦਾਨ ਕਰ ਲਵਾਂਗੇ।
ਇਸ ਕਰਕੇ, ਸਾਰੇ ਸਿੱਖ ਪੰਥ ਨੂੰ ਅਤੇ ਸਾਰੀਆਂ ਸਿੱਖ ਸੰਸਥਾਵਾਂ ਨੂੰ ਮੇਰੀ ਬੇਨਤੀ ਹੈ ਕਿ ‘ਸਰਬੱਤ ਦਾ ਭਲਾ‘ ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ‘ ਦੀ ਓਟ ਵਿੱਚ ਨਿਰਧਨ ਸਿੱਖਾਂ ਨਾਲ ਕਾਣੀ-ਵੰਡ ਨਾ ਕਰੋ, ਉਹਨਾਂ ਨੂੰ ਦਾਨ ਤੋਂ ਵੰਚਿਤ ਨਾ ਰੱਖੋ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸਭ ਤੋਂ ਪਹਿਲਾਂ ਸਾਰੇ ਨਿਰਧਨ ਸਿੱਖਾਂ ਨੂੰ ਸੰਭਾਲੋ। ਸਿੱਖਾਂ ਨੂੰ ਦਾਨ ਕਰੋ ਅਤੇ ਉਹਨਾਂ ਦੀ ਹਰ ਯੋਗ ਲੋੜ ਪੂਰੀ ਕਰੋ। ਗੁਰੂ ਜੀ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨਗੇ।