ਸੁਰ ਸਾਧਨਾ ਤੇ ਸਾਹਿਤ ਸਿਰਜਣਾ ਦਾ ਖੂਬਸੂਰਤ ਸੁਮੇਲ ਤ੍ਰੈਲੋਚਨ ਲੋਚੀ

0
20

ਮੁਕਤਸਰ ਸ਼ਹਿਰ ਦਾ ਜੰਮਪਲ ਤ੍ਰੈਲੋਚਨ ਲੋਚੀ ਪਿਛਲੇ ਲੰਮੇਂ ਸਮੇਂ ਤੋਂ ਪੰਜਾਬ ਦੇ ਮਹਾਂਨਗਰ ਲੁਧਿਆਣੇ ਦਾ ਵਸਨੀਕ ਹੈ। ਉਸ ਦੀਆਂ ਖੂਬਸੂਰਤ ਕਾਵਿਕ ਰਚਨਾਵਾਂ ਕਵਿਤਾ, ਗ਼ਜ਼ਲ ਅਤੇ ਗੀਤ ਦੇ ਰੂਪ ਵਿਚ ਉਸ ਦੇ ਸੁਰੀਲੇ ਸੁਰਾਂ ਰਾਹੀਂ ਪੰਜਾਬੀ ਪਾਠਕਾਂ, ਸਰੋਤਿਆਂ ਦੇ ਮਨਾਂ ਨੂੰ ਬੇਹੱਦ ਟੁੰਬਦੀਆਂ ਹਨ। ਉਸ ਨੂੰ ਪੰਜਾਬੀ ਦੇ ਉੱਚ ਪੱਧਰੀ ਕਵੀ ਦਰਬਾਰਾਂ ਵਿਚ ਆਪਣਾ ਕਲਾਮ ਪੇਸ਼ ਕਰਨ ਦਾ ਫ਼ਖ਼ਰ ਹਾਸਲ ਹੈ। ਗੌਰਮਿੰਟ ਕਾਲਿਜ ਮੁਕਤਸਰ ਵਿਚ ਪੜ੍ਹਦਿਆਂ ਉਹ ਕ੍ਰਿਕਟ ਖਿਡਾਰੀ ਵੀ ਰਿਹਾ, ਨਾਟਕਾਂ ਦਾ ਪਿੱਠ ਵਰਤੀ ਗਾਇਕ ਵੀ ਅਤੇ ਅਦਾਕਾਰ ਵੀ ਰਿਹਾ। ਉਸ ਦਾ ਇਕ ਗ਼ਜ਼ਲ ਸੰਗ੍ਰਹਿ ‘ਦਿਲ ਦਰਵਾਜ਼ੇ‘ ਪ੍ਰਕਾਸ਼ਿਤ ਹੋਇਆ ਹੈ। ਪ੍ਰੋ: ਗੁਰਭਜਨ ਗਿੱਲ ਦੇ ਸ਼ਬਦਾਂ ਵਿਚ ‘ਤ੍ਰੈਲੋਚਨ ਲੋਚੀ ਸੰਧੂਰੀ ਅੰਬ ਵਾਂਗ ਮਹਿਕਦੇ ਕਲਾਮ ਦਾ ਸਿਰਜਕ ਹੈ ਅਤੇ ਸੁਰ ਸਾਧਨਾ ਤੇ ਸਾਹਿਤ ਸਿਰਜਣਾ ਦਾ ਖੂਬਸੂਰਤ ਸੁਮੇਲ ਹੈ‘। ਉਸ ਦੀਆਂ ਕੁਝ ਖੂਬਸੂਰਤ ਕਾਵਿ ਰਚਨਾਵਾਂ ਇੱਥੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ-

ਪੇਸ਼ਕਸ਼

ਹਰਦਮ ਸਿੰਘ ਮਾਨ

ਗ਼ਜ਼ਲ

ਕਿੰਨੀ ਹਨੇਰਗਰਦੀ,  ਏਨੀ  ਹਨੇਰਗਰਦੀ?

ਅੰਬਰ ‘ਚ ਉੱਡਣੇ ਤੋਂ, ਚਿੜੀਆਂ ਦੀ ਡਾਰ ਡਰਦੀ!

ਧਰਤੀ ਵੀ ਓਦੋਂ ਕੰਬੇ, ਅੰਬਰ  ਵੀ  ਡੋਲਦਾ ਹੈ,

ਜਦ ਕੋਈ ਧੀ ਧਿਆਣੀ, ਅੱਖੀਆਂ ’ਚ ਨੀਰ ਭਰਦੀ!

ਵਰ੍ਹਦੀ ਸਮੁੰਦਰਾ ‘ਤੇ, ਜਾਂ ਫੇਰ ਮਰਮਰਾਂ ’ਤੇ ,

ਜਿੱਥੇ ਹੈ ਝਾਕ ਇਸਦੀ, ਬੱਦਲੀ ਨਾ ਉਥੇ ਵਰ੍ਹਦੀ!

ਵਿਹੜੇ  ’ਚ ਜਦ ਵੀ ਦੇਖੇ, ਦੀਵਾਰ ਬਣ ਰਹੀ ਹੈ ,

ਤਦ ਰੋਣ ਹਾਕੀ ਹੋਵੇ, ਸੂਰਤ ਕਿਸੇ ਵੀ ਘਰ ਦੀ !

ਕਿੰਨੇ  ਨੇ ਲੋਕ ਏਥੇ, ਜਿਹਨਾਂ ਦੀ ਇਹ ਕਥਾ ਹੈ,

ਨਿੱਤ ਰੀਝ ਕੋਈ ਜਿਓਂਦੀ, ਨਿੱਤ ਰੀਝ ਕੋਈ ਮਰਦੀ!

ਤੇਰੀ ਗ਼ਜ਼ਲ ਦਾ ਤਾਂਹੀਓਂ, ਰੰਗ ਵੱਖਰਾ ਹੈ ਲੋਚੀ,

ਵੱਖਰੀ ਹੀ  ਤੋਰ  ਇਸਦੀ, ਪਬ ਬੋਚ ਬੋਚ ਧਰਦੀ!

ਦਸ ਨੌਂਹਾਂ ਦੀ …

ਦਸ ਨੌਹਾਂ ਦੀ ਕਿਰਤ ਕਮਾਈ ,

ਬਾਬੇ ਦੇ ਪੁੱਤ ਭੁੱਲੇ ,

ਇਹਨਾਂ ਦੇ ਪਕਵਾਨ ‘ਚੋਂ ਤਾਂਹੀਓਂ,

ਅੱਜ ਵੀ ਰੱਤ ਪਈ ਡੁੱਲੇ !

ਖ਼ੂਨ ‘ਚ ਰਲੀ ਮਿਲਾਵਟ ਏਨੀ, ਤੱਕਾਂ ਆਲ ਦੁਆਲੇ !

ਬੇਬੇ ਬਾਪੂ ਕੱਲ ਮ ਕੱਲੇ, ਪੁੱਤਰ ਟੱਬਰਾਂ ਵਾਲੇ !

ਸੁੱਖ ਆਰਾਮ ਦੀ ਹਰ ਸ਼ੈਅ ਘਰ ਵਿੱਚ, ਘਰ ਦੇ ਜੀਅ ਹੀ ਬਿਖਰੇ,

ਸੰਗਮਰਮਰ ਦੀ ਲਿਸ਼ਕ ਚੁਫੇਰੇ, ਘਰ ਦੀ ਰੂਹ ਨਾ ਕਿਧਰੇ !

ਰੱਜੇ ਪੁੱਜੇ ਜੀਆਂ ਦੇ ਹੱਥ, ਮਹਿੰਗੇ ਛਾਪਾਂ ਛੱਲੇ !

ਸੰਗਮਰਮਰ ਤੋਂ ਤਿਲਕੀ ਜਾਵਣ, ਸਾਰੇ  ਕੱਲ‘ਮ ਕੱਲੇ !

ਅੰਨ੍ਹੀਆਂ ਖਾਹਿਸ਼ਾਂ ਦੇ ਜੰਗਲ ਵਿੱਚ, ਹਰ ਕੋਈ ਗਰਜ਼ ਪਰੁੱਤਾ !

ਤਨ ਤੇ ਧਨ ਦੀ ਦੌੜ ਨਾ ਮੁੱਕੀ, ਮਨ ਕਬਰੀਂ ਜਾ ਸੁੱਤਾ !

ਅੰਨ੍ਹੀ ਰਈਅਤ ਗਿਆਨ ਵਿਹੂਣੀ, ਹੋਈ ਗੂੰਗੀ ਬਹਿਰੀ !

ਦੋ ਨੰਬਰ ਦੀ ਕਰਨ ਕਮਾਈ, ਇੱਕ ਨੰਬਰ ਦੇ ਸ਼ਹਿਰੀ !

ਸਿਖ ਅੰਗਰੇਜ਼ੀ ਲਿਖ ਅੰਗਰੇਜ਼ੀ, ਇਹ ਵੀ ਇੱਕ ਅਮੀਰੀ ,

ਪਰ ਨਾ ਭੁੱਲੀਂ ਜਿਓਣ ਜੋਗਿਆ, ਊੜਾ ਐੜਾ  ਈੜੀ!

ਜ਼ਿੰਦਗੀ ਨੂੰ ਇਓਂ  ਬੇ ਸੁਰ ਕਰਕੇ, ਲੋਚੀ ਤੂੰ ਪਛਤਾਉਣਾ !

ਕਿਤੋਂ ਨਾ ਤੈਨੂੰ ਸੁਰ ਫਿਰ ਲੱਭਣੇ, ਕਿਤੋਂ ਨਾ ਸ਼ਬਦ ਥਿਆਉਣਾ !

ਗ਼ਜ਼ਲ

ਜਦ ਤਕ ਸਿੱਧਾ ਤੀਰ ਕਲੇਜੇ ਵੱਜੇ ਨਾ !

ਦਰਵੇਸ਼ਾਂ ਦੀ ਰੂਹ ਵੀ ਤਦ ਤਕ ਰੱਜੇ ਨਾ!

ਇੱਕ ਸ਼ਾਇਰ ਹੀ ਕਰ ਸਕਦਾ ਹੈ ਇਹੋ ਦੁਆ,

ਕਿਸੇ ਵੀ ਵਸਦੇ ਘਰ ਨੂੰ ਜਿੰਦਰਾ ਵੱਜੇ ਨਾ !

ਚੋਗਾ ਚੁਗ ਕੇ ਸ਼ੁਕਰ ਮਨਾਵਣ ਪੰਛੀ ਵੀ ,

ਬੰਦੇ ਦੀ ਹੀ ਨੀਤ ਭਲਾ ਕਿਓਂ  ਰੱਜੇ  ਨਾ !

ਬਿਰਖ, ਬੂਟੜੇ , ਫੁੱਲਾਂ ਨੂੰ  ਬੇਚੈਨ ਕਰੇ ,

ਇਹੋ ਜਿਹਾ ਬੱਦਲ ਵੀ ਸਿਰ ‘ਤੇ ਗੱਜੇ ਨਾ !

ਲੋਚੀ ਦੀ ਦੱਸ ਕਰੇਂਗਾ ਕੀ ਬੁਰਿਆਈ ਤੂੰ ,

ਜਿਸਨੇ ਅਪਣੇ ਐਬ ਕਦੇ ਵੀ ਕੱਜੇ  ਨਾ !

ਗ਼ਜ਼ਲ

ਟਾਹਣੀ ਤੋਂ ਕੀ ਫੁੱਲ ਟੁੱਟਿਆ ਹੈ !

ਪੱਤਾ ਪੱਤਾ ਲਰਜ਼  ਰਿਹਾ ਹੈ !

ਇਹ ਮਿੱਟੀ ਇਥੇ ਹੀ  ਰਹਿਣੀ ,

ਬੰਦਾ ਜਿਸ ਲਈ ਝਗੜ ਰਿਹਾ ਹੈ!

ਇਕ ਦਮ ਸ਼ਾਮ ਸੰਧੂਰੀ  ਹੋ  ਗਈ ,

ਕਿਸ ਨੇ   ਤੇਰਾ  ਨਾਮ ਲਿਆ ਹੈ !

ਮੰਦਰ , ਮਸਜਿਦ ਬਣਨੇ ਢਹਿਣੇ,

ਜਦ ਤਕ  ਵੱਖੋ ਵੱਖ ਖ਼ੁਦਾ  ਹੈ !

ਦੋ  ਧਾਰੀ  ਤਲਵਾਰ ਇਹ ਦੁਨੀਆ,

ਕਿਸੇ ਨੇ  ਕਿੰਨਾ ਸੱਚ ਕਿਹਾ ਹੈ !

ਅੱਜ ਕੱਲ੍ਹ ਉਹ ਉਕਤਾਇਆ ਰਹਿੰਦਾ,

ਉਹ  ਵੀ  ਲੱਗਦਾ ਮੇਰੇ  ਜਿਹਾ  ਹੈ!

ਤੈਨੂੰ  ਕੀਹਨੇ  ਸੁਣਨਾ ਲੋਚੀ ,

ਹਰ ਥਾਂ  ਏਨਾ ਸ਼ੋਰ ਪਿਆ  ਹੈ!

ਗ਼ਜ਼ਲ

ਜਿੱਤੇ ਹਾਰੇ ਇੱਕੋ ਜਿਹੇ ਨੇ !

ਹਾਕਮ ਸਾਰੇ ਇੱਕੋ ਜਿਹੇ ਨੇ!

ਜਿੱਥੋਂ ਮਰਜ਼ੀ ਦੇਖ ਲਵੀਂ ਤੂੰ ,

ਚੰਨ ਸਿਤਾਰੇ  ਇੱਕੋ ਜਿਹੇ ਨੇ !

ਲਾਚਾਰਾਂ ‌ਦੀ ਹੂਕ ਨੲੀਂ ਸੁਣਦੇ,

ਮਹਿਲ ਮੁਨਾਰੇ ਇੱਕੋ ਜਿਹੇ ਨੇ !

ਜਾਬਰ ਸਾਹਵੇਂ ਮੂੰਹ ਨਾ ਖੋਲਣ,

ਲੋਕ ਕਿਓਂ ਸਾਰੇ ਇੱਕੋ ਜਿਹੇ ਨੇ!

ਪੱਕੇ ਘਰਾਂ ਦੇ ਵੱਖਰੇ ਨਕਸ਼ੇ ,

ਕੱਚੇ ਢਾਰੇ ਇੱਕੋ ਜਿਹੇ ਨੇ!

ਸੱਜਣ ਜਾਂ ਫਿਰ ਦੁਸ਼ਮਣ ਰੋਵੇ ,

ਹੰਝੂ ਖਾਰੇ  ਇੱਕੋ  ਜਿਹੇ ਨੇ!

ਕੁਲ ਦੁਨੀਆ ਵਿੱਚ ਹਰ ਥਾਂ ਲੋਚੀ ,

ਦੁੱਖਾਂ  ਮਾਰੇ  ਇੱਕੋ ਜਿਹੇ ਨੇ!

ਗ਼ਜ਼ਲ

ਇਹ ਮੇਲਾ ਲਗਦਾ ਹੀ ਮੇਲਾ ਨਹੀਂ ਹੈ !

ਕਿ ਇਸ ਮੇਲੇ ‘ਚ ਉਹ ਚਿਹਰਾ ਨਹੀਂ ਹੈ !

ਆਬਾਦੀ ਸ਼ਹਿਰ ਦੀ ਸੰਘਣੀ ਤਾਂ ਹੋਈ ,

ਕਿਤੇ ਕੋਈ ਬਿਰਖ ਪਰ ਸੰਘਣਾ ਨਹੀਂ ਹੈ!

ਨਵੇਂ ਰਸਤੇ ਵੀ  ਤਾਂ  ਬੰਦੇ  ਬਣਾਉਂਦੇ  ,

ਕਿਉਂ ਡਰਦੈਂ  ਜੇ ਕੋਈ  ਰਸਤਾ ਨਹੀਂ ਹੈ!

ਮੈਂ  ਦੱਸ ਦਿੰਦਾ ਕਿ ਬਣਦੇ ਕਾਫ਼ਲੇ ਇਓਂ ,

ਕੋਈ ਪਰ  ਨਾਲ ਹੀ ਤੁਰਿਆ ਨਹੀਂ ਹੈ!

ਨਵੇਂ ਇਸ ਦੌਰ ਵਿੱਚ,  ਏਹੋ ਨਵਾਂ ਹੈ,

ਕਿ ਬੰਦੇ ਨਾਲ ਹੀ  ਬੰਦਾ  ਨਹੀਂ  ਹੈ !

ਇਹ ਨਾਨਕ ਦਾ ਹੈ ਦਰ ਸੱਚਾ ਤੇ , ਏਥੇ,

ਕੋਈ  ਕਲਗੀ, ਕੋਈ  ਰੁਤਬਾ ਨਹੀਂ  ਹੈ!

ਗ਼ਜ਼ਲ  ਦੇ  ਨਾਲ  ਨਾ  ਕਰ  ਵੈਰ ਲੋਚੀ ,

ਕਿਤੇ ਮਤਲਾ, ਕਿਤੇ ਮਕਤਾ ਨਹੀਂ ਹੈ!

ਇਹ ਭਲਾ ਕੌਣ ਨੇ?

ਬਾਬੇ ਨਾਨਕ ਕੋਲ

ਨਾ ਖੰਜਰ ਸੀ

ਨਾ ਤਲਵਾਰ ਸੀ

ਨਾ ਕੋਈ

ਹੋਰ ਹਥਿਆਰ ਸੀ…

ਉਸਦੇ ਕੋਲ ਤਾਂ ਬਸ

ਸ਼ਬਦਾਂ

ਤੇ

ਸੁਰਾਂ ਦਾ

ਇੱਕ ਸੱਚਾ ਸੁੱਚਾ ਸੰਸਾਰ ਸੀ

ਸਾਰੀ ਦੁਨੀਆ ਹੀ

ਜਿਸਦਾ ਪ੍ਰੀਵਾਰ ਸੀ….

……..

ਹਵਾ ‘ਚ

ਤਲਵਾਰਾਂ ਲਹਿਰਾਉਂਦੇ

ਇੱਕ ਦੂਜੇ ਦੀਆਂ

ਦਸਤਾਰਾਂ ਲਾਹੁੰਦੇ

ਇਹ ਭਲਾ ਕੌਣ ਨੇ?

ਜੋ ਨਾਨਕ ਦੇ ਦਰਾਂ ‘ਤੇ ਖੜ੍ਹਕੇ

ਬਰਛਿਆਂ ਨੂੰ ਘੁਮਾਉਂਦੇ

ਕਿਸੇ ਲਾਚਾਰ ਦਾ

ਮਜ਼ਾਕ ਉਡਾਉਂਦੇ

ਉੱਚੀ ਉੱਚੀ

ਜੈਕਾਰੇ ਲਾਉਂਦੇ

ਤੇ ਇਹੋ ਰਟ ਲਾਉਂਦੇ…

ਨਾਨਕ ਸਾਡਾ ਹੈ

ਬਸ.. ਨਾਨਕ ਸਾਡਾ ਹੀ ਹੈ….

ਨਾਨਕ ਨੂੰ ਮੰਨਦੇ

ਪਰ ਨਾਨਕ ਦੀ

ਇੱਕ ਵੀ ਨਾ ਮੰਨਦੇ

ਇਹ ਭਲਾ ਕੌਣ ਨੇ ?

ਇਹ ਲੋਕ

ਭਲਾ ਕੌਣ ਨੇ ….