ਗੈਵੀ ਚਹਿਲ ਦੀ ਬੌਲੀਵੁੱਡ ’ਚ ਦਸਤਕ

0
404

ਭਾਵੇਂ ਕਿ ਇਸ ਵੇਲੇ ਪੰਜਾਬੀ ਫ਼ਿਲਮ ਸਨਅਤ ਵੀ ਵਧੀਆ ਪੱਧਰ ‘ਤੇ ਪੁੱਜ ਚੁੱਕੀ ਹੈ, ਪਰ ਪੰਜਾਬੀ ਫ਼ਿਲਮਾਂ ਨਾਲੋਂ ਬੌਲੀਵੁੱਡ ਦਾ ਘੇਰਾ ਜ਼ਿਆਦਾ ਵਿਸ਼ਾਲ ਹੋਣ ਕਰਕੇ, ਅਜੇ ਵੀ ਪੰਜਾਬੀ ਅਦਾਕਾਰਾਂ ਦਾ ਨਿਸ਼ਾਨਾ ਬੌਲੀਵੁੱਡ ਵਿੱਚ ਥਾਂ ਬਣਾਉਣਾ ਹੈ। ਇਸੇ ਤਹਿਤ ਪਿਛਲੇ ਇੱਕ ਦਹਾਕੇ ਤੋਂ ਹਰ ਸਾਲ ਘੱਟੋ-ਘੱਟ ਇੱਕ ਪੰਜਾਬੀ ਫ਼ਿਲਮ ਰਾਹੀਂ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਹੋਣ ਵਾਲੇ ਨਾਇਕ ਗੈਵੀ ਚਹਿਲ ਨੇ ਨਾਇਕ ਵਜੋਂ ਹਿੰਦੀ ਫ਼ਿਲਮ ਉਦਯੋਗ ਵਿੱਚ ਇਸ ਮਹੀਨੇ ਆ ਰਹੀ ਫ਼ਿਲਮ ‘ਯੇਹ ਹੈ ਇੰਡੀਆ‘ ਰਾਹੀਂ ਦਸਤਕ ਦਿੱਤੀ ਹੈ। ‘ਯਾਰਾਂ ਨਾਲ ਬਹਾਰਾਂ‘, ‘ਪਿੰਕੀ ਮੋਗੇ ਵਾਲੀ‘, ਮਹਿੰਦੀ ਵਾਲੇ ਹੱਥ‘ ਅਤੇ ‘ਯਾਰਾਨਾ‘ ਵਰਗੀਆਂ ਚਰਚਿਤ ਪੰਜਾਬੀ ਫ਼ਿਲਮਾਂ ਰਾਹੀਂ ਵੱਡੇ ਪਰਦੇ ਦਾ ਸ਼ਿੰਗਾਰ ਬਣੇ ਗੈਵੀ ਚਹਿਲ ਨੇ ਹਮੇਸ਼ਾਂ ਹੀ ਵੱਡੇ ਬਜਟ ਵਾਲੇ ਹਿੰਦੀ ਲੜੀਵਾਰਾਂ ਰਾਹੀਂ ਛੋਟੇ ਪਰਦੇ ‘ਤੇ ਵੀ ਆਪਣੀਆਂ ਸਰਗਰਮੀਆਂ ਜਾਰੀ ਰੱਖੀਆਂ ਹਨ। ਉਹ ਕਲਰਜ ਚੈਨਲ ‘ਤੇ ‘ਮੋਹੇ ਰੰਗ ਦੇ‘ ਵਰਗੇ ਚਰਚਿਤ ਲੜੀਵਾਰ ਸਮੇਤ ਅਨੇਕ ਟੀ ਵੀ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਲਗਵਾ ਚੁੱਕਿਆ ਹੈ। ਅੱਜ-ਕੱਲ ਉਸ ਦਾ ਲਾਈਫ ਓਕੇ ਚੈਨਲ ‘ਤੇ ਲੜੀਵਾਰ ‘ਸ਼ਪਤ‘ ਪ੍ਰਸਾਰਿਤ ਹੋ ਰਿਹਾ ਹੈ। ਜਿਸ ਵਿੱਚ ਗੈਵੀ ਬਹੁਪਰਤੀ ਕਿਰਦਾਰ ਨਿਭਾ ਰਿਹਾ ਹੈ। ਉਹ ਕਦੇ ਹਕਲਾ ਕੇ ਬੋਲਣ ਵਾਲਾ ਬਣਦਾ ਹੈ ਅਤੇ ਕਦੇ ਗੁੱਸੇਖੋਰ ਇਨਸਾਨ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ। ਇਸੇ ਦੇ ਨਾਲ ਹੀ ਪੰਜਾਬੀ ਚੈਨਲ ਐੱਮਐੱਚ ਵਨ ‘ਤੇ ਉਸ ਦਾ ਲੜੀਵਾਰ ‘ਵਾਰਦਾਤ‘ ਵੀ ਪ੍ਰਸਾਰਿਤ ਹੋ ਰਿਹਾ ਹੈ। ਅਪਰਾਧ ਨਾਲ ਸਬੰਧਤ ਸੱਚੀਆਂ ਕਹਾਣੀਆਂ ਤੋਂ ਪ੍ਰੇਰਿਤ ਇਸ ਸ਼ੋਅ ਵਿੱਚ ਗੈਵੀ ਐਂਕਰ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਛੋਟੇ ਪਰਦੇ ਦੀਆਂ ਇਨਾਂ ਸਰਗਰਮੀਆਂ ਦੇ ਨਾਲ ਉਸ ਦੀ ਵੱਡੇ ਪਰਦੇ ‘ਤੇ ਬਤੌਰ ਨਾਇਕ ‘ਯੇਹ ਹੈ ਇੰਡੀਆ‘ ਹਿੰਦੀ ਫ਼ਿਲਮ ਰਾਹੀਂ ਪਹਿਲੀ ਹਾਜ਼ਰੀ ਲੱਗ ਰਹੀ ਹੈ। ਇਹ ਫ਼ਿਲਮ ਭਾਰਤ ਦੇ ਸਕਾਰਤਮਕ ਪਹਿਲੂਆਂ ਬਾਰੇ ਚਾਨਣਾ ਪਾਉਂਦੀ ਹੈ ਜਿਸ ਵਿੱਚ ਗੈਵੀ ਨੇ ਇੱਕ ਦੇਸ਼ ਨੂੰ ਪਿਆਰ ਕਰਨ ਵਾਲੇ ਭਾਰਤੀ ਦੀ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਇੱਕ ਪਰਵਾਸੀ ਭਾਰਤੀ ਦੇ ਨਿੱਜੀ ਤਜਰਬੇ ਵਿੱਚੋਂ ਉਪਜੀ ਹੈ। ਗੈਵੀ ਦਾ ਕਹਿਣਾ ਹੈ ਕਿ ਨਵੀਂ ਪੀੜੀ ਨੂੰ ਆਪਣੇ ਦੇਸ਼ ਪ੍ਰਤੀ ਫਰਜ਼ਾਂ ਲਈ ਸੁਚੇਤ ਕਰਨ ਵਾਲੀ ਇਸ ਫ਼ਿਲਮ ਵਿੱਚ ਕੰਮ ਕਰਕੇ ਉਹ ਦੇਸ਼ ਪ੍ਰਤੀ ਹੋਰ ਵੀ ਸੁਹਿਰਦ ਹੋ ਗਿਆ ਹੈ। ਗੈਵੀ ਨਾਲ ਇੰਗਲੈਂਡ ਦੀ ਜੰਮਪਲ ਡਿਆਨਾ ਉੱਪਲ ਨਾਇਕਾ ਦੇ ਰੂਪ ਵਿੱਚ ਦਿਖਾਈ ਦੇਵੇਗੀ। ਜ਼ਿਕਰਯੋਗ ਹੈ ਕਿ ਗੈਵੀ ਚਹਿਲ ਇਸ ਤੋਂ ਪਹਿਲਾ ਸਲਮਾਨ ਖ਼ਾਨ ਨਾਲ ‘ਏਕ ਥਾ ਟਾਈਗਰ‘, ਸ਼ਬਾਨਾ ਆਜ਼ਮੀ ਤੇ ਅਨੁਪਮ ਖੇਰ ਨਾਲ ‘ਚਾਕ ਐਂਡ ਡਸਟਰ‘ ਸਮੇਤ 5 ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕਿਆ ਹੈ, ਪਰ ਬਤੌਰ ਨਾਇਕ ‘ਯੇਹ ਹੈ ਇੰਡੀਆ‘ ਉਸ ਦੀ ਪਲੇਠੀ ਫ਼ਿਲਮ ਹੈ। ਇਸ ਫ਼ਿਲਮ ਤੋਂ ਗੈਵੀ ਨੂੰ ਉਮੀਦਾਂ ਹਨ ਕਿ ਬਤੌਰ ਨਾਇਕ ਉਸ ਲਈ ਬੌਲੀਵੁੱਡ ਵਿੱਚ ਨਵੇਂ ਦਰਵਾਜ਼ੇ ਖੁੱਲਣਗੇ। ਗੈਵੀ ਅਮਰੀਕਾ ਵਸਦੇ ਭਾਰਤੀ ਨਿਰਮਾਤਾ ਵੱਲੋਂ ਬਣਾਈ ਜਾ ਰਹੀ ਪੰਜਾਬੀ ਫ਼ਿਲਮ ‘ਵੀਜ਼ਾ‘ ਵਿੱਚ ਵੀ ਨਾਇਕ ਵਜੋਂ ਕੰਮ ਕਰ ਰਿਹਾ ਹੈ।                ਸੁਖਪਾਲ ਕੌਰ ਮੰਦਰਾਂ