ਹੜ੍ਹਾਂ ਨਾਲ ਬਰਬਾਦ ਹੋਏ ਪਾਕਿਸਤਾਨ ਲਈ 15 ਕਰੋੜ ਡਾਲਰ ਦੀ ਮਦਦ ਦੀ ਕੀਤੀ ਸੀ ਅਪੀਲ, ਸਿਰਫ 4 ਕਰੋੜ ਡਾਲਰ ਹੀ ਮਿਲੇ

0
80

ਇਸਲਾਮਾਬਾਦ : ਪਾਕਿਸਤਾਨ ‘ਚ ਹੜ੍ਹਾਂ ਕਾਰਨ ਹੋਈ ਭਿਆਨਕ ਤਬਾਹੀ ਤੋਂ ਬਾਅਦ ਦੁਨੀਆ ਦੇ ਕਈ ਦੇਸ਼ ਮਦਦ ਲਈ ਅੱਗੇ ਆਏ ਹਨ। ਹਾਲ ਹੀ ‘ਚ ਨੇਪਾਲ ਦੇ ਇਕ ਚਾਰਟਰਡ ਜਹਾਜ਼ ਨੇ ਪਾਕਿਸਤਾਨ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਹੋਰ ਜ਼ਰੂਰੀ ਚੀਜ਼ਾਂ ਦੀ ਖੇਪ ਭੇਜੀ ਹੈ। ਗੂਗਲ ਵੱਲੋਂ ਪਾਕਿਸਤਾਨ ਨੂੰ ਕਰੀਬ 5 ਲੱਖ ਡਾਲਰ ਵੀ ਦਿੱਤੇ ਗਏ ਹਨ। ਇਸ ਦੌਰਾਨ ਹੜ੍ਹਾਂ ਕਾਰਨ ਪਿਛਲੇ 24 ਘੰਟਿਆਂ ਦੌਰਾਨ 300 ਕਿਲੋਮੀਟਰ ਸੜਕਾਂ ਅਤੇ ਕਰੀਬ 4000 ਘਰਾਂ ਨੂੰ ਨੁਕਸਾਨ ਪੁੱਜਾ ਹੈ। ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਦੇ ਡਾਇਰੈਕਟਰ ਜਨਰਲ ਐਂਟੋਨੀਓ ਗੁਟੇਰੇਸ ਨੇ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਥਿਤੀ ਨੂੰ ਬਹੁਤ ਖ਼ਰਾਬ ਦੱਸਿਆ ਅਤੇ ਦੁਨੀਆ ਨੂੰ ਪਾਕਿਸਤਾਨ ਦੀ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਦੀ ਮਦਦ ਕਰਕੇ ਇਸ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।

ਸੰਯੁਕਤ ਰਾਸ਼ਟਰ ਦੇ ਰੈਜ਼ੀਡੈਂਟ ਅਤੇ ਮਾਨਵਤਾਵਾਦੀ ਕਾਰਡੀਨੇਟਰ ਜੂਲੀਅਨ ਹਾਰਨਿਸ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਮਦਦ ਲਈ ਦੁਨੀਆ ਨੂੰ 160 ਮਿਲੀਅਨ ਡਾਲਰ ਦੀ ਫੰਡਿੰਗ ਦੀ ਅਪੀਲ ਕੀਤੀ ਗਈ ਸੀ, ਜਿਸ ਵਿੱਚੋਂ ਕੁੱਲ 150 ਮਿਲੀਅਨ ਡਾਲਰ ਵੱਖ-ਵੱਖ ਦੇਸ਼ਾਂ ਵੱਲੋਂ ਕੀਤੇ ਵਾਅਦਿਆਂ ਮੁਤਾਬਕ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ। ਇਸ ਅਪੀਲ ਦੇ ਤਹਿਤ ਹੁਣ ਤਕ 38 ਮਿਲੀਅਨ ਡਾਲਰ ਤੋਂ ਵੱਧ ਇਕੱਠੇ ਕੀਤੇ ਜਾ ਚੁੱਕੇ ਹਨ। ਹੁਣ ਤਕ ਕਰੀਬ 7 ਦੇਸ਼ਾਂ ਨੇ ਪਾਕਿਸਤਾਨ ਦੀ ਮਦਦ ਲਈ ਕਿਹਾ ਹੈ। ਇਸ ਵਿੱਚ ਅਮਰੀਕਾ, ਕੈਨੇਡਾ, ਯੂਕੇ, ਜਾਪਾਨ, ਡੈਨਮਾਰਕ, ਆਸਟ੍ਰੇਲੀਆ, ਸਿੰਗਾਪੁਰ, ਨੇਪਾਲ ਆਦਿ ਸ਼ਾਮਲ ਹਨ। ਸੰਯੁਕਤ ਰਾਸ਼ਟਰ ਦੀ ਤਰਫ਼ੋਂ ਕਿਹਾ ਗਿਆ ਹੈ ਕਿ ਇਸ ਫੰਡ ਨਾਲ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਸਿਹਤ ਸੰਭਾਲ ਦੀ ਚਿੰਤਾ ਨੂੰ ਦੂਰ ਕੀਤਾ ਜਾਵੇਗਾ।

ਹਰਨਿਸ ਮੁਤਾਬਕ ਪਾਕਿਸਤਾਨ ‘ਚ ਹੜ੍ਹਾਂ ਕਾਰਨ 6 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸਭ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਮਦਦ ਦੀ ਲੋੜ ਹੈ। ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਭਰ ਵਿੱਚ ਇਸ ਹੜ੍ਹ ਨਾਲ ਕਰੀਬ 33 ਮਿਲੀਅਨ ਲੋਕ ਪ੍ਰਭਾਵਿਤ ਹੋਏ ਹਨ। ਸੰਯੁਕਤ ਰਾਸ਼ਟਰ ਵੱਲੋਂ ਕੀਤੀ ਗਈ ਅਪੀਲ ਸਤੰਬਰ 2022 ਤੋਂ ਫਰਵਰੀ 2023 ਤਕ ਹੈ। ਸੰਯੁਕਤ ਰਾਸ਼ਟਰ ਦੀ ਤਰਫ਼ੋਂ ਪਾਕਿਸਤਾਨ ਸਰਕਾਰ ਨੂੰ ਵੀ ਕਿਹਾ ਗਿਆ ਹੈ ਕਿ ਦਿੱਤੀ ਜਾਣ ਵਾਲੀ ਮਦਦ ਦੀ ਰਕਮ ਸਿਰਫ਼ ਪ੍ਰਭਾਵਿਤਾਂ ‘ਤੇ ਖ਼ਰਚ ਕੀਤੀ ਜਾਵੇ। ਇਹ ਵੀ ਕਿਹਾ ਗਿਆ ਹੈ ਕਿ ਇਸ ਰਕਮ ਨੂੰ ਖ਼ਰਚਣ ਵਿਚ ਪਾਰਦਰਸ਼ਤਾ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਸੰਯੁਕਤ ਰਾਸ਼ਟਰ ਨੇ ਸ਼ਾਹਬਾਜ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਸੰਸਥਾ ਨੂੰ ਆਪਣੀ ਨਿਗਰਾਨੀ ਵਿਚ ਰੱਖੇ ਜੋ ਇਸ ਗੱਲ ਦੀ ਪੁਸ਼ਟੀ ਕਰ ਸਕੇ ਕਿ ਇਹ ਸਹੀ ਹੱਥਾਂ ਵਿਚ ਹੈ।