ਟੀ.ਵੀ. ਸ਼ੋਅ ‘ਆਂਖ ਮਿਚੋਲੀ’ ਦੇ ਕਿਰਦਾਰ ਲਈ ਦੀਪਿਕਾ ਪਾਦੂਕੋਨ ਤੋਂ ਪ੍ਰੇਰਨਾ ਲਈ-ਖੁਸ਼ੀ ਦੂਬੇ

0
29

ਮੁੰਬਈ: ਟੀਵੀ ਸ਼ੋਅ ‘ਆਂਖ ਮਿਚੋਲੀ‘ ਵਿੱਚ ਮੁੱਖ ਭੂਮਿਕਾ ‘ਚ ਨਜ਼ਰ ਆਉਣ ਵਾਲੀ ਅਦਾਕਾਰਾ ਖੁਸ਼ੀ ਦੂਬੇ ਨੇ ਆਪਣੇ ਕਿਰਦਾਰ ਲਈ ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਤੋਂ ਪ੍ਰੇਰਨਾ ਲਈ ਹੈ। ਖੁਸ਼ੀ ਨੇ ਸ਼ੋਅ ਵਿੱਚ ਰੁਕਮਣੀ ਦਾ ਕਿਰਦਾਰ ਅਦਾ ਕੀਤਾ ਹੈ ਜੋ ਆਈਪੀਐੱਸ ਅਫਸਰ ਬਣਨ ਦੀ ਇੱਛਾ ਰੱਖਦੀ ਹੈ। ਇਸ ਕਿਰਦਾਰ ਲਈ ਉਸ ਨੇ ਬੌਲੀਵੁੱਡ ਦੀ ‘ਲੇਡੀ ਸਿੰਘਮ‘ ਦੀਪਿਕਾ ਤੋਂ ਪ੍ਰੇਰਨਾ ਲਈ ਹੈ। ਇਸ ਬਾਰੇ ਖੁਸ਼ੀ ਨੇ ਕਿਹਾ, ‘‘ਮੈਂ ਇੱਕ ਆਈਪੀਐੱਸ ਅਫਸਰ ਦਾ ਕਿਰਦਾਰ ਨਿਭਾਅ ਰਹੀ ਹਾਂ। ਮੈਂ ਆਪਣੇ ਪਿਛਲੇ ਸ਼ੋਅ ਵਿੱਚ ਵੀ ਪੁਲੀਸ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ। ਮੈਂ ਆਪਣੇ ਕਿਰਦਾਰ ਲਈ ਦੀਪਿਕਾ ਤੋਂ ਪ੍ਰੇਰਨਾ ਲਈ ਹੈ। ਦੀਪਿਕਾ ਆਪਣੀ ਅਗਲੀ ਫਿਲਮ ਵਿੱਚ ‘ਲੇਡੀ ਸਿੰਘਮ‘ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਸੰਭਾਲਦੀ ਹੈ ਅਤੇ ਪੁਲੀਸ ਅਧਿਕਾਰੀ ਦੇ ਰੋਲ ਵਿੱਚ ਫਿੱਟ ਬੈਠਦੀ ਹੈ, ਉਸ ਤੋਂ ਮੈਨੂੰ ਕਾਫੀ ਪ੍ਰੇਰਨਾ ਮਿਲੀ। ਮੈਨੂੰ ਉਮੀਦ ਹੈ ਕਿ ਮੈਂ ਉਸੇ ਤਰ੍ਹਾਂ ਆਪਣੇ ਕਿਰਦਾਰ ਨੂੰ ਨਿਭਾਅ ਸਕਾਂਗੀ।‘‘ ਜ਼ਿਕਰਯੋਗ ਹੈ ਕਿ ਸਟਾਰ ਪਲੱਸ ‘ਤੇ 22 ਜਨਵਰੀ ਤੋਂ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਵਿੱਚ ਖੁਸ਼ੀ ਤੋਂ ਇਲਾਵਾ ਨਵਨੀਤ ਮਲਿਕ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗਾ।