ਪ੍ਰੋ: ਸਾਈਬਾਬਾ ਦੀ ਰਿਹਾਈ ਦੀ ਮੰਗ ਸਬੰਧੀ ਰੋਸ ਪ੍ਰਦਰਸ਼ਨ ਨੂੰ ਆਰ ਐਸ ਐਸ ਵਿੰਗ ਨੇ ਬਣਾਇਆ ਨਿਸ਼ਾਨਾ

0
75

-ਨਵੀਂ ਦਿੱਲੀ (ਦਿਓਲ)-ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਅਵੱਲਭਭਾਈ ਪਟੇਲ ਚੈਸਟ ਇੰਸਟੀਚਿਊਟ ਨੇੜੇ ਖੱਬੇ ਪੱਖੀ ਵਿਦਿਆਰਥੀ ਜਥੇਬੰਦੀ ਤੇ ਆਰਐੱਸਐੱਸ ਨਾਲ ਸਬੰਧਤ ਏਬੀਵੀਪੀ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਇਕ ਦਰਜਨ ਦੇ ਕਰੀਬ ਵਿਦਿਆਰਥੀ ਕਾਰਕੁਨ ਜ਼ਖ਼ਮੀ ਹੋ ਗਏ। ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਝਗੜਾ ਕਰਨ ਦਾ ਦੋਸ਼ ਲਾਇਆ ਹੈ। ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਕਿਹਾ ਕਿ ਉਸ ਨੇ ਮੌਰਿਸ ਨਗਰ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕੀਤੀ ਹੈ। ਜਾਣਕਾਰੀ ਅਨੁਸਾਰ ਭਗਤ ਸਿੰਘ ਛਾਤਰਾ ਏਕਤਾ ਮੰਚ (ਬੀਐੱਸਸੀਈਐੱਮ) ਨੇ ਪ੍ਰੋਫੈਸਰ ਜੀ.ਐੱਨ.ਸਾਈਬਾਬਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਕ ਪ੍ਰੋਗਰਾਮ ਉਲੀਕਿਆ ਸੀ। ਜਥੇਬੰਦੀ ਨੇ ਦਾਅਵਾ ਕੀਤਾ ਕਿ ਉਨਾਂ ਦੇ ਮੈਂਬਰ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਪ੍ਰੋ.ਸਾਈਬਾਬਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਮਨ-ਅਮਾਨ ਨਾਲ ਪਰਚੇ ਵੰਡ ਰਹੇ ਸਨ ਕਿ ਏਬੀਵੀਪੀ ਦੇ ਮੈਂਬਰਾਂ ਨੇ ਉਨਾਂ ’ਤੇ ਹਮਲਾ ਕਰ ਦਿੱਤਾ। ਬੀਐੱਸਸੀਈਐੱਮ ਨੇ ਕਿਹਾ ਕਿ ਹਮਲੇ ਦੌਰਾਨ ਉਸ ਦੇ ਛੇ ਮੈਂਬਰ ਜ਼ਖ਼ਮੀ ਹੋ ਗਏ ਜਦੋਂਕਿ ਏਬੀਵੀਪੀ ਨੇ ਵੀ ਆਪਣੇ ਕੁਝ ਮੈਂਬਰਾਂ ਦੇ ਸੱਟਾਂ ਲੱਗਣ ਦਾ ਦਾਅਵਾ ਕੀਤਾ ਹੈ। ਭਗਤ ਸਿੰਘ ਛਾਤਰਾ ਏਕਤਾ ਮੰਚ ਨੇ ਬਿਆਨ ਵਿੱਚ ਕਿਹਾ, ‘‘ਅਸੀਂ  ਸਵੇਰ ਤੋਂ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਕੈਂਪਸ ਵਿੱਚ ਜੀਐੱਨ ਸਾਈਬਾਬਾ ਦੀ ਰਿਹਾਈ ਦੀ ਮੰਗ ਨੂੰ ਲੈ ਪਰਚੇ ਵੰਡ ਰਹੇ ਸੀ ਕਿ ਏਬੀਵੀਪੀ ਨੇ ਪਟੇਲ ਚੈਸਟ ਵਿਖੇ ਇਕੱਤਰ ਵਿਦਿਆਰਥੀਆਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਬੀਐੱਸਸੀਈਐੱਮ ਮੈਂਬਰਾਂ ਦੇ ਸੱਟਾਂ ਲੱਗੀਆਂ।’’ ਜਥੇਬੰਦੀ ਨੇ ਦਾਅਵਾ ਕੀਤਾ ਕਿ ਜ਼ਖ਼ਮੀ ਵਿਦਿਆਰਥੀ ਇਲਾਜ ਲਈ ਹਿੰਦੂ ਰਾਓ ਹਸਪਤਾਲ ਗਏ ਤਾਂ ਏਬੀਵੀਪੀ ਮੈਂਬਰਾਂ ਨੇ ਉਨਾਂ ਨੂੰ ਘੇਰ ਲਿਆ। ਬੀਐੱਸਸੀਈਐੱਮ ਨੇ ਕਿਹਾ, ‘‘ਉਨਾਂ ਜ਼ਖ਼ਮੀਆਂ ਨੂੰ ਇਲਾਜ ਲੈਣ ਤੋਂ ਰੋਕਿਆ ਤੇ ਹਸਪਤਾਲ ਵਿੱਚ ਜੰਮ ਕੇ ਹੁੱਲੜਬਾਜ਼ੀ ਕੀਤੀ।’’ ਉਧਰ ਏਬੀਵੀਪੀ ਨੇ ਕਿਹਾ ਕਿ ਬੀਐੱਸਸੀਈਐੱਮ ਨੇ ਉਨਾਂ ਦੀ ਜਥੇਬੰਦੀ ਦੀਆਂ ਮਹਿਲਾ ਕਾਰਕੁਨਾਂ ਨਾਲ ਕਥਿਤ ਬਦਸਲੂਕੀ ਕੀਤੀ ਤੇ ਫਬਤੀਆਂ ਕੱਸੀਆਂ।’’