ਸਾਬਕਾ ਮੁੱਖ ਮੰਤਰੀ ਚੰਨੀ ਤੋਂ ਦੋ ਕਰੋੜ ਦੀ ਫਿਰੌਤੀ ਮੰਗੀ

0
18

ਰੂਪਨਗਰ-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਗੈਂਗਸਟਰ ਗੋਲਡੀ ਬਰਾੜ ਦੇ ਨਾਮ ‘ਤੇ ਵਟਸਐਪ ਰਾਹੀਂ ਧਮਕੀ ਭਰੇ ਸੁਨੇਹੇ ਭੇਜ ਕੇ ਤੇ ਵਟਸਐਪ ਕਾਲ ਰਾਹੀਂ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਇਹ ਖੁਲਾਸਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਕੀਤਾ ਹੈ। ਸ੍ਰੀ ਚੰਨੀ ਨੇ ਮੀਡੀਆ ਨੂੰ ਦੱਸਿਆ ਕਿ ਲਗਪਗ ਦਸ ਦਿਨ ਪਹਿਲਾਂ ਉਨ੍ਹਾਂ ਨੂੰ ਤੜਕੇ 1.33 ‘ਤੇ ਵਟਸਐਪ ਰਾਹੀਂ ਕਿਸੇ ਵਿਅਕਤੀ ਦਾ ਸੰਦੇਸ਼ ਆਇਆ ਕਿ ਉਹ ਗੋਲਡੀ ਬਰਾੜ ਗੈਂਗ ਤੋਂ ਹੈ ਅਤੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਮਦਦ ਦੀ ਲੋੜ ਹੈ। ਅਗਲੇ ਮੈਸੇਜ ਰਾਹੀਂ ਧਮਕੀ ਦਿੱਤੀ ਗਈ ਕਿ ਜੇ ਸੰਦੇਸ਼ ‘ਤੇ ਧਿਆਨ ਨਾ ਦਿੱਤਾ ਗਿਆ ਤਾਂ ਉਨ੍ਹਾਂ ਦਾ ਹਸ਼ਰ ਵੀ ਸਿੱਧੂ ਮੂਸੇਵਾਲਾ ਵਾਂਗ ਹੋਵੇਗਾ। ਇਸ ਉਪਰੰਤ ਸਵੇਰੇ ਸਾਢੇ ਨੌਂ ਵਜੇ ਅਤੇ ਸ਼ਾਮ ਨੂੰ ਲਗਪਗ ਸਾਢੇ ਚਾਰ ਵਜੇ ਉਸੇ ਹੀ ਨੰਬਰ ਤੋਂ ਫੋਨ ਕਾਲਾਂ ਵੀ ਆਈਆਂ ਜੋ ਉਨ੍ਹਾਂ ਨਹੀਂ ਚੁੱਕੀਆਂ। ਇਸ ਉਪਰੰਤ ਵੀ ਗੈਂਗਸਟਰਾਂ ਨੇ ਫੋਨ ਕਰਨੇ ਜਾਰੀ ਰੱਖੇ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਡੀਜੀਪੀ ਗੌਰਵ ਯਾਦਵ ਤੇ ਰੂਪਨਗਰ ਰੇਂਜ ਦੇ ਏਡੀਜੀਪੀ ਜਸਕਰਨ ਸਿੰਘ ਨੂੰ ਧਮਕੀਆਂ ਦੇ ਸਕਰੀਨ ਸ਼ਾਟ ਵੀ ਭੇਜੇ ਪਰ ਪੁਲੀਸ ਨੇ ਦਸ ਦਿਨ ਬੀਤਣ ਉਪਰੰਤ ਵੀ ਕੋਈ ਕਾਰਵਾਈ ਨਹੀਂ ਕੀਤੀ।