ਸਰੀ ਹਸਪਤਾਲ ਵਿਚ ਸਟਾਫ ਦੀ ਘਾਟ ਕਾਰਨ 6 ਘੰਟੇ ਤਕ ਨਹੀਂ ਉਪਲਬਧ ਹੋਇਆ ਸੀਟੀ ਸਕੈਨਰ

0
11

ਸਰੀ-ਸਥਾਨਕ ਹਸਪਤਾਲ ਵਿਖੇ ਸਟਾਫ ਦੀ ਘਾਟ ਕਾਰਨ 6 ਘੰਟੇ ਤਕ ਮਰੀਜ਼ਾਂ ਨੂੰ ਸੀਟੀ ਸਕੈਨਰ ਦੀਆਂ ਸੇਵਾਵਾਂ ਉਪਲਬਧ ਨਹੀਂ ਹੋ ਸਕੀਆਂ। ਮੇਅਰ ਬਰੈਂਡਾ ਲੋਕ ਨੇ ਕਿਹਾ ਕਿ ਇਹ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਪਿਛਲੇ ਵੀਕਐਂਡ ’ਤੇ ਸਟਾਫ ਦੀ ਘਾਟ ਕਾਰਨ 6 ਘੰਟੇ ਸਿਟੀ ਸਕੈਨਰ ਉਪਲਬਧ ਨਹੀਂ ਹੋਇਆ। ਇਹ ਡਰਾਉਣੀ ਗੱਲ ਹੈ ਕਿ ਸਿਟੀ ਸਕੈਨਰ ਲੰਬਾ ਸਮਾਂ ਉਪਲਬਧ ਨਹੀਂ ਹੋਇਆ ਜਿਥੇ ਸਾਡੇ ਕੋਲ ਇਕੋ ਇਕ ਵੱਡਾ ਹਸਪਤਾਲ ਹੈ। ਇਹ ਚੰਗੀ ਗੱਲ ਨਹੀਂ। ਸਰੀ ਮੈਮੋਰੀਅਲ ਹਸਪਤਾਲ ਦੇ ਸਾਈਟ ਮੈਡੀਕਲ ਡਾਇਰੈਕਟਰ ਡਾਕਟਰ ਮੈਰੀਏਟਾ ਵੈਨ ਡੇਂਗ ਬਰਗ ਨੇ ਦੱਸਿਆ ਕਿ ਅੱਧੀ ਰਾਤ ਤੋਂ ਸਵੇਰੇ 6 ਵਜੇ ਤੱਕ 6 ਘੰਟਿਆਂ ਦੌਰਾਨ ਹਸਪਤਾਲ ਡਿਵਰਸ਼ਨ ’ਤੇ ਸੀ। ਇਸ ਦਾ ਮਤਲਬ ਜੇਕਰ ਕਿਸੇ ਮਰੀਜ਼ ਨੂੰ ਤੁਰੰਤ ਸੀਟੀ ਸਕੈਨ ਦੀ ਲੋੜ ਪੈਂਦੀ ਤਾਂ ਉਸ ਨੂੰ ਰਾਇਲ ਕੋਲੰਬੀਅਨ ਹਸਪਤਾਲ ਭੇਜਿਆ ਜਾਣਾ ਸੀ। ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਜੇਕਰ ਆਈਸੀਯੂ ਵਿਚ ਭਰਤੀ ਮਰੀਜ਼ ਨੂੰ ਤਬਦੀਲ ਕਰਨ ਦੀ ਲੋੜ ਪੈਂਦੀ ਫਿਰ ਕੀ ਹੁੰਦਾ। ਵੈਨ ਡੇਂਗ ਬਰਗ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਮਰੀਜ਼ ਨਹੀਂ ਜਿਸ ਨੂੰ ਤਬਦੀਲ ਕੀਤੇ ਜਾਣ ਦੀ ਲੋੜ ਪੈਂਦੀ। ਜਦੋਂ ਤੋਂ ਵੈਨ ਡੇਂਗ ਬਰਗ ਨੇ ਆਪਣੀ ਭੂਮਿਕਾ ਸੰਭਾਲੀ ਹੈ ਇਹ ਦੂਸਰਾ ਮੌਕਾ ਹੈ ਜਦੋਂ ਸੀਟੀ ਸਕੈਨ ਸਟਾਫ ਦੀ ਘਾਟ ਕਾਰਨ ਮਰੀਜ਼ਾਂ ਲਈ ਉਪਲਬਧ ਨਹੀਂ ਸੀ। ਪਿਛਲੀ ਵਾਰ ਜਦੋਂ ਉਸ ਨੇ ਨਵੰਬਰ 2023 ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਸ ਤੋਂ ਕੁਝ ਦਿਨ ਬਾਅਦ ਇਸ ਤਰ੍ਹਾਂ ਹੋਇਆ ਸੀ।