ਭਗਤ ਸਿੰਘ ਦੇ ਨਾਂ ‘ਤੇ ਸਿਆਸਤਦਾਨ ਸਿਰਫ਼ ਰੋਟੀਆਂ ਸੇਕਦੇ ਹਨ: ਡਾ. ਕਾਲੀਆ

0
35

ਐਡਮਿੰਟਨ : ਭਗਤ ਸਿੰਘ ਦੇ ਨਾਂ ‘ਤੇ ਸਿਆਸਤਦਾਨ ਕੇਵਲ ਰੋਟੀਆਂ ਸੇਕਦੇ ਹਨ, ਆਪਣਾ ਵੋਟ ਬੈਂਕ ਪੱਕਾ ਕਰਦੇ ਹਨ ਪਰ ਉਸ ਦੀ ਸੋਚ ਨੂੰ ਅਸਲੀ ਜਾਮਾ ਪਹਿਨਾਉਣ ਤੋਂ ਡਰਦੇ ਹਨ। ਇਹ ਪ੍ਰਗਟਾਵਾ ਸੀਨੀਅਰ ਪੱਤਰਕਾਰ ਤੇ ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਦੇ ਪ੍ਰਧਾਨ ਡਾ. ਪੀ ਆਰ ਕਾਲੀਆ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ 116ਵੀਂ ਜਨਮ ਬਰਸੀ ਦੇ ਸੰਬੰਧ ‘ਚ ਕੀਤੇ ਗਏ ਵਿਸ਼ੇਸ਼ ਸਮਾਗਮ ਦੌਰਾਨ ਕਹੇ। ਇਹ ਸਮਾਗਮ ਸੀਨੀਅਰ ਸਿਟੀਜਨ ਸੁਸਾਇਟੀ ਆਫ਼ ਰਿਟਾ ਐਂਡ ਸੈਮੀ ਰਿਟਾ ਸੰਸਥਾ ‘ਚ ਕੀਤਾ ਗਿਆ ਹੈ। ਜਿਸ ‘ਚ ਭਗਤ ਸਿੰਘ ਦੀ ਫਿਲਾਸਫੀ, ਉਸ ਵੱਲੋਂ ਆਜ਼ਾਦੀ ਲਈ ਕੀਤੇ ਸੰਘਰਸ਼ ਨੂੰ ਲੈਕੇ ਡਾ. ਕਾਲੀਆ ਨੇ ਮੁੱਖ ਬੁਲਾਰੇ ਵੱਜੋ ਵਿਸ਼ੇਸ਼ ਤੌਰ ‘ਤੇ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਜੋਗਿੰਦਰ ਰੰਧਾਵਾ ਨੇ ਡਾ. ਜਗਤਾਰ ਦੀ ਰਚਨਾ

“ਉਂਗਲਾਂ ਡੁੱਬੋ ਲਹੂ ‘ਚ, ਲਿਖਿਆ ਹੈ ਨਾਮ ਤੇਰਾ

ਹਰ ਮੋੜ ਤੇ ਸਲੀਬਾਂ, ਹਰ ਮੋੜ ਤੇ ਹਨੇਰਾ

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਵੇਖ ਜੇਰਾ” ਪੇਸ਼ ਕਰਕੇ ਖੂਬ ਵਾਹ ਵਾਹ ਖੱਟੀ।

ਇਸ ਪ੍ਰੋਗਰਾਮ ਦਾ ਦੂਜਾ ਪੜਾਅ ਸੀ ਬਹੁ ਭਾਸ਼ਾਈ ਕਵੀ ਦਰਬਾਰ ਜਿਸ ਵਿਚ ਸ਼੍ਰੋਮਣੀ ਪੁਰਸਕਾਰ ਵਿਜੇਤਾ ਸ਼ਾਇਰ ਕੇਸਰ ਸਿੰਘ ਨੀਰ , ਇਕਬਾਲ ਖਾਨ, ਗੁਰਤੇਜ, ਸੋਨੀ ਢਿੱਲੋ, ਹਰਿੰਦਰ ਹੁੰਦਲ , ਸੇਵਕ ਢਿੱਲੋ, ਬਖਸ਼ ਸੰਘਾ, ਪਵਿੱਤਰ ਧਾਲੀਵਾਲ, ਦਲਬੀਰ ਸਾਂਗਿਆਨ ਸਮੇਤ ਦਰਜਨਾਂ ਕਵੀਆਂ ਨੇ ਇਨਕਲਾਬੀ ਰੰਗ ‘ਚ ਰੰਗੀਆਂ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ‘ਤੇ ਸੋਹਣ ਪੂਨੀ ਦੀ ਪੁਸਤਕ ‘ਯਾਦਾਂ ਬੰਗੇ ਦੀਆਂ” ਰਿਲੀਜ਼ ਕੀਤੀ ਗਈ।ਜਿਸ ਨੂੰ ਰਿਲੀਜ਼ ਕਰਨ ਦੀ ਰਸਮ ਪ੍ਰਧਾਨਗੀ ਮੰਡਲ ‘ਚ ਸੁਸ਼ੋਬਿਤ ਡਾ. ਪੀ ਆਰ ਕਾਲੀਆ, ਕੇਸਰ ਸਿੰਘ ਨੀਰ ਤੇ ਬਲਬੀਰ ਸਿੰਘ ਨੇ ਸਾਂਝੇ ਤੌਰ ‘ਤੇ ਨਿਭਾਈ। ਭਗਤ ਸਿੰਘ ਦਾ ਫਿਲਾਸਫੀ ਤੋਂ ਲੋਕਾਂ ਨੂੰ ਜਾਣੋ ਕਰਵਾਉਣ ਲਈ ਤੇ ਉਸ ਵੱਲੋਂ ਕੀਤੇ ਸੰਘਰਸ਼ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਐਡਮਿੰਡਨ ਤੋਂ ਕਰਵਾਇਆ ਸਮਾਗਮ ਪ੍ਰਭਾਵਸ਼ਾਲੀ ਰਿਹਾ।