ਕਿੰਨਾ ਜ਼ਰੂਰੀ ਹੈ ਔਰਤ ਲਈ ਗਿਆਨਵਾਨ ਹੋਣਾ

0
172

ਅਕਸਰ ਅਸੀਂ ਠੋਕਰ ਖਾਣ ਤੋਂ ਬਾਅਦ ਹੀ ਜਾਗਦੇ ਹਾਂ। ਤੁਹਾਡੀ ਜ਼ਿੰਦਗੀ ਦਾ ਅਸਲ ਮਨੋਰਥ ਤਾਂ ਤੁਹਾਡਾ ਗਿਆਨਵਾਨ ਹੋਣਾ ਹੀ ਹੈ, ਕਿਉਂਕਿ ਜ਼ਿੰਦਗੀ ਦੇ ਬਾਕੀ ਮਨੋਰਥ ਤਾਂ ਤੁਹਾਡੇ ਗਿਆਨਵਾਨ ਹੋਣ ਤੋਂ ਬਾਅਦ ਹੀ ਪੂਰੇ ਹੁੰਦੇ ਹਨ। ਅਸਲ ਵਿਚ ਸਾਡੀ ਜ਼ਿੰਦਗੀ ਦੀਆਂ ਜ਼ਿਆਦਾਤਰ ਸਮੱਸਿਆਵਾਂ ਸਾਡੀ ਸੋਚ ਅਤੇ ਦਿਮਾਗ ਦੇ ਅੰਦਰ ਹੀ ਹਨ ਅਤੇ ਇਨਾਂ ਦਾ ਹੱਲ ਵੀ ਸਾਡੀ ਸੋਚ ਅਤੇ ਦਿਮਾਗ ਦੇ ਅੰਦਰ ਹੀ ਹੈ। ਅਗਿਆਨਤਾ ਹਰ ਸਮੱਸਿਆ ਦੀ ਜੜ ਹੈ। ਕਿਸੇ ਵੀ ਔਰਤ ਦੀ ਜ਼ਿੰਦਗੀ ਦਾ ਕਮਜ਼ੋਰ ਪੱਖ ਉਸ ਦੀ ਅਗਿਆਨਤਾ ਹੈ। ਤੁਹਾਡਾ ਵਕਤ ਜਾਂ ਹਾਲਾਤ ਤੁਹਾਨੂੰ ਕਮਜ਼ੋਰ ਨਹੀਂ ਕਰਦੇ, ਬਲਕਿ ਤੁਹਾਡੇ ਵਹਿਮ-ਭਰਮ, ਭੁਲੇਖੇ ਅਤੇ ਅੰਧਵਿਸ਼ਵਾਸ ਹੀ ਤੁਹਾਡੀ ਸਮੱਸਿਆ ਅਤੇ ਕਮਜ਼ੋਰੀ ਦਾ ਕਾਰਨ ਬਣਦੇ ਹਨ। ਇਕ ਰੌਸ਼ਨ ਦਿਮਾਗ ਅਤੇ ਗਿਆਨਵਾਨ ਔਰਤ ਹੀ ਪਰਿਵਾਰ ਅਤੇ ਸਮਾਜ ਲਈ ਚਾਨਣ ਮੁਨਾਰਾ ਹੋ ਸਕਦੀ ਹੈ। ਕੋਈ ਵੀ ਵਿਅਕਤੀ ਇਕ ਸੀਮਾ ਤੱਕ ਹੀ ਤੁਹਾਡੀ ਮਦਦ ਕਰ ਸਕਦਾ ਹੈ, ਭਾਵੇਂ ਕਿ ਉਹ ਤੁਹਾਡੇ ਆਪਣੇ ਮਾਂ-ਬਾਪ ਹੀ ਕਿਉਂ ਨਾ ਹੋਣ। ਪਰ ਇਕ ਗਿਆਨ ਉਹ ਸਹਾਰਾ ਹੈ, ਜੋ ਸਾਰੀ ਉਮਰ ਤੁਹਾਡਾ ਸਾਥ ਦਿੰਦਾ ਹੈ।  ਅਗਿਆਨਤਾ ਖੜੋਤ ਹੈ, ਜਦਕਿ ਗਿਆਨ ਰਵਾਨਗੀ ਹੈ। ਦੁਨੀਆ ਦੇ ਇਤਿਹਾਸ ਵਿਚ ਜਿਸ ਦੇਸ਼ ਦੀ ਔਰਤ ਪੜੀ-ਲਿਖੀ ਅਤੇ ਗਿਆਨਵਾਨ ਹੈ, ਉਹੀ ਦੇਸ਼ ਅਮੀਰ ਅਤੇ ਖੁਸ਼ਹਾਲ ਹਨ। ਗਿਆਨਵਾਨ ਹੋਣਾ ਜ਼ਿੰਦਗੀ ਦਾ ਉਹ ਪੱਖ ਹੈ, ਜਿਸ ਨਾਲ ਜ਼ਿੰਦਗੀ ਦੇ ਸਾਰੇ ਪੱਖ ਜੁੜੇ ਹੋਏ ਹਨ। ਤੁਹਾਡੀ ਸੋਚ ਤੁਹਾਡੀ ਜ਼ਿੰਦਗੀ ਦਾ ਸੂਰਜ ਹੈ। ਅਗਿਆਨਤਾ ਤੋਂ ਮੁਕਤ ਹੋਣਾ ਹੀ ਅਸਲ ਆਜ਼ਾਦੀ ਹੈ। ਤੁਸੀਂ ਆਪਣੀ ਜ਼ਿੰਦਗੀ ਆਪ ਜਿਊਣਾ ਸਿੱਖੋ। ਜੇਕਰ ਤੁਹਾਡੇ ਵਿਚਾਰਾਂ ਵਿਚ ਮੌਲਿਕਤਾ ਨਹੀਂ ਤਾਂ ਤੁਹਾਡੀ ਗੱਲਬਾਤ ਵੀ ਦਿਲਚਸਪ ਨਹੀਂ ਹੋ ਸਕਦੀ। ਜੇਕਰ ਤੁਹਾਡੀ ਸੋਚ ਉਸਾਰੂ ਨਹੀਂ ਤਾਂ ਤੁਸੀਂ ਨਿਰਾਸ਼ਾ ਤੋਂ ਮੁਕਤ ਨਹੀਂ ਹੋ ਸਕਦੇ। ਜੇ ਤੁਹਾਡੇ ਕੋਲ ਜ਼ਿੰਦਗੀ ਜਿਉਣ ਦਾ ਸਲੀਕਾ ਨਹੀਂ ਤਾਂ ਤੁਸੀਂ ਕਿਸੇ ਨਾਲ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦੇ। ਜੇਕਰ ਤੁਹਾਡੇ ਕੋਲ ਜ਼ਿੰਦਗੀ ਦਾ ਕੋਈ ਟੀਚਾ ਜਾਂ ਮਨੋਰਥ ਨਹੀਂ ਹੈ ਤਾਂ ਤੁਸੀਂ ਭਟਕਣਾ ਤੋਂ ਬਚ ਨਹੀਂ ਸਕਦੇ। ਅਕਸਰ ਔਰਤਾਂ ਆਪਣੇ ਰੰਗ-ਰੂਪ ਬਾਰੇ, ਹੁਸਨ ਅਤੇ ਪਹਿਰਾਵੇ ਬਾਰੇ, ਚਮੜੀ ਅਤੇ ਦਮੜੀ ਬਾਰੇ ਜ਼ਿਆਦਾ ਚਿੰਤਤ ਹੁੰਦੀਆਂ ਹਨ ਪਰ ਉਹ ਆਪਣੇ-ਆਪ ਬਾਰੇ ਘੱਟ ਸੋਚਦੀਆਂ ਹਨ। ਆਤਮਨਿਰਭਰ ਬਣੋ, ਕਿਉਂਕਿ ਦੂਜਿਆਂ ਉੱਪਰ ਰੱਖੀਆਂ ਉਮੀਦਾਂ ਅਕਸਰ ਉਦਾਸ ਹੀ ਕਰਦੀਆਂ ਹਨ। ਗਿਆਨ ਦੇ ਲੜ ਲੱਗੋਗੇ ਤਾਂ ਲੋਕਾਂ ਦੇ ਪੈਰ ਫੜਨ ਦੀ ਲੋੜ ਨਹੀਂ ਪਵੇਗੀ। ਤੁਸੀਂ ਆਪਣੇ ਰਸਤੇ ਆਪ ਹੀ ਚੁਣੋ, ਕਿਉਂਕਿ ਤੁਹਾਡੇ ਤੋਂ ਜ਼ਿਆਦਾ ਤੁਹਾਨੂੰ ਕੋਈ ਵੀ ਨਹੀਂ ਜਾਣਦਾ। ਕਾਮਯਾਬੀ ਲਈ ਜਾਣ ਵਾਲੇ ਰਸਤੇ ਸਿੱਧੇ ਨਹੀਂ ਹੁੰਦੇ ਪਰ ਕਾਮਯਾਬੀ ਤੋਂ ਬਾਅਦ ਸਾਰੇ ਰਸਤੇ ਆਪਣੇ-ਆਪ ਸਿੱਧੇ ਹੋ ਜਾਂਦੇ ਹਨ। ਇਕ ਚੰਗੀ ਜ਼ਿੰਦਗੀ ਲਈ ਤੁਹਾਨੂੰ ਬੁਰੇ ਵਕਤ ਨਾਲ ਲੜਨਾ ਹੀ ਪਵੇਗਾ। ਉਨਾਂ ਲੋਕਾਂ ਤੋਂ ਬਚੋ, ਜੋ ਤੁਹਾਨੂੰ ਕੁਝ ਮਹੀਨਿਆਂ ਵਿਚ ਹੀ ਅਮੀਰ ਹੋਣ ਦਾ ਲਾਲਚ ਦਿੰਦੇ ਹਨ। ਤੁਹਾਨੂੰ ਆਪਣੇ ਟੀਚੇ ਦਾ ਗਿਆਨ ਹੋਣਾ ਜ਼ਰੂਰੀ ਹੈ। ਫਿਰ ਬਾਕੀ ਰਸਤੇ ਤਾਂ ਆਪਣੇ-ਆਪ ਹੀ ਲੱਭ ਜਾਂਦੇ ਹਨ। ਜਿਸ ਸਮਾਜ ਦੀ ਇਸਤਰੀ ਹੀ ਅਗਿਆਨਤਾ ਰੂਪੀ ਹਨੇਰੇ ਵਿਚ ਹੋਵੇ, ਉਹ ਸਮਾਜ ਤੰਦਰੁਸਤ ਨਹੀਂ ਹੋ ਸਕਦਾ।