ਵੇ ਚੱਲ ਉੱਠ ਮੁਸਾਫਰ ਸੁੱਤਿਆ….

0
13

ਬਲਵੀਰ ਕੌਰ ਢਿੱਲੋਂ
ਵੇ ਚੱਲ ਉੱਠ ਮੁਸਾਫਰ ਸੁੱਤਿਆ,
ਉੱਠ ਆਪਣਾ ਮੂਲ਼ ਪਛਾਣ,
ਆਹ ਵਕਤ ਹੱਥੋਂ ਲੰਘ ਚੱਲਿਆ,
ਲੰਘ ਚੱਲਿਆ ਹੋ ਕੇ ਬੇ ਲਗਾਮ …!!

ਹਉਮੈ ਮਣਾ ਮੂੰਹੀ ਪਈ ਬੋਲਦੀ,
ਤੈਨੂੰ ਕਾਹਦਾ ਦੱਸ ਗੁਮਾਨ,
ਇਹ ਦੌਲਤਾਂ ਸ਼ੌਹਰਤਾਂ ਤੇਰੀਆਂ,
ਨਹੀਓਂ ਜਾਣੀਆਂ ਤੇਰੇ ਨਾਲ਼,
ਵੇ ਚੱਲ ਉੱਠ ਮੁਸਾਫਰ ਸੁੱਤਿਆ,
ਉੱਠ ਆਪਣਾ ਮੂਲ਼ ਪਛਾਣ ..!

ਤੇਰੀ ਮੈਂ ਦਾ ਝਗੜਾ ਬਣ ਗਿਆ,
ਵੇ ਬਣਿਆ ਦੁੱਖਾਂ ਦਾ ਜੰਜਾਲ਼,
ਧੀਆਂ ਪੁੱਤਾਂ ਦੇ ਮੋਹ ਨੇ ਜਕੜਿਆ,
ਭੁੱਲ ਗਿਓਂ ਸਿਰ ਤੇ ਬੈਠਾ ਕਾਲ਼..!!
ਵੇ ਚੱਲ ਉੱਠ ਮੁਸਾਫਰ ਸੁੱਤਿਆ,
ਉੱਠ ਆਪਣਾ ਮੂਲ਼ ਪਛਾਣ ..!

ਤੈਨੂੰ ਵਹਿਮਾਂ ਭਰਮਾਂ ਖਾ ਲਿਆ,
ਕਿਉਂ ਡੇਰਿਆਂ ਨੇ ਭਰਮਾ ਲਿਆ,
ਤੇਰੀ ਮੱਤ ਨੂੰ ਜਿੰਦਰੇ ਵੱਜ ਗਏ,
ਬੁੱਧੀ ਨੂੰ ਲੱਗਿਆ ਕਿਉਂ ਜੰਗਾਲ਼,
ਵੇ ਚੱਲ ਉੱਠ ਮੁਸਾਫਰ ਸੁੱਤਿਆ,
ਉੱਠ ਆਪਣਾ ਮੂਲ਼ ਪਛਾਣ ..!

ਆ ਬਹਿ ਕੇ ਦੁਖੜੇ ਫੋਲੀਏ,
ਕੋਈ ਦਿਲ ਦੀਆਂ ਪਰਤਾਂ ਖੋਹਲੀਏ,
ਕੋਈ ਕਿਰਨ ਚਾਨਣ ਦੀ ਟੋਲ਼ੀਏ,
ਦੇਈਏ ਜਿੰਦਗੀ ਨੂੰ ਨਵੀਂ ਚਾਲ
ਵੇ ਚੱਲ ਉੱਠ ਮੁਸਾਫਰ ਸੁੱਤਿਆ,
ਉੱਠ ਆਪਣਾ ਮੂਲ਼ ਪਛਾਣ ..!

ਵੇ ਚੱਲ ਉੱਠ ਮੁਸਾਫਰ ਸੁੱਤਿਆ,
ਉੱਠ ਆਪਣਾ ਮੂਲ਼ ਪਛਾਣ,
ਆਹ ਵਕਤ ਹੱਥੋਂ ਲੰਘ ਚੱਲਿਆ,
ਲੰਘ ਚੱਲਿਆ ਹੋ ਕੇ ਬੇ ਲਗਾਮ …!!