ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਨਾਲ ਬਦਸਲੂਕੀ ਕਰਨ ਵਾਲਾ ਡਰਾਈਵਰ ਗਿ੍ਰਫ਼ਤਾਰ

0
63

ਨਵੀਂ ਦਿੱਲੀ (ਦਿਓਲ)-ਦਿੱਲੀ ਪੁਲੀਸ ਨੇ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨਾਲ ਕਥਿਤ ਬਦਸਲੂਕੀ ਕਰਨ ਵਾਲੇ ਕਾਰ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਲੀਵਾਲ ਨੇ ਦਾਅਵਾ ਕੀਤਾ ਸੀ ਕਿ ਸਵੇਰੇ ਵੱਡੇ ਤੜਕੇ ਕੌਮੀ ਰਾਜਧਾਨੀ ਵਿੱਚ ਕਾਰ ਚਾਲਕ ਨੇ ਉਸ ਨਾਲ ‘ਬਦਸਲੂਕੀ‘ ਕੀਤੀ ਤੇ ਮਗਰੋਂ ਕਾਰ ਉਸ ਨੂੰ ਕੁਝ ਦੂਰ ਤੱਕ ਘੜੀਸਦੀ ਲੈ ਗਈ। ਮਾਲੀਵਾਲ ਮੁਤਾਬਕ ਇਹ ਪੂਰਾ ਘਟਨਾਕ੍ਰਮ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਵਾਪਰਿਆ। ਮੁਲਜ਼ਮ ਕਾਰ ਚਾਲਕ ਦੀ ਪਛਾਣ ਹਰੀਸ਼ ਚੰਦਰ ਵਾਸੀ ਸੰਗਮ ਵਿਹਾਰ ਵਜੋਂ ਹੋਈ ਹੈ ਤੇ ਘਟਨਾ ਮੌਕੇ ਉਹ ਨਸ਼ੇ ਦੀ ਹਾਲਤ ‘ਚ ਸੀ। ਡੀਸੀਪੀ (ਦੱਖਣੀ) ਚੰਦਨ ਚੌਧਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਮਾਲੀਵਾਲ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਉਹ ਤੇ ਉਨ੍ਹਾਂ ਦੀ ਟੀਮ ਅੱਜ ਵੱਡੇ ਤੜਕੇ ਪੌਣੇ ਤਿੰਨ ਵਜੇ ਦੇ ਕਰੀਬ ਏਮਸ ਦੇ ਬਾਹਰ ਖੜ੍ਹੇ ਸਨ। ਇਸ ਦੌਰਾਨ ਉਨ੍ਹਾਂ ਦੇ ਕੋਲ ਇਕ ਸਫ਼ੇਦ ਰੰਗ ਦੀ ਕਾਰ ਆ ਕੇ ਰੁਕੀ, ਜਿਸ ਵਿੱਚ ਬੈਠੇ ਡਰਾਈਵਰ ਨੇ ਪਹਿਲਾਂ ਉਨ੍ਹਾਂ ਨੂੰ ‘ਭੱਦੇ ਇਸ਼ਾਰੇ‘ ਕੀਤੇ ਤੇ ਮਗਰੋਂ ਧੱਕੇ ਨਾਲ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਮਾਲੀਵਾਲ ਨੇ ਡਰਾਈਵਰ ਦੀ ਝਾੜਝੰਬ ਕੀਤੀ ਤਾਂ ਉਹ ਉਥੋਂ ਚਲਾ ਗਿਆ। ਪੁਲੀਸ ਨੇ ਕਿਹਾ ਕਿ ਮਾਲੀਵਾਲ ਦੇ ਦਾਅਵੇ ਮੁਤਾਬਕ ਇਹ ਕਾਰ ਚਾਲਕ ਥੋੜ੍ਹੀ ਦੇਰ ਬਾਅਦ ਵਾਪਸ ਆਇਆ ਤੇ ਫਿਰ ਉਸੇ ਤਰ੍ਹਾਂ ਇਸ਼ਾਰੇ ਕਰਨ ਲੱਗਾ। ਮਾਲੀਵਾਲ ਮੁਤਾਬਕ ਇਹ ਪੂਰੀ ਘਟਨਾ ਵਾਪਰਨ ਮੌਕੇ ਉਹ ਆਪਣੀ ਟੀਮ ਨਾਲ ਏਮਸ ਦੇ ਗੇਟ ਨੰਬਰ 2 ‘ਤੇ ਖੜ੍ਹੀ ਸੀ। ਮਾਲੀਵਾਲ ਦੀ ਸ਼ਿਕਾਇਤ ਅਨੁਸਾਰ ਉਹ ਫੁੱਟਪਾਥ ‘ਤੇ ਖੜ੍ਹੀ ਸੀ ਜਦੋਂ ਸਫ਼ੇਦ ਰੰਗ ਦੀ ਕਾਰ ਦੇ ਡਰਾਈਵਰ ਨੇ ਉਸ ਨੂੰ ਲਿਫਟ ਦੇਣ ਦੀ ਪੇਸ਼ਕਸ਼ ਕੀਤੀ ਤੇ ਕਾਰ ਵਿੱਚ ਬੈਠਣ ਲਈ ਜ਼ੋਰ ਪਾਉਣ ਲੱਗਾ। ਡੀਸੀਪੀ ਚੌਧਰੀ ਨੇ ਕਿਹਾ, ‘‘ਮਾਲੀਵਾਲ ਨੇ ਮੁੜ ਨਾਂਹ ਕੀਤੀ ਤੇ ਇਸ ਦੌਰਾਨ ਉਹ  ਡਰਾਈਵਰ ਦੀ ਝਾੜਝੰਬ ਕਰਨ ਲਈ ਉਸ ਵਾਲੇ ਪਾਸੇ ਗਈ। ਇਸ ਦੌਰਾਨ ਡਰਾਈਵਰ ਨੇ ਸ਼ੀਸ਼ਾ ਉਪਰ ਚੜ੍ਹਾਇਆ ਤਾਂ ਉਹਦਾ ਹੱਥ ਉਸ ‘ਚ ਫਸ ਗਿਆ। ਡਰਾਈਵਰ ਉਸ ਨੂੰ 10 ਤੋਂ 15 ਮੀਟਰ ਤੱਕ ਘੜੀਸਦਾ ਲੈ ਗਿਆ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 3:12 ਵਜੇ ਦੇ ਕਰੀਬ ਪੀਸੀਆਰ ਕਾਲ ਮਿਲੀ ਤੇ ਪੰਜ ਮਿੰਟਾਂ ਵਿੱਚ ਏਸੀਪੀ ਹੌਜ਼ ਖਾਸ ਸਣੇ ਪੁਲੀਸ ਟੀਮ ਮੌਕੇ ‘ਤੇ ਪੁੱਜ ਗਈ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।