ਜੈ ਇੰਦਰ ਕੌਰ ਤੇ ਕੈਬਨਿਟ ਮੰਤਰੀ ਜੌੜਾਮਾਜਰਾ ਵਿਚਾਲੇ ਤਿੱਖੀ ਬਹਿਸ

0
49

ਪਟਿਆਲਾ-ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਲਿਜਾਣ ਵਾਸਤੇ ਕਿਸ਼ਤੀਆਂ ਲੈਣ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਤੇ ਭਾਜਪਾ ਦੀ ਸੂਬਾ ਮੀਤ ਪ੍ਰਧਾਨ ਜੈ ਇੰਦਰ ਕੌਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਿਚਾਲੇ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਦੋਵੇਂ ਆਗੂ ਇੱਕ ਦੂਜੇ ਨੂੰ ‘ਤੂੰ-ਤੂੰ, ਮੈਂ-ਮੈਂ‘ ਕਰਦੇ ਵੀ ਸੁਣੇ ਗਏ। ਬਾਅਦ ਵਿੱਚ ਜੌੜਾਮਾਜਰਾ ਨੇ ਜੈ ਇੰਦਰ ਕੌਰ ‘ਤੇ ਹੜ੍ਹਾਂ ਲਈ ਵੰਡੀ ਜਾ ਰਹੀ ਸਰਕਾਰੀ ਰਾਹਤ ਕਾਰਜ ਵਿੱਚ ਵਿਘਨ ਪਾਉਣ ਦਾ ਦੋਸ਼ ਲਾਇਆ ਹੈ, ਜਦਕਿ ਜੈ ਇੰਦਰ ਕੌਰ ਦਾ ਕਹਿਣਾ ਸੀ ਕਿ ਮੰਤਰੀ ਵੱਲੋਂ ਹੜ੍ਹਾਂ ‘ਚ ਘਿਰੇ ਲੋਕਾਂ ਲਈ ਮੰਗੀ ਇੱਕ ਕਿਸ਼ਤੀ ਤੋਂ ਜਵਾਬ ਦੇਣ ਤੋਂ ਉਹ ਗੁੱਸੇ ਵਿੱਚ ਆ ਗਏ ਸਨ। ਇਹ ਘਟਨਾ ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਸੱਸਾ ਗੁੱਜਰਾਂ ਵਿੱਚ ਉਸ ਵੇਲੇ ਵਾਪਰੀ ਜਦੋਂ ਸਰਕਾਰੀ ਰਾਹਤ ਕਾਰਜ ਦੀ ਦੇਖ ਰੇਖ ਕਰ ਰਹੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਜੌੜਾਮਾਜਰਾ ਦੀ ਅਗਵਾਈ ਵਿੱਚ ਟਰੈਕਟਰ ਟਰਾਲੀ ਤੋਂ ਕਿਸ਼ਤੀਆਂ ਉਤਾਰਕੇ ਕੁਝ ਆਗੂਆਂ ਨੂੰ ਅੱਗੇ ਵੱਲ ਭੇਜਿਆ ਜਾ ਰਿਹਾ ਸੀ। ਉਸੇ ਵੇਲੇ ਉੱਥੇ ਪੁੱਜੇ ਜੈ ਇੰਦਰ ਕੌਰ ਨੇ ਇੱਕ ਕਿਸ਼ਤੀ ਆਪਣੇ ਵੱਲੋਂ ਸ਼ੁਰੂ ਕੀਤੇ ਰਾਹਤ ਕਾਰਜਾਂ ਵਾਸਤੇ ਲੈਣੀ ਚਾਹੀ। ਇਸ ਦੌਰਾਨ ਮੰਤਰੀ ਤੇ ਜੈ ਇੰਦਰ ਕੌਰ ਵਿਚਾਲੇ ਮਾਹੌਲ ਤਣਾਅਪੂਰਨ ਹੋ ਗਿਆ। ਜੈਇੰਦਰ ਕੌਰ ਦਾ ਕਹਿਣਾ ਸੀ ਕਿ ਉਨ੍ਹਾਂ ਕਿਸ਼ਤੀ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਣੇ ਹੋਰ ਅਧਿਕਾਰੀਆਂ ਨੂੰ ਕਈ ਵਾਰ ਫੋਨ ਕੀਤੇ ਹਨ, ਪ੍ਰੰਤੂ ਕੋਈ ਵੀ ਅਮਲ ਨਹੀਂ ਹੋਇਆ। ਜੈ ਇੰਦਰ ਕੌਰ ਨੇ ਕਿਸ਼ਤੀਆਂ ਦੀ ਢੋਆ-ਢੁਆਈ ਵਿੱਚ ਲੱਗੇ ਟਰੈਕਟਰ ਉੱਤੇ ਚੜ੍ਹ ਕੇ ਜਬਰੀ ਰੋਕਣ ਦੀ ਵੀ ਕੋਸ਼ਿਸ਼ ਕੀਤੀ। ਮੌਕੇ ਉੱਤੇ ਮੰਤਰੀ ਦਾ ਵੀ ਪਾਰਾ ਚੜ੍ਹ ਗਿਆ। ਜਦੋਂ ਜੈ ਇੰਦਰ ਨੇ ਗੁੱਸੇ ਵਿੱਚ ਜੌੜਾਮਾਜਰਾ ਨੂੰ ਪੁੱਛਿਆ ਕਿ ਤੁਸੀ ਕੌਣ ਹੋ? ਤਾਂ ਅੱਗੋਂ ਤੈਸ਼ ‘ਚ ਜਵਾਬ ਸੀ ਕਿ ‘ਮੈਂ ਮੰਤਰੀ ਹਾਂ‘, ਜੌੜਾਮਾਜਰਾ ਨੇ ਇਹ ਵੀ ਆਖਿਆ ਕਿ ਤੁਸੀਂ ਕਿਹੜੀ ਹੈਸੀਅਤ ਨਾਲ ਹੁਕਮ ਚਲਾ ਰਹੇ ਹੋ? ਕਿਉਂ ਵਿਘਨ ਪਾ ਰਹੇ ਹੋ? ਜੈਇੰਦਰ ਕੌਰ ਨੇ ਕਿਹਾ,‘‘ਤੁਸੀਂ ਕੁਝ ਨਹੀਂ ਕਰ ਰਹੇ, ਲੋਕ ਹੜ੍ਹ ‘ਚ ਡੁੱਬ ਰਹੇ ਹਨ, ਕੋਈ ਰਾਹਤ ਸਮੱਗਰੀ ਨਹੀਂ ਮਿਲ ਰਹੀ।‘‘ ਜਦੋਂ ਮੰਤਰੀ ਜੋੜਾਮਾਜਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਜੈ ਇੰਦਰ ਕੌਰ ਨੇ ਜਿਵੇ ਹੜ੍ਹਾਂ ਦੀ ਰਾਹਤ ਸਮੱਗਰੀ ਦੀ ਵੰਡ ਵੇਲੇ ਵਿਘਨ ਪਾਇਆ ਹੈ, ਉਹ ਠੀਕ ਨਹੀਂ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਹ ਹੜ੍ਹ ਸੇਵਾ ਦੇ ਨਾਂ ਉੱਤੇ ਸਿਆਸਤ ਕਰ ਰਹੇ ਹਨ, ਜਦਕਿ ਸਿਆਸਤ ਦਾ ਵੇਲਾ ਨਹੀਂ ਹੈ। ਜੈ ਇੰਦਰ ਕੌਰ ਨੇ ਆਖਿਆ ਕਿ ਉਹ ਇੱਕ ਕਿਸ਼ਤੀ ਦੀ ਮੰਗ ਕਰ ਰਹੇ ਸਨ, ਜਿਸ ਤੋਂ ਮੰਤਰੀ ਨੇ ਜਬਰੀ ਇਨਕਾਰ ਕਰ ਦਿੱਤਾ, ਜੋ ਕਿ ਸੱਤਾ ਦਾ ਹੰਕਾਰ ਹੈ। ਉਧਰ ਕੈਬਨਿਟ ਮੰਤਰੀ ਜੌੜਾਮਾਜਰਾ ਅੱਜ ਧਰਮਹੇੜੀ, ਨਵਾਂ ਗਾਉਂ, ਸੱਸਾ ਥੇਹ, ਸੱਸਾ ਗੁੱਜਰਾਂ, ਮਾਂਗਟਾਂ ਆਦਿ ਪਿੰਡਾਂ ਵਿੱਚ ਲੋਕਾਂ ਲਈ ਖਾਣ-ਪੀਣ ਤੇ ਹੋਰ ਸਮੱਗਰੀ ਅਤੇ ਪਸ਼ੂਆਂ ਲਈ ਚਾਰਾ ਆਦਿ ਲੈ ਕੇ ਗਏ।