ਭਗਵਾਨ ਰਾਮ ਨਵੇਂ ਪਾਂਡਿਆਂ ਦੇ ਹੱਥ ਵਿਚ…

0
41
**EDS: IMAGE VIA PMO** Ayodhya: Prime Minister Narendra Modi offers prayers before the idol of Ram Lalla during the 'Pran Pratishtha' rituals at the Ram Mandir, in Ayodhya, Monday, Jan. 22, 2024. (PTI Photo)(PTI01_22_2024_000272B)

ਸੁਖਵਿੰਦਰ ਸਿੰਘ ਚੋਹਲਾ

‘‘ਸਾਮਨਾ‘‘ ਦੇ ਸੰਪਾਦਕੀ ਲੇਖ ਦੇ ਹਵਾਲੇ ਨਾਲ-

ਆਯੁਧਿਆ ਵਿਚ ਰਾਮ ਮੰਦਿਰ ਦੀ ਸਥਾਪਤੀ ਉਪਰੰਤ 22 ਜਨਵਰੀ ਨੂੰ ਰਾਮ ਲੱਲਾ ਦੀ ਮੂਰਤੀ ਵਿਚ ਪ੍ਰਾਣ ਪ੍ਰਤਿਸ਼ਠਾ ਦੀਆਂ ਸਾਰੀਆਂ ਧਾਰਮਿਕ ਰਸਮਾਂ ਪ੍ਰਧਾਨ ਮੰਤਰੀ ਮੋਦੀ ਵਲੋਂ ਇਕ ਰਾਜ ਪ੍ਰੋਹਿਤ ਵਾਂਗ ਨਿਭਾਈਆਂ ਗਈਆਂ। ਮੰਦਿਰ ਦੇ ਮੁੱਖ ਪੁਜਾਰੀ ਦੀਆਂ ਹਦਾਇਤਾਂ ਮੁਤਾਬਿਕ ਸਾਰੀਆਂ ਧਾਰਮਿਕ ਰਸਮਾਂ ਦਾ ਨਿਰਵਾਹ ਕਰਦਿਆਂ ਉਹ ਕਿਤੇ ਵੀ ਇਕ ਸ਼ਰਧਾਲੂ, ਮੁੱਖ ਮਹਿਮਾਨ ਜਾਂ ਮੁਲਕ ਦੇ ਮੁਖੀ ਵਜੋ ਨਹੀਂ ਬਲਕਿ ਇਕ ਧਾਰਮਿਕ ਆਗੂ ਵਾਂਗ ਹੀ ਵਿਚਰਦੇ ਦਿਖਾਈ ਦਿੱਤੇ। ਉਹਨਾਂ ਦੀ ਇਸ ਕਾਰਵਾਈ ਨੇ ਮੁਲਕ ਦੇ ਧਰਮ ਨਿਰਪੱਖ ਸਰੂਪ ਤੇ ਜਮਹੂਰੀ ਰਵਾਇਤਾਂ ਨੂੰ ਤਿਲਾਜ਼ਲੀ ਦਿੰਦਿਆਂ ਭਾਰਤ ਨੂੰ ਅਣਐਲਾਨੇ ਰੂਪ ਵਿਚ ਹਿੰਦੂ ਰਾਸ਼ਟਰ ਘੋਸ਼ਿਤ ਕਰਨ ਵਿਚ ਕੋਈ ਕਮੀ ਨਹੀ ਛੱਡੀ। ਇਸ ਸਬੰਧ ਵਿਚ ਚਿਤਰਕੂਟ ਦੇ ਜਗਤਗੁਰੂ ਰਾਮਾਨੰਦਚਾਰੀਆ ਸਵਾਮੀ ਰਾਮਾਭੱਦਰਚਾਰੀਆ ਦੀ ਟਿਪਣੀ ਵਿਚਾਰਨਯੋਗ ਹੈ ਜਿਸ ਵਿਚ ਉਹਨਾਂ ਖੁੱਲੇਰੂਪ ਵਿਚ ਕਿਹਾ ਕਿ ਦੇਸ਼ ਦੀ ਵੰਡ ਦੋ ਕੌਮਾਂ ਦੇ ਆਧਾਰ ਤੇ ਹੋਈ ਸੀ। ਅਗਰ ਮੁਸਲਿਮ ਭਾਈਚਾਰੇ ਨੇ ਇਸ ਮੁਲਕ ਵਿਚ ਰਹਿਣਾ ਹੈ ਤਾਂ ਉਹਨਾਂ ਨੂੰ ਹਿੰਦੂ ਰਾਸ਼ਟਰ ਦੀ ਅਸਲੀਅਤ ਨੂੰ ਤਸਲੀਮ ਕਰਨਾ ਹੀ ਹੋਵੇਗਾ।

ਬਿਨਾਂ ਸ਼ੱਕ ਇਕ ਲੰਬੀ ਕਨੂੰਨੀ ਲੜਾਈ ਉਪਰੰਤ ਭਾਰਤੀ ਸੁਪਰੀਮ ਕੋਰਟ ਵਲੋਂ ਸੁਣਾਏ ਗਏ ਫੈਸਲੇ ਦੇ ਆਧਾਰ ਤੇ ਆਯੁਧਿਆ ਵਿਚ ਰਾਮ ਮੰਦਿਰ ਦੀ ਉਸਾਰੀ ਤੇ ਭਗਵਾਨ ਰਾਮ ਦੀ ਮੂਰਤੀ ਸਥਾਪਨਾ ਦਾ ਮੰਜ਼ਰ ਦੇਸ਼ ਦੇ ਕਰੋੜਾਂ ਲੋਕਾਂ ਦੀ ਆਸਥਾ ਤੇ ਭਾਵਨਾਵਾਂ ਨੂੰ ਸਰਾਬੋਰ ਕਰਨ ਵਾਲਾ ਰਿਹਾ। ਧਾਰਮਿਕ ਜਾਂ ਸਿਆਸੀ ਵਖਰੇਵਿਆਂ ਕਾਰਣ ਕੋਈ ਇਸਦਾ ਵਿਰੋਧ ਕਰੇ ਜਾਂ ਨਾ ਪਰ ਸੱਚਾਈ ਇਹ ਹੈ ਕਿ ਬਹੁਗਿਣਤੀ ਲੋਕਾਂ ਦੇ ਮਨਾਂ ਅੰਦਰਲੀ ਪੀੜੀ ਦਰ ਪੀੜੀ ਚਲੀ ਆ ਰਹੀ ਉਹ ਕਸਕ ਕਿ ਸਦੀਆਂ ਪਹਿਲਾਂ ਇਕ ਵਿਦੇਸ਼ੀ ਹਮਲਾਵਰ ਨੇ ਆਯੁਧਿਆ ਮੰਦਰ ਨੂੰ ਢਾਹਕੇ ਮਸਜਿਦ ਤਾਮੀਰ ਕਰਵਾਈ ਸੀ, ਤੇ ਹੁਣ ਸਦੀਆਂ ਦੀ ਉਡੀਕ ਉਪਰੰਤ ਉਥੇ ਮੁੜ ਮੰਦਿਰ ਸਥਾਪਿਤ ਹੋ ਸਕਿਆ ਹੈ, ਇਕ ਵੱਡੀ ਰਾਹਤ ਤੇ ਮਨ ਨੂੰ ਸਕੂਨ ਦੇਣ ਵਾਲੀ ਘਟਨਾ ਹੈ।

ਆਯੁਧਿਆ ਵਿਚ 16ਵੀਂ ਸਦੀ ਦੀ ਬਾਬਰੀ ਮਸਜਿਦ ਨੂੰ ਢਾਹੁਣ ਤੇ ਮੰਦਿਰ ਨਿਰਮਾਣ ਦੇ ਸੰਘਰਸ਼ ਵਿਚ ਹਿੰਦੂ ਧਾਰਮਿਕ ਸੰਸਥਾਵਾਂ ਤੇ ਧਰਮ ਦੇ ਨਾਮ ਉਪਰ ਰਾਜਨੀਤੀ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੀ ਭੂਮਿਕਾ ਬਾਰੇ ਵੀ ਕਈ ਅਪਵਾਦ ਹੋ ਸਕਦੇ ਹਨ ਪਰ ਇਸ ਲੜਾਈ ਦੌਰਾਨ ‘ਮੰਦਰ ਵਹੀਂ ਬਨਾਏਂਗੇ‘ ਦੇ ਨਾਅਰੇ ਨੂੰ ਸੱਚ ਕਰਕੇ ਵਿਖਾਉਣ ਦਾ ਲਾਹਾ ਵੀ ਇਹਨਾਂ ਧਿਰਾਂ ਨੇ ਹੀ ਖੱਟਿਆ ਹੈ। ਰਾਮ ਮੰਦਿਰ ਦੇ ਰੱਥ ਤੇ ਸਵਾਰ ਹੋਣ ਵਾਲੀ ਭਾਰਤੀ ਜਨਤਾ ਪਾਰਟੀ, ਦੇਸ਼ ਸਾਹਮਣੇ ਗਰੀਬੀ, ਬੇਰੁਜਗਾਰੀ, ਸਿਹਤ ਸਹੂਲਤਾਂ, ਭ੍ਰਿਸ਼ਟਾਚਾਰ ਤੇ ਹੋਰ ਅਨੇਕਾਂ ਸਮਾਜਿਕ ਸਮੱਸਿਆਵਾਂ ਦੇ ਬਾਵਜੂਦ ਸੱਤਾ ਉਪਰ ਆਪਣੀ ਮਜ਼ਬੂਤ ਪਕੜ ਬਣਾਉਣ ਵਿਚ ਸਫਲ ਰਹੀ ਹੈ। ਆਯੁਧਿਆ ਵਿਚ ਰਾਮ ਮੰਦਿਰ ਮੁਹਿੰਮ ਦੀ ਸਫਲਤਾ ਤੋਂ ਉਤਸ਼ਾਹਿਤ  ਹੁਣ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਤੇ ਮਥੁਰਾ ਦੀ ਸ਼ਾਹੀ ਈਦਗਾਹ ਇਹਨਾਂ ਤਾਕਤਾਂ ਦੇ ਨਿਸ਼ਾਨੇ ਤੇ ਹਨ। ਦਾਅਵਾ ਹੈ ਕਿ ਵਾਰਾਨਸੀ ਦੀ ਗਿਆਨਵਾਪੀ ਮਸਜਿਦ ਭਗਵਾਨ ਸ਼ਿਵ ਦੇ ਮੰਦਿਰ ਅਤੇ ਮਥੁਰਾ ਦੀ ਸ਼ਾਹੀ ਈਦਗਾਹ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਨੂੰ ਢਾਹਕੇ ਉਸਾਰੀਆਂ ਗਈਆਂ ਸਨ।

ਆਯੁਧਿਆ ਵਿਚ ਰਾਮ ਮੰਦਿਰ ਦੀ ਉਸਾਰੀ ਲਈ ਸੁਪਰੀਮ ਕੋਰਟ ਦੀ ਹਦਾਇਤ ਉਪਰੰਤ ਭਾਰਤ ਸਰਕਾਰ ਨੇ ਸਾਲ 2020 ਵਿਚ ਰਾਮ ਮੰਦਿਰ ਤੀਰਥ ਕਸ਼ੇਤਰ ਟਰੱਸਟ ਕਾਇਮ ਕੀਤਾ ਸੀ। ਇਸ ਟਰੱਸਟ ਕੋਲ ਪੌਣੇ ਤਿੰਨ ਏਕੜ ਵਿਚ ਰਾਮ ਮੰਦਿਰ ਦੀ ਉਸਾਰੀ ਦੇ ਨਾਲ ਮੰਦਿਰ ਦੇ ਰੱਖ ਰਖਾਵ ਤੇ ਪ੍ਰਬੰਧ ਦੀ ਵੱਡੀ ਜਿੰਮੇਵਾਰੀ ਹੈ। ਟਰੱਸਟ ਨੂੰ ਹੁਣ ਤੱਕ 3500 ਕਰੋੜ ਤੋਂ ਉਪਰ ਨਗਦ ਦਾਨ ਹਾਸਲ ਹੋਇਆ ਹੈ। ਇਸਤੋਂ ਇਲਾਵਾ ਕਰੋੜਾਂ ਰੁਪਏ ਦੇ ਗਹਿਣੇ, ਹੀਰੇ ਜਵਾਹਰਾਤ ਤੇ ਹੋਰ ਬੇਸ਼ਕੀਮਤੀ ਵਸਤਾਂ ਸ਼ਾਮਿਲ ਹਨ ਜਿਹਨਾਂ ਵਿਚ ਸੋਨੇ ਦੀਆਂ ਖੜਾਵਾਂ, 5000 ਹੀਰੇ ਜੜਿਆ ਹਾਰ ਵਿਸ਼ੇਸ਼ ਹਨ। ਟਰੱਸਟ ਵਲੋਂ ਦਾਨ ਰਾਸ਼ੀ ਵਿਚੋ 1800 ਕਰੋੜ ਦੇ ਕਰੀਬ ਮੰਦਿਰ ਦੀ ਉਸਾਰੀ ਉਪਰ ਖਰਚੇ ਜਾ ਚੁੱਕੇ ਹਨ। ਦਾਨੀਆਂ ਦੀ ਸੂਚੀ ਵਿਚ ਸਭ ਤੋਂ ਵੱਧ ਦਾਨ ਕਰਨ ਵਾਲਿਆਂ ਵਿਚ ਮੁਰਾਰੀ ਬਾਪੂ ਦਾ ਨਾਮ ਸਭ ਤੋਂ ਉਪਰ ਹੈ ਜਿਸਨੇ 18.6 ਕਰੋੜ ਦਾਨ ਦਿੱਤਾ ਹੈ। ਇਸ 18 ਕਰੋੜ ਦੇ ਦਾਨ ਵਿਚ ਭਾਰਤ ਵਿਚੋਂ ਸਭ ਤੋਂ ਵੱਧ 11.30 ਕਰੋੜ, ਇੰਗਲੈਂਡ ਤੇ ਯੂਰਪ ਚੋਂ 3.21 ਕਰੋੜ ਅਤੇ ਅਮਰੀਕਾ-ਕੈਨੇਡਾ ਚੋ 4.10 ਕਰੋੜ ਦੀ ਦਾਨ ਰਾਸ਼ੀ ਸ਼ਾਮਿਲ ਹੈ।  ਮੁਲਕ ਵਿਚ ਸਟੈਚੂ ਆਫ ਲਿਬਰਟੀ ਉਪਰ 3000 ਕਰੋੜ ਦੇ ਕਰੀਬ ਖਰਚੇ ਤੋਂ ਬਾਦ ਰਾਮ ਮੰਦਿਰ ਦਾ 1800 ਕਰੋੜ ਦਾ ਖਰਚਾ ਦੂਸਰੇ ਨੰਬਰ ਤੇ ਹੈ। ਨਵੀਂ ਬਣੀ ਪਾਰਲੀਮੈਂਟ ਬਿਲਡਿੰਗ ਉਪਰ 836 ਕਰੋੜ ਖਰਚੇ ਗਏ ਹਨ।  ਸਰਕਾਰ ਵਲੋਂ ਮੰਦਿਰ ਤੱਕ ਜਾਣ ਵਾਲੇ ਤਿੰਨ ਰਸਤਿਆਂ ਰਾਮ ਪੱਥ, ਰਾਮ ਜਨਮ ਭੂਮੀ ਮਾਰਗ ਤੇ ਭਗਤੀ ਮਾਰਗ ਦੀ ਉਸਾਰੀ ਦੇ ਨਾਲ 187 ਸੁੰਦਰੀਕਰਣ ਪ੍ਰਾਜੈਕਟਾਂ ਉਪਰ 30,000 ਹਜਾਰ ਕਰੋੜ ਤੋਂ ਉਪਰ ਖਰਚੇ ਜਾ ਰਹੇ ਹਨ। ਯੂ ਪੀ ਸਰਕਾਰ ਵਲੋਂ ਆਯੁਧਿਆ ਰਾਮ ਜਨਮ ਭੂਮੀ ਨੂੰ ਮੁਲਕ ਦੇ ਸਭ ਤੋਂ ਵੱਡੇ ਤੀਰਥ ਅਸਥਾਨ ਵਜੋਂ ਸਥਾਪਿਤ ਕਰਨ ਦੇ ਉਦੇਸ਼ ਨਾਲ 85 ਹਜਾਰ ਕਰੋੜ ਦੇ ਨਿਵੇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਅੰਕੜੇ ਦਸਦੇ ਹਨ ਹਨ ਕਿ ਆਯੁਧਿਆ ਵਿਚ ਪਿਛਲੇ ਦੋ ਸਾਲਾਂ ਦੌਰਾਨ ਹੀ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਗਿਣਤੀ ਵਿਚ 60 ਲੱਖ ਤੋਂ 2 ਕਰੋੜ 30 ਲੱਖ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਇਕ ਸਾਲ ਵਿਚ ਉਤਰ ਪ੍ਰਦੇਸ਼ ਵਿਚ 32 ਕਰੋੜ ਸੈਲਾਨੀਆਂ ਦੀ ਆਮਦ ਚੋ ਵਾਰਾਨਸੀ, ਮਥੁਰਾ ਤੇ ਆਗਰਾ ਤੋਂ ਪਹਿਲਾਂ ਆਯੁਧਿਆ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਸਰਕਾਰ ਨੂੰ ਇਕ ਸਾਲ ਵਿਚ ਟੂਰਿਜਮ ਤੋਂ 50,000 ਕਰੋੜ ਤੋਂ ਉਪਰ ਦੀ ਆਮਦਨ ਪ੍ਰਾਪਤ ਹੋਣ ਦਾ ਅਨੁਮਾਨ ਹੈ।

ਕਰੋੜਾਂ ਦੀ ਦਾਨ ਰਾਸ਼ੀ ਇਕੱਤਰ ਹੋਣ ਅਤੇ ਸ਼ਹਿਰ ਦੇ ਸੁੰਦਰੀਕਰਣ ਲਈ ਹਜਾਰਾਂ ਕਰੋੜ ਖਰਚੇ ਜਾਣ ਦੇ ਬਾਵਜੂਦ ਸੁੰਦਰੀਕਰਣ ਦੀ ਸਕੀਮ ਕਾਰਣ ਉਜੜਨ ਵਾਲੇ ਹਜਾਰਾਂ ਲੋਕਾਂ ਦੀਆਂ ਅੱਖਾਂ ਵਿਚ ਅਥਰੂ ਹਨ। ਭਗਵਾਨ ਰਾਮ ਨੂੰ ਉਸਦਾ ਘਰ ਦਿਵਾਉਣ ਦੇ ਨਾਮ ਹੇਠ ਹਜਾਰਾਂ ਲੋਕਾਂ ਦੇ ਘਰ ਉਜਾੜ ਦਿੱਤੇ ਗਏ ਹਨ। ਸੁੰਦਰੀਕਰਣ ਦੇ ਨਾਮ ਹੇਠ ਅਯੁੱਧਿਆ ਵਿੱਚ ਕੁਲ 2200 ਦੁਕਾਨਾਂ, 800 ਘਰ, 30 ਮੰਦਰ, 9 ਮਸਜਿਦਾਂ ਅਤੇ 6 ਮਕਬਰੇ ਢਾਹ ਦਿੱਤੇ ਗਏ ਹਨ। ਟਰੱਸਟ ਦਾ ਕਹਿਣਾ ਹੈ ਕਿ ਘਰਾਂ ਤੇ ਦੁਕਾਨਾਂ ਦੇ ਉਜਾੜੇ ਲਈ ਮੁਆਵਜੇ ਦੀ ਰਾਸ਼ੀ ਜਿਲਾ ਮੈਜਿਸਟਰੇਟ ਨੇ ਤੈਅ ਕਰਨੀ ਹੈ ਜਦੋਂਕਿ ਉਜੜੇ ਲੋਕਾਂ ਦੀ ਸ਼ਿਕਾਇਤ ਹੈ ਕਿ ਉਹਨਾਂ ਦੀਆਂ 80-80 ਲੱਖ ਦੀਆਂ ਜਾਇਦਾਦਾਂ ਲਈ ਸਿਰਫ 9-9 ਲੱਖ ਰੁਪਏ ਦਿੱਤੇ ਗਏ ਹਨ। ਦੁਕਾਨਾਂ ਤੋਂ ਉਜਾੜੇ ਗਏ ਲੋਕ ਆਟੋ ਰਿਕਸ਼ਾ ਚਲਾਉਣ ਲਈ ਮਜਬੂਰ ਹਨ ਤੇ ਕਈ ਬਜੁਰਗ ਲੋਕਾਂ ਨੇ ਘਰ ਗਵਾਉਣ ਪਿਛੋਂ ਬਿਰਧ ਘਰਾਂ ਵਿਚ ਆਸਰਾ ਲਿਆ ਹੈ। ਸਵਾਲ ਹੈ ਕਿ ਭਗਵਾਨ ਰਾਮ ਨੂੰ ਘਰ ਦਿਵਾਉਣ ਵਾਲੇ ਧਾਰਮਿਕ ਆਗੂਆਂ ਜਾਂ ਸਰਕਾਰ ਨੇ, ਉਜਾੜੇ ਗਏ ਭਗਵਾਨ ਦੇ ਬੰਦਿਆਂ ਦੀ ਕੋਈ ਸਾਰ ਕਿਉਂ ਨਹੀ ਲਈ। ਚੰਗਾ ਹੁੰਦਾ, ਘੱਟੋ ਘੱਟ ਉਜੜੇ ਲੋਕਾਂ ਨੂੰ ਘਰਾਂ ਤੇ ਦੁਕਾਨਾਂ ਦਾ ਮੁਆਵਜਾ ਹੀ ਦੁਗਣਾ ਦੇ ਦਿੱਤਾ ਜਾਂਦਾ।

ਆਯੁਧਿਆ ਵਿਚ ਰਾਮ ਮੰਦਿਰ ਤੇ ਉਸ ਉਪਰ ਭਾਜਪਾ ਤੇ ਭਾਈਵਾਲਾਂ ਦਾ ਕਬਜਾ ਜੇ ਸਿਆਸੀ ਵਿਰੋਧੀਆਂ ਨੂੰ ਚੁਭ ਰਿਹਾ ਹੈ ਤਾਂ ਭਗਵਾਨ ਰਾਮ ਦੇ ਨਾਮ ਤੇ ਰਾਜਨੀਤੀ ਕਰਨ ਵਾਲੀਆਂ ਧਿਰਾਂ ਵਿਚਾਲੇ ਸ਼ਰੀਕੇਬਾਜੀ ਵੀ ਗੁੱਝੀ ਨਹੀਂ ਹੈ।

ਹਿੰਦੂ ਰਾਸ਼ਟਰਵਾਦੀ ਪਾਰਟੀ ਸ਼ਿਵ ਸੈਨਾ ਦੇ ਮੁੱਖ ਤਰਜਮਾਨ ‘‘ਸਾਮਨਾ‘‘ ਵਿਚ ਛਪਿਆ 25 ਜਨਵਰੀ, 2024 ਦਾ ਸੰਪਾਦਕੀ ਲੇਖ ਪੜਨਯੋਗ ਹੈ,

“ਅਯੁੱਧਿਆ ਵਿੱਚ….ਭਗਵਾਨ ਨਵੇਂ ਪਾਂਡਿਆਂ ਦੇ ਕਬਜ਼ੇ ਵਿੱਚ !”

ਲੇਖ ਵਿਚ ਕਿਹਾ ਗਿਆ ਹੈ ਕਿ ਰਾਮ ਲੱਲਾ ਦੇ ਜੀਵਨ ਸੰਸਕਾਰ ਨਾਲ ਸਬੰਧਤ ਸਮਾਰੋਹ ਭਗਵਾਨ ਰਾਮ ਬਾਰੇ ਘੱਟ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਜ਼ਿਆਦਾ ਰਿਹਾ। ਲੋਕਾਂ ਦੇ ਮਨਾਂ ਵਿਚ ਸਵਾਲ ਹੈ ਕਿ ਕੀ ਉੱਥੇ ਭਗਵਾਨ ਰਾਮ ਦਾ ਮੰਦਰ ਬਣ ਰਿਹਾ ਹੈ ਜਾਂ ਪ੍ਰਧਾਨ ਮੰਤਰੀ ਮੋਦੀ ਦਾ ? ਅਜਿਹਾ ਮੰਜ਼ਰ ਵੇਖਦਿਆਂ ਨਾਸਿਕ ਵਿਚ ਇਕ ਰੈਲੀ ਦੌਰਾਨ ਊਧਵ ਠਾਕਰੇ ਨੇ ਭਾਜਪਾ ਮੁਕਤ ਸ਼੍ਰੀ ਰਾਮ ਦਾ ਨਾਅਰਾ ਲਗਾਇਆ ਹੈ ।

‘ਸਾਮਨਾ‘ ਦੇ ਸੰਪਾਦਕੀ ‘ਚ ਅੱਗੇ ਦਾਅਵਾ ਕੀਤਾ ਗਿਆ ਹੈ- ਹੁਣ ਰਾਮ ਮੰਦਰ ‘ਤੇ ਭਾਜਪਾ ਦੇ ਪਾਂਡਿਆਂ ਦਾ ਕਬਜ਼ਾ ਹੋਣ ਨਾਲ ਸ਼ਰਧਾ ਦੀ ਸਿਆਸੀ ਚੋਰੀ ਹੋਵੇਗੀ। ਹੁਣ ਭਗਵਾਨ ਰਾਮ ਨੂੰ ਭਾਜਪਾ ਤੋਂ ਮੁਕਤ ਕਰਵਾਉਣਾ ਪਵੇਗਾ। ਭਾਜਪਾ ਨੇਤਾਵਾਂ ਨੇ ਪਹਿਲਾਂ ਹੀ ਅਯੁੱਧਿਆ ਵਿੱਚ ਰਾਮ ਲੱਲਾ ਦੇ ਮੁਫਤ ਦਰਸ਼ਨਾਂ ਦੀ ਮੁਹਿੰਮ ਸ਼ੁਰੂ ਕਰਕੇ ਭਾਜਪਾ ਲਈ ਵੋਟਾਂ ਬਟੋਰਨ ਦਾ ਕੰਮ ਆਰੰਭ ਕਰ ਰੱਖਿਆ ਹੈ। ਅਜਿਹੇ ‘ਚ ਸ਼ਰਧਾਲੂ ਸ਼੍ਰੀ ਰਾਮ ਦੀ ਹੋਂਦ ਨੂੰ ਲੈ ਕੇ ਚਿੰਤਤ ਹਨ। ਆਸਥਾ ਦੇ ਬਾਜ਼ਾਰ ਨੂੰ ਸਜਾ ਕੇ ਭਾਜਪਾ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਹੀ ਤਸਵੀਰ ਮਹਾਰਾਸ਼ਟਰ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ।

ਸੰਪਾਦਕੀ ਵਿੱਚ ਅੱਗੇ ਕਿਹਾ ਗਿਆ ਕਿ ਰਾਮ ਮੰਦਰ ਤਾਂ ਬਣ ਗਿਆ ਹੈ। ਹੁਣ ਦੇਸ਼ ਅਤੇ ਜਨਤਾ ਦੇ ਕੰਮ ਦੀ ਗੱਲ ਕਰੀਏ, ਪਰ ਮਹਾਰਾਸ਼ਟਰ ਜਾਂ ਦੇਸ਼ ਦੀ ਮੋਦੀ ਸਰਕਾਰ ‘ਕੰਮ‘ ਦੀ ਗੱਲ ਕਰਨ ਨੂੰ ਤਿਆਰ ਨਹੀਂ। ਭਾਜਪਾ ਖੁਸ਼ ਹੈ ਕਿ ਅਯੁੱਧਿਆ ਵਿੱਚ ਰਾਮ ਲੱਲਾ ਦੇ ਦਰਸ਼ਨਾਂ ਲਈ ਭੀੜ ਇਕੱਠੀ ਹੋ ਰਹੀ ਹੈ। ਲੱਖਾਂ ਲੋਕ ਰਾਮ ਜਨਮ ਭੂਮੀ ਦੇ ਦਰਸ਼ਨਾਂ ਨੂੰ ਆ ਰਹੇ ਹਨ। ਇਹਨਾਂ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀ ਭਾਰੀ ਗਿਣਤੀ ਸ਼ਾਮਿਲ ਹੈ। ਰਾਮ ਦੇ ਦਰਸ਼ਨ ਕਰਾਉਣ ਤੋਂ ਬਾਅਦ ਉਹਨਾਂ ਦੇ  ਕੰਮ ਵੀ ਕਰਨੇ ਪੈਣਗੇ ਅਤੇ ਕਿਸਾਨਾਂ ਨੂੰ ਉਪਜ ਦਾ ਮੁੱਲ ਦੇਣਾ ਪਵੇਗਾ।

ਸਾਮਨਾ ਦੇ ਲੇਖ ਅਨੁਸਾਰ, “ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ। ਕੀ ਰਾਮ ਮੰਦਿਰ, ਕਿਸਾਨ ਖੁਦਕੁਸ਼ੀਆਂ ਦਾ ਇਕ ਹੱਲ ਹੈ ? ਭ੍ਰਿਸ਼ਟਾਚਾਰ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ। ਭ੍ਰਿਸ਼ਟਾਚਾਰੀ ਸ਼੍ਰੀ ਰਾਮ ਦੀ ਨਹੀਂ ਮੰਨਣਗੇ ਪਰ ਸ਼੍ਰੀ ਰਾਮ ਦੇ ਗੁਣ ਜਰੂਰ ਗਾਉਣਗੇ। ਪਾਖੰਡ ਦੀ ਅਜੀਬ ਖੇਡ ਖੇਡੀ ਜਾ ਰਹੀ ਹੈ। ਰਾਸ਼ਟਰਵਾਦ ਦੀ ਖੱਲ ਵਿਚ ਲੋਕ ਦੇਸ਼ ਉੱਤੇ ਰਾਜ ਕਰ ਰਹੇ ਹਨ। ਸ਼੍ਰੀ ਰਾਮ ਉਨ੍ਹਾਂ ਵਿੱਚ ਫਸੇ ਹੋਏ ਹਨ। ਹੁਣ ਅਯੁੱਧਿਆ ਦੀ ਅਗਲੀ ਲੜਾਈ, ਭਾਜਪਾ ਮੁਕਤ ਸ਼੍ਰੀ ਰਾਮ ਲਈ ਲੜਨੀ ਪਵੇਗੀ।ਆਮ ਲੋਕ, ਰਾਮ ਲਈ ਕੁਰਬਾਨੀ ਦਿੰਦੇ ਹਨ। ਉਹ ਰਾਮ ਹੁਣ ਪਾਖੰਡੀਆਂ ਅਤੇ ਚਲਾਕ ਭੇੜੀਆਂ ਦੇ ਹੱਥਾਂ ਵਿੱਚ ਆ ਗਿਆ ਹੈ। ਮੰਦਰ ਭ੍ਰਿਸ਼ਟਾਚਾਰ ਅਤੇ ਪਾਖੰਡ ਤੋਂ ਮੁਕਤ ਹੋਣੇ ਚਾਹੀਦੇ ਹਨ। ਅਯੁੱਧਿਆ ਵਿੱਚ ਕੀ ਹੋ ਰਿਹਾ ਹੈ? ਭਗਵਾਨ ਨੂੰ ਨਵੇਂ ਪਾਂਡਿਆਂ ਨੇ ਕਾਬੂ ਕਰ ਲਿਆ ਹੈ। ਭਗਵਾਨ ਦੇ ਸ਼ਰਧਾਲੂਆਂ ਨੇ ਇਹ ਵੇਖਣਾ ਤੇ ਧਿਆਨ ਰੱਖਣਾ ਹੈ ਕਿ ‘ਭਗਵਾਨ ਰਾਮ‘ ਨੂੰ ਦਮ ਘੁੱਟਣ ਤੋਂ ਕਿਵੇਂ ਬਚਾਉਣਾ ਹੈ…..