ਸੰਜੀਦਾ ਅਦਾਕਾਰੀ ਹੀ ਪਛਾਣ ਹੈ ਸਾਰਿਕਾ ਢਿੱਲੋਂ ਦੀ

0
372

‘ਸੀਆਈਡੀ‘, ‘ਯੇਹ ਹੈ ਮੁਹੱਬਤੇਂ‘ ‘ਸਾਵਧਾਨ ਇੰਡੀਆ‘, ‘ਕ੍ਰਾਈਮ ਪੈਟਰੋਲ‘, ‘ਭਾਰਤ ਕਾ ਵੀਰ ਮਹਾਰਾਣਾ ਪ੍ਰ੍ਰਤਾਪ‘  ਅਤੇ ਸਟਾਰ ਪਲੱਸ ‘ਤੇ ਇੰਨੀ ਦਿਨੀਂ ਦਰਸ਼ਕਾਂ ਵੱਲੋਂ ਪਸੰਦ ਕੀਤੇ ਜਾ ਰਹੇ ਲੜੀਵਾਰ ‘ਗੁਲਾਮ‘ ਵਿੱਚ ਰਸ਼ਮੀ ਦਾ ਕਿਰਦਾਰ ਨਿਭਾ ਰਹੀ ਅਭਿਨੇਤਰੀ ਸਾਰਿਕਾ ਢਿੱਲੋਂ ਆਪਣੇ ਸੰਵਾਦਾਂ ਤੇ ਸੰਜੀਦਾ ਅਦਾਕਾਰੀ ਕਾਰਨ ਦਰਸ਼ਕਾਂ ਦੇ ਦਿਲਾਂ ‘ਚ ਘਰ ਕਰ ਗਈ  ਹੈ। ਸਾਰਿਕਾ ਢਿੱਲੋਂ ਪੰਜਾਬਣ ਹੈ। ਚੰਡੀਗੜ ‘ਚ ਪੈਦਾ ਹੋਈ ਤੇ ਦਿੱਲੀ ‘ਚ ਪੜੀ-ਲਿਖੀ ਇਹ ਅਭਿਨੇਤਰੀ ਸਕੂਲ ਤੇ ਕਾਲਜ ‘ਚ ਹੁੰਦੇ ਸਮਾਗਮਾਂ ‘ਚ ਭਾਗ ਲੈਂਦੀ ਰਹੀ ਤੇ ਇਸ ਤਰਾਂ ਉਸ ਦੇ ਮਨ ਵਿੱਚ ਅਭਿਨੇਤਰੀ ਬਣਨ ਦਾ ਸੁਪਨਾ ਪੈਦਾ ਹੋਇਆ, ਪਰ ਸਾਰਿਕਾ ਨੂੰ  ਉਦੋਂ ਧੱਕਾ ਲੱਗਾ ਜਦੋਂ ਉਸ ਦੀ ਮਾਂ ਨੂੰ ਅਧਰੰਗ ਹੋ ਗਿਆ। ਇਸ ਤੋਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਡਾਕਟਰੀ ਪੇਸ਼ੇ ਵਿੱਚ ਜਾਣਾ ਚਾਹੀਦਾ ਹੈ ਤੇ ਉਸ ਨੇ ਜੀਐੱਨਐੱਮ ਕਰ ਲਈ, ਪਰ  ਇਸ ਪੜਾਈ ਤੋਂ ਬਾਅਦ ਵੀ ਕਦੇ ਉਸ ਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਉਹ ਕਿਸੇ ਹਸਪਤਾਲ ‘ਚ ਜਾ ਕੇ ਕੋਈ ਨੌਕਰੀ ਕਰੇ। ਸਾਰਿਕਾ ਦੇ ਦਿਲ ਵਿੱਚ ਅਦਾਕਾਰੀ ਦੀ ਚਿਣਗ ਉਸ ਸਮੇਂ ਸੁਲਗੀ ਜਦੋਂ ਉਸ ਦੀ ਅਧਿਆਪਕਾ ਨੇ ਸਾਰਿਕਾ ਦੇ ਪਰਿਵਾਰ ਨੂੰ ਕਿਹਾ ਕਿ ਸਾਰਿਕਾ ਜੇ ਅਦਾਕਾਰੀ ਦੇ ਖੇਤਰ ਵਿੱਚ ਜਾਏ ਤਾਂ ਚੰਗਾ ਨਾਮ ਕਮਾ ਸਕਦੀ ਹੈ। ਜਦੋਂ ਪਰਿਵਾਰ ਨੇ ਉਸ ਦਾ ਹੌਸਲਾ ਵਧਾਇਆ ਤਾਂ  ਬਚਪਨ ਤੋਂ ਹੀ  ਅਦਾਕਾਰੀ ਦਾ  ਸੁਪਨਾ ਸੰਜੋਈ ਬੈਠੀ ਇਸ ਲੜਕੀ ਨੂੰ ਬਲ ਮਿਲਿਆ ਤੇ ਉਸ ਨੇ ਸਟਾਰ ਟੀਵੀ ਤਕ ਪਹੁੰਚ ਕੀਤੀ। ਆਡੀਸ਼ਨ ਤੋਂ ਬਾਅਦ ਸਟਾਰ ਪਲੱਸ ਵਾਲਿਆਂ ਨੇ ਉਸ ਨੂੰ ਲੜੀਵਾਰ ‘ਪਿ੍ਰਥਵੀ ਰਾਜ ਚੌਹਾਨ‘ ਵਿੱਚ ਰਾਜਕੁਮਾਰੀ ਪ੍ਰਥਾ ਦੀ ਭੂਮਿਕਾ ਦਿੱਤੀ। ਇਹ ਲੜੀਵਾਰ ਚਲ ਨਿਕਲਿਆ ਤਾਂ ਉਸ ਨੂੰ ਕਈ ਹੋਰ ਲੜੀਵਾਰਾਂ ਦੀਆਂ ਪੇਸ਼ਕਸ਼ਾਂ ਆਈਆਂ, ਪਰ ਉਸ ਨੇ ਉਨਾਂ ਲੜੀਵਾਰਾਂ ‘ਚ ਹੀ ਕੰਮ ਕੀਤਾ ਜਿਨਾਂ ਵਿੱਚ ਉਸ ਦੀ ਪ੍ਰਤਿਭਾ ਨੂੰ ਚਮਕਣ ਦਾ ਮੌਕਾ ਮਿਲਿਆ। ਉਸ ਨੂੰ ਰਾਜੇਸ਼ ਖੰਨਾ ਨਾਲ ਲੜੀਵਾਰ ‘ਰਘੂਕੁਲ ਰੀਤ ਸਦਾ ਚਲੀ ਆਈ‘ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ। ਉਹ ਹੁਣ ਤਕ ਲਗਭਗ 14 ਲੜੀਵਾਰਾਂ ਵਿੱਚ ਆਪਣੇ ਅਦਾਕਾਰੀ ਦੇ   ਜੌਹਰ ਦਿਖਾ ਚੁੱਕੀ ਹੈ। ਇਸ ਤੋਂ ਬਿਨਾਂ ਉਹ ਗਾਇਕ ਜਗਜੀਤ ਭਈਆ ਦੇ ਐਲਬਮ ਵਿੱਚ ਵੀ ਕੰਮ ਕਰ ਚੁੱਕੀ ਹੈ। ਰਣਬੀਰ ਕਪੂਰ, ਦੀਪਿਕਾ ਪਾਦੂਕੋਣ ਤੇ ਰਾਣੀ ਮੁਖਰਜੀ ਦੀ ਅਦਾਕਾਰੀ ਦੀ ਮੁਰੀਦ ਸਾਰਿਕਾ ਅੱਜਕੱਲ ਲੜੀਵਾਰ ‘ਗੁਲਾਮ‘ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਰਹੀ ਹੈ।