ਸਾਬਕਾ ਡੀ.ਆਈ.ਜੀ. ਕੁਲਤਾਰ ਸਿੰਘ ਤੇ ਇਕ ਡੀ. ਐਸ. ਪੀ. ਸਮੇਤ ਪੰਜ ਜਣਿਆਂ ਨੂੰ ਕੈਦ ਦੀ ਸਜ਼ਾ

0
394

ਇਕ ਪਰਿਵਾਰ ਦੇ ਪੰਜ ਜੀਆਂ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ

ਅੰਮਿ੍ਰਤਸਰ-ਸਾਲ 2004 ਵਿੱਚ ਪਰਿਵਾਰ ਦੇ ਪੰਜ ਜੀਆਂ ਵਲੋਂ ਖੁਦਕੁਸ਼ੀ ਕਰਨ ਦੀ ਵਾਪਰੀ ਘਟਨਾ ਦੇ ਮਾਮਲੇ ਵਿਚ ਸਥਾਨਕ ਅਦਾਲਤ ਨੇ ਪੰਜਾਬ ਪੁਲੀਸ ਦੇ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਮੇਤ ਪੰਜ ਜਣਿਆਂ ਨੂੰ ਅੱਠ ਸਾਲ ਦੀ ਕੈਦ ਅਤੇ ਇਕ ਮੌਜੂਦਾ ਡੀ ਐੱਸ ਪੀ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅੱਠ ਸਾਲ ਦੀ ਕੈਦ ਭੁਗਤਣ ਵਾਲਿਆਂ ਨੂੰ 23-23 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ, ਜਿਸ ਦਾ ਭੁਗਤਾਨ ਨਾ ਹੋਣ ਦੀ ਸੂਰਤ ਵਿਚ ਇਕ ਸਾਲ ਹੋਰ ਕੈਦ ਕੱਟਣੀ ਪਵੇਗੀ। ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਤੋਂ ਇਲਾਵਾ ਸਬਰੀਨ ਕੌਰ, ਮਹਿੰਦਰ ਸਿੰਘ, ਪਰਮਿੰਦਰ ਕੌਰ ਤੇ ਪਲਵਿੰਦਰ ਪਾਲ ਸਿੰਘ ਨੂੰ ਅੱਠ-ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪਰਮਿੰਦਰ ਕੌਰ ਖੁਦਕੁਸ਼ੀ ਕਰਨ ਵਾਲੇ ਹਰਦੀਪ ਸਿੰਘ ਦੀ ਭੈਣ ਹੈ। ਮੌਜੂਦਾ ਡੀ ਐੱਸ ਪੀ ਹਰਦੇਵ ਸਿੰਘ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਹ ਇਸ ਵੇਲੇ ਜ਼ਿਲਾ ਤਰਨ ਤਾਰਨ ਵਿਚ ਤਾਇਨਾਤ ਹੈ। ਇਹ ਸਜ਼ਾ ਇੱਥੇ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸੁਣਾਈ ਗਈ। ਦੋ ਦਿਨ ਪਹਿਲਾਂ ਇਸੇ ਅਦਾਲਤ ਨੇ ਇਨਾਂ ਸਾਰਿਆਂ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ। ਦੱਸਣਯੋਗ ਹੈ ਕਿ 30-31 ਅਕਤੂਬਰ 2004 ਦੀ ਰਾਤ ਨੂੰ ਸ਼ਹਿਰ ਦੇ ਚਾਟੀਵਿੰਡ ਇਲਾਕੇ ਦੇ ਚੌਕ ਮੋਨੀ ਸਥਿਤ ਇਕ ਘਰ ਵਿਚ ਰਹਿੰਦੇ ਹਰਦੀਪ ਸਿੰਘ, ਉਸ ਦੀ ਪਤਨੀ ਰੋਮੀ, ਦੋ ਛੋਟੇ ਬੱਚੇ ਇਸ਼ਮੀਤ ਤੇ ਸਨਮੀਤ ਸਮੇਤ ਹਰਦੀਪ ਦੀ ਮਾਂ ਜਸਵੰਤ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਤੋਂ ਪਹਿਲਾਂ ਇਨਾਂ ਨੇ ਘਰ ਦੀਆਂ ਕੰਧਾਂ ‘ਤੇ ਖੁਦਕੁਸ਼ੀ ਨੋਟ ਲਿਖਿਆ ਸੀ, ਜਿਸ ਵਿਚ ਇਨਾਂ ਨੇ ਦੋਸ਼ੀ ਕਰਾਰ ਦਿੱਤੇ ਗਏ ਲੋਕਾਂ ‘ਤੇ ਜਬਰੀ ਪੈਸੇ ਵਸੂਲਣ, ਡਰਾਉਣ-ਧਮਕਾਉਣ, ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ ਸਨ। ਕੰਧ ‘ਤੇ ਇਹ ਵੀ ਲਿਖਿਆ ਸੀ ਕਿ ਦੋਸ਼ੀਆਂ ਵਿਚੋਂ ਇਕ ਉਸ ਨੂੰ ਆਪਣੇ ਪਿਤਾ ਦਾ ਕਾਤਲ ਦੱਸਦਾ ਹੈ ਅਤੇ ਆਪਣੇ-ਆਪ ਨੂੰ ਮੌਕੇ ਦਾ ਗਵਾਹ ਦੱਸ ਕੇ ਉਸ ਨੇ ਉਸ ਕੋਲੋਂ ਸਾਢੇ ਸੱਤ ਲੱਖ ਰੁਪਏ ਵਸੂਲੇ ਸਨ। ਜਦੋਂ ਉਹ ਹੋਰ ਤਿੰਨ ਲੱਖ ਰੁਪਏ ਦੇਣ ਵਿਚ ਅਸਫਲ ਰਿਹਾ ਤਾਂ ਉਸ ਨੇ ਇਸ ਬਾਰੇ ਪੁਲੀਸ ਨੂੰ ਦੱਸ ਦਿੱਤਾ। ਹਰਦੀਪ ਨੇ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀਆਂ ਨੇ ਵੀ ਉਸ ਨੂੰ ਡਰਾ-ਧਮਕਾ ਕੇ ਉਸ ਦਾ ਸ਼ੋਸ਼ਣ ਕੀਤਾ ਅਤੇ ਪੰਜ ਲੱਖ ਰੁਪਏ ਲੈ ਲਏ ਜਦੋਂਕਿ ਉਸ ਦੇ ਪਿਤਾ ਦੀ ਮੌਤ ਅਚਨਚੇਤੀ ਵਾਪਰੇ ਹਾਦਸੇ ਵਿਚ ਹੋਈ ਸੀ।