ਇਹ ਫਿਲਮਾਂ ਫਲਾਪ ਹੁੰਦੇ ਹੋਏ ਵੀ ਹਿੱਟ ਹਨ

0
39

ਫਿਲਮ ‘ਕਾਗਜ਼ ਕੇ ਫੂਲ’ ਅਤੇ ‘ਮੇਰਾ ਨਾਮ ਜੋਕਰ’ ਤੋਂ ਇਹ ਸਿਲਸਿਲਾ ਚਲਿਆ ਆ ਰਿਹਾ ਹੈ, ਜਦ ਫਿਲਮਾਂ ਬਾਕਸ ਆਫਿਸ ’ਤੇ ਫਲਾਪ ਹੋ ਜਾਂਦੀਆਂ ਹਨ, ਪ੍ਰੰਤੂ ਬਾਅਦ ਵਿੱਚ ਉਨ੍ਹਾਂ ਨੂੰ ਪ੍ਰਸ਼ੰਸਾ ਮਿਲਦੀ ਹੈ। ‘ਪਿਆਸਾ’ ਤੋਂ ਲੈ ਕੇ ‘ਜਾਨੇ ਭੀ ਦੋ ਯਾਰੋ’ ਤੱਕ ਕਈ ਅਜਿਹੀਆਂ ਫਿਲਮਾਂ ਹਨ। ਪਿਛਲੇ ਪੰਜ ਸਾਲਾਂ ਵਿੱਚ ਵੀ ਅਜਿਹੀਆਂ ਫਿਲਮਾਂ ਆਈਆਂ ਹਨ, ਜੋ ਫਲਾਪ ਰਹੀਆਂ, ਪਰ ਉਨ੍ਹਾਂ ਦੀ ਚਰਚਾ ਬਹੁਤ ਹੁੰਦੀ ਹੈ। ਉਹ ਆਪਣੀਆਂ ਖੂਬੀਆਂ ਲਈ ਮਸ਼ਹੂਰ ਹਨ। 2011 ਵਿੱਚ ਆਈ ਪ੍ਰਿਅੰਕਾ ਚੋਪੜਾ ਦੀ ਫਿਲਮ ‘ਸਾਤ ਖੂਨ ਮਾਫ’ 22 ਕਰੋੜ ਦੀ ਲਾਗਤ ਨਾਲ ਬਣੀ ਸੀ, ਪ੍ਰੰਤੂ ਇਸ ਨੇ ਮਸਾਂ 19 ਕਰੋੜ ਦਾ ਕਾਰੋਬਾਰ ਕੀਤਾ ਸੀ। ਫਿਲਮ ਰਿਲੀਜ਼ ਹੋਣ ਦੇ ਬਾਅਦ ਨਹੀਂ ਚੱਲੀ, ਪਰ ਬਾਅਦ ਵਿੱਚ ਪ੍ਰਿਅੰਕਾ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ। ਸਭ ਤੋਂ ਵੱਧ ਇਰਫਾਨ ਵੱਲੋਂ ਪ੍ਰਿਅੰਕਾ ਨੂੰ ਮਾਰਨ ਵਾਲਾ ਸੀਨ ਪਸੰਦ ਕੀਤਾ ਗਿਆ। ਇਸ ਸੀਰੀਜ਼ ਦੀਆਂ ਬਾਅਦ ਦੀਆਂ ਫਿਲਮਾਂ ਭਾਵੇਂ ਹਿੱਟ ਰਹੀਆਂ ਹੋਣ, ਪਰ 2012 ਵਿੱਚ ਆਈ ਫਿਲਮ ‘ਹੇਟ ਸਟੋਰੀ’ ਫਲਾਪ ਰਹੀ ਸੀ। 16 ਕਰੋੜ ਦੀ ਲਾਗਤ ਨਾਲ ਬਣੀ ਇਸ ਫਿਲਮ ਨੇ ਬਾਕਸ ਆਫਿਸ ’ਤੇ ਮਸਾਂ 14 ਕਰੋੜ ਦਾ ਕਾਰੋਬਾਰ ਕੀਤਾ ਸੀ। ਇਸ ਦੇ ਬਾਵਜੂਦ ਨਿਰਮਾਤਾਵਾਂ ਨੇ ਇਸ ਦੇ ਸੀਕਵਲ ਬਣਾਏ ਅਤੇ ਹਿੱਟ ਰਹੇ। ਇਸ ਸੀਰੀਜ਼ ਦਾ ਆਪਣਾ ਦਰਸ਼ਕ ਵਰਗ ਹੈ। ਸਾਲ 2013 ਵਿੱਚ ਫਿਲਮ ‘ਡੀ ਡੇ’ ਬਾਕਸ ਆਫਿਸ ਦੇ ਅੰਕੜਿਆਂ ਦੇ ਹਿਸਾਬ ਨਾਲ ਫਲਾਪ ਸਾਬਤ ਹੋਈ, ਪ੍ਰੰਤੂ ਹੁਣ ਇਹ ਨਿਖਿਲ ਅਡਵਾਨੀ ਦੀ ਸਭ ਤੋਂ ਵਧੀਆ ਫਿਲਮ ਵਜੋਂ ਜਾਣੀ ਜਾਂਦੀ ਹੈ। ਤੀਹ ਕਰੋੜ ਵਿੱਚ ਬਣੀ ਇਸ ਫਿਲਮ ਨੇ ਮਸਾਂ ਤੀਹ ਕਰੋੜ ਦਾ ਹੀ ਬਿਜ਼ਨਸ ਕੀਤਾ ਸੀ। ਨਿਰਮਾਤਾ ‘ਨੋ ਪ੍ਰਾਫਿਟਸ ਨੋ ਲੌਸ’ ਵਿੱਚ ਰਹੇ, ਪ੍ਰੰਤੂ ਡਿਸਟ੍ਰੀਬਿਊਟਰਾਂ ਨੂੰ ਘਾਟਾ ਹੋ ਗਿਆ ਸੀ। ਭਾਰਤ-ਪਾਕਿ ਰਿਸ਼ਤਿਆਂ ’ਤੇ ਬਣੀ ਫਿਲਮ ‘ਫਿਲਮਸਿਤਾਨ’ (2014) ਕਾਮੇਡੀ ਸਟਾਇਰ ਸਮੀਖਿਅਕਾਂ ਵਿਚ ਕਾਫੀ ਪਸੰਦ ਕੀਤੀ ਗਈ। ਫਿਲਮ ਨੇ ਚੰਗਾ ਸੰਦੇਸ਼ ਦਿੱਤਾ, ਇਸ ਦੇ ਬਾਵਜੂਦ ਇਹ ਬਾਕਸ ਆਫਿਸ ’ਤੇ ਫਲਾਪ ਹੋ ਗਈ। ਫਿਲਮ ਨੇ ਸਿਰਫ 6.14 ਕਰੋੜ ਦਾ ਕਾਰੋਬਾਰ ਕੀਤਾ ਸੀ। ਬਾਅਦ ’ਚ ਇਸ ਫਿਲਮ ਨੂੰ ਬੈਸਟ ਹਿੰਦੀ ਫੀਚਰ ਫਿਲਮ ਦਾ ਨੈਸ਼ਨਲ ਐਵਾਰਡ ਮਿਲਿਆ।