ਸਾਂਝੀਵਾਲਤਾ ਦਾ ਤਿਉਹਾਰ ਲੋਹੜੀ

0
28

ਡਾ. ਇਕਬਾਲ ਸਿੰਘ ਸਕਰੌਦੀ

ਲੋਹੜੀ ਉੱਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ ਕਸ਼ਮੀਰ ਵਿੱਚ ਬੜੀ ਧੂਮ ਧਾਮ ਨਾਲ਼ ਮਨਾਇਆ ਜਾਣ ਵਾਲ਼ਾ ਸਾਰਿਆਂ ਦਾ ਸਰਬ ਸਾਂਝਾ ਤਿਉਹਾਰ ਹੈ। ਇਹ ਤਿਉਹਾਰ ਖੇਤੀਬਾੜੀ ਅਤੇ ਫ਼ਸਲਾਂ ਨਾਲ਼ ਸਿੱਧੇ ਤੌਰ ‘ਤੇ ਜੁੜਿਆ ਹੋਇਆ ਹੋਣ ਕਰਕੇ ਪੁਰਾਤਨ ਸਮੇਂ ਤੋਂ ਹੀ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਬਣੀ ਰਹੀ ਹੈ।

ਪਹਿਲਾਂ ਜ਼ਮੀਨਾਂ ਬਟਾਈ ਉੱਤੇ ਵਾਹੁਣ ਜਾਂ ਚਕੋਤੇ ‘ਤੇ ਚੁੱਕਣ ਲਈ ਅਤੇ ਉਧਾਰ ਲੈਣ ਦੇਣ ਦੇ ਵਹੀ ਖ਼ਾਤੇ ਲਈ ਸਾਲ ਵਿੱਚ ਲੋਹੜੀ ਅਤੇ ਨਿਮਾਣੀ ਦੋ ਖ਼ਾਸ ਦਿਨ ਮੰਨੇ ਜਾਂਦੇ ਸਨ। ਦੂਜੇ ਸ਼ਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਪਹਿਲਾਂ ਪਹਿਲ ਪਿੰਡ ਦੇ ਲੋਕਾਂ ਦਾ ਆਰਥਿਕ ਵਰ੍ਹਾ ਲੋਹੜੀ ਦੇ ਤਿਉਹਾਰ ਤੋਂ ਹੀ ਆਰੰਭ ਹੁੰਦਾ ਸੀ।

ਨਵੇਂ ਸਾਲ ਦੀ ਸ਼ੁਰੂਆਤ ਅੰਗਰੇਜ਼ੀ ਮਹੀਨੇ ਅਨੁਸਾਰ ਇੱਕ ਜਨਵਰੀ ਤੋਂ ਹੁੰਦੀ ਹੈ। ਨਵੇਂ ਸਾਲ ਦੇ ਸ਼ੁਰੂ ਵਿੱਚ ਆਉਂਦਾ ਇਹ ਤਿਉਹਾਰ ਲੋਹੜੀ ਆਮ ਤੌਰ ‘ਤੇ ਤੇਰ੍ਹਾਂ ਜਨਵਰੀ ਨੂੰ ਮਨਾਇਆ ਜਾਂਦਾ ਹੈ। ਦੇਸੀ ਮਹੀਨਿਆਂ ਅਨੁਸਾਰ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਲੋਹੜੀ ਦਾ ਤਿਉਹਾਰ ਮਨਾਉਣ ਦੀ ਰੀਤ ਸਦੀਆਂ ਪੁਰਾਣੀ ਦੱਸੀ ਜਾਂਦੀ ਹੈ।

ਮੁੱਢ ਤੋਂ ਹੀ ਪੰਜਾਬ ਅਤੇ ਇਸ ਦੇ ਆਲ਼ੇ ਦੁਆਲ਼ੇ ਦੇ ਰਾਜ ਖੇਤੀ ਪ੍ਰਧਾਨ ਸੂਬੇ ਰਹੇ ਹਨ। ਪੁਰਾਤਨ ਸਮੇਂ ਤੋਂ ਹੀ ਜਦੋਂ ਬਿਜਲੀ ਵੀ ਨਹੀਂ ਆਈ ਸੀ। ਖੇਤੀਬਾੜੀ ਦੇ ਸਾਧਨ ਵੀ ਇੰਨੇਂ ਵਿਕਸਤ ਨਹੀਂ ਹੋਏ ਸਨ। ਉਦੋਂ ਬਹੁਤੀਆਂ ਫ਼ਸਲਾਂ ਮੀਂਹ ਦੇ ਪਾਣੀ ‘ਤੇ ਹੀ ਨਿਰਭਰ ਕਰਦੀਆਂ ਸਨ। ਉਦੋਂ ਮੋਠ ਅਤੇ ਬਾਜਰੇ ਦੀ ਫ਼ਸਲ ਹੀ ਵਧੇਰੇ ਉਗਾਈ ਜਾਂਦੀ ਸੀ, ਕਿਉਂਕਿ ਇਨ੍ਹਾਂ ਫ਼ਸਲਾਂ ਨੂੰ ਵਧੇਰੇ ਸਿੰਚਾਈ ਕਰਨ ਦੀ ਲੋੜ ਨਹੀਂ ਸੀ।

ਮੋਠ ਬਾਜਰਾ ਆਮ ਹੋਣ ਕਾਰਨ ਇਨ੍ਹਾਂ ਨੂੰ ਮਿਲਾ ਕੇ ਹਾਰੇ ਵਿੱਚ ਲੋਹੜੀ ਵਾਲ਼ੀ ਸ਼ਾਮ ਖਿਚੜੀ ਧਰ ਦਿੱਤੀ ਜਾਂਦੀ ਸੀ। ਉਹ ਹਾਰੇ ਦੀ ਮੱਠੀ-ਮੱਠੀ ਅੱਗ ‘ਤੇ ਹੌਲ਼ੀ-ਹੌਲ਼ੀ ਸਾਰੀ ਰਾਤ ਰਿੱਝਦੀ ਰਹਿੰਦੀ ਸੀ। ਅਗਲੇ ਦਿਨ ਸਵੇਰ ਤੱਕ ਹਾਰੇ ਵਿੱਚ ਪਾਥੀਆਂ ਦੀ ਭੁੱਬਲ ਉੱਤੇ ਖਿਚੜੀ ਨਿੱਘੀ ਰਹਿੰਦੀ ਸੀ। ਇਸ ਲਈ ਕਿਹਾ ਜਾਂਦਾ ਸੀ –

“ਪੋਹ ਰਿੰਨ੍ਹੀ, ਮਾਘ ਖਾਧੀ।”

ਸਮੇਂ ਦੇ ਬਦਲਣ ਨਾਲ਼ ਪੰਜਾਬ ਵਿੱਚ ਚੌਲਾਂ ਦਾ ਉਤਪਾਦਨ ਵਧੇਰੇ ਹੋਣ ਕਾਰਨ ਚੰਗੇ ਸਰਦੇ ਪੁੱਜਦੇ ਘਰਾਂ ਵੱਲੋਂ ਖਿਚੜੀ ਦੀ ਥਾਂ ਦੁੱਧ ਦੀ ਜਾਂ ਗੰਨੇ ਦੇ ਰਸ ਦੀ ਖ਼ੀਰ ਵੀ ਬਣਾਈ ਜਾਣ ਲੱਗ ਪਈ ਹੈ। ਗਿਆਨੀ ਗੁਰਦਿੱਤ ਸਿੰਘ ਨੇ ਆਪਣੀ ਸ਼ਾਹਕਾਰ ਕ੍ਰਿਤ ਮੇਰਾ ਪਿੰਡ ਵਿੱਚ ਲਿਖਿਆ ਹੈ, “ਪਹਿਲਾਂ ਲੋਹੜੀ ਵਾਲ਼ੀ ਸ਼ਾਮ ਨੂੰ ਪਿੰਡ ਦੇ ਲੋਕ ਦਰਵਾਜ਼ੇ ਮੂਹਰੇ ਖ਼ਾਸ ਤੌਰ ‘ਤੇ ਜੁੜਦੇ ਸਨ। ਜਿਸ ਘਰ ਇਸ ਵਰ੍ਹੇ ਮੁੰਡਾ ਜੰਮਿਆ ਹੋਵੇ, ਉਸ ਘਰੋਂ ਗੁੜ ਦੀਆਂ ਭੇਲੀਆਂ ਦਰਵਾਜ਼ੇ ਪੁੱਜਦੀਆਂ ਸਨ। ਜਦੋਂ ਸਾਰੇ ਘਰਾਂ ਤੋਂ ਗੁੜ ਦੀਆਂ ਭੇਲੀਆਂ ਇਕੱਠੀਆਂ ਹੋ ਜਾਂਦੀਆਂ ਤਾਂ ਪਿੰਡ ਦੇ ਇੱਕ ਦੋ ਵਰਤਾਵਿਆਂ ਦੀ ਡਿਊਟੀ ਲਾ ਦਿੱਤੀ ਜਾਂਦੀ। ਵਰਤਾਵੇ ਇਨ੍ਹਾਂ ਭੇਲੀਆਂ ਨੂੰ ਗੁੜ-ਭੰਨਣੇ ਨਾਲ਼ ਭੰਨ ਕੇ ਰਲਾ ਲੈਂਦੇ। ਫ਼ਿਰ ਸੱਥ ਵਿੱਚ ਬੈਠੇ ਲੋਕਾਂ ਨੂੰ ਇਹ ਪਿੰਡ ਦੀਆਂ ‘ਸਾਂਝੀਆਂ ਵਧਾਈਆਂ ਦਾ ਗੁੜ‘ ਵੰਡ ਦਿੰਦੇ ਸਨ।”

ਲੋਹੜੀ ਦੇ ਤਿਉਹਾਰ ਸੰਬੰਧੀ ਡਾਕਟਰ ਮਹਿੰਦਰ ਸਿੰਘ ਵਣਜਾਰਾ ਬੇਦੀ ਨੇ ਲਿਖਿਆ ਹੈ, “ਲੋਹੜੀ, ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵਤਾ ਦੀ ਕੀਤੀ ਜਾਂਦੀ ਪੂਜਾ ਦੀ ਹੀ ਰਹਿੰਦ ਖੂਹੰਦ ਹੈ। ਕੱਤਕ ਦੇ ਮਹੀਨੇ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ। ਉਸ ਦੀਆਂ ਕਿਰਣਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘੱਟ ਜਾਣ ਨਾਲ਼ ਜੋੜਦੇ ਸਨ। ਸੂਰਜ ਦੇ ਚਾਨਣ ਅਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਸ ਪ੍ਰਕਾਰ ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਅਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।” ਲੋਹੜੀ ਦਾ ਤਿਉਹਾਰ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾਂ ਬਹੁਤ ਹੀ ਖ਼ੁਸ਼ੀਆਂ, ਖੇੜੇ, ਚਾਵਾਂ ਮਲ੍ਹਾਰਾਂ ਅਤੇ ਰੀਝਾਂ ਨਾਲ ਮਨਾਇਆ ਜਾਣ ਵਾਲ਼ਾ ਪੰਜਾਬੀਆਂ ਦਾ ਸਰਬ ਸਾਂਝਾ ਤਿਉਹਾਰ ਹੈ।

ਲੋਹੜੀ ਦੇ ਤਿਉਹਾਰ ਨਾਲ਼ ਕਈ ਦੰਤ ਕਥਾਵਾਂ ਵੀ ਜੁੜੀਆਂ ਹੋਈਆਂ ਮਿਲਦੀਆਂ ਹਨ। ਇੱਕ ਕਥਾ ਅਨੁਸਾਰ ਲੋਹੜੀ ਦੇ ਤਿਉਹਾਰ ਦਾ ਸੰਬੰਧ ਭਗਤੀ ਲਹਿਰ ਦੇ ਮਹਾਨ ਭਗਤ, ਭਗਤ ਕਬੀਰ ਜੀ ਦੀ ਪਤਨੀ ‘ਲੋਈ‘ ਦੇ ਨਾਂ ਨਾਲ਼ ਵੀ ਜੋੜਿਆ ਜਾਂਦਾ ਹੈ।

ਕੁਝ ਇੱਕ ਦੀ ਇਹ ਧਾਰਨਾ ਬਣੀ ਹੋਈ ਹੈ ਕਿ “ਲੋਹੜੀ ਸ਼ਬਦ ਲੋਹ ਤੋਂ ਪਿਆ ਹੈ, ਜਿਸ ਦਾ ਅਰਥ ਹੈ ਰੌਸ਼ਨੀ ਅਤੇ ਸੇਕ।” ਇੱਕ ਹੋਰ ਕਥਾ ਅਨੁਸਾਰ ਲੋਹੜੀ ਸ਼ਬਦ ਤਿਲੋਹੜੀ ਤਿਲ, ਲੋਅ, ਅੱਗ ਤੋਂ ਬਣਿਆ ਹੈ। ਕਿਉਂਕਿ ਪਹਿਲਾਂ ਤਿਲ ਪੰਜਾਬ ਦੀ ਮੁੱਖ ਫ਼ਸਲ ਸੀ। ਇਸ ਕਰਕੇ ਤਿਲ ਅਤੇ ਗੁੜ ਨੂੰ ਮਿਲਾ ਕੇ ਰਿਓੜੀਆਂ ਅਤੇ ਗੱਚਕ ਬਣਾਈ ਜਾਂਦੀ ਸੀ। ਪਹਿਲਾਂ ਤਾਂ ਜਵਾਰ ਦੇ ਭੂਤ ਪਿੰਨੇ ਵੀ ਬਣਾਏ ਜਾਂਦੇ ਸਨ। ਇੱਥੋਂ ਹੀ ਪੰਜਾਬੀ ਦੀ ਇੱਕ ਲੋਕ ਉਕਤੀ ਪ੍ਰਸਿੱਧ ਹੋਈ ਜਾਪਦੀ ਹੈ –

“ਮਖਿਆਂ, ਕੀ ਸੁਆਹ ਦੇ ਪਿੰਨਿਆਂ ਪਿੱਛੇ ਭੂਤ ਰਸਾਉਣੇ ਐਂ।”

ਲੋਹੜੀ ਦੇ ਤਿਉਹਾਰ ਦਾ ਸੰਬੰਧ ਪੰਜਾਬ ਦੇ ਲੋਕ ਸਾਹਿਤ ਵਿੱਚ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਇਕ ‘ਦੁੱਲਾ ਭੱਟੀ‘ ਨਾਲ਼ ਵੀ ਜੁੜਿਆ ਹੋਇਆ ਮਿਲਦਾ ਹੈ। ਦੁੱਲਾ ਸਾਂਦਲ ਬਾਰ ਦਾ ਜੰਮਪਲ ਫ਼ਰੀਦ ਖ਼ਾਂ ਦਾ ਪੁੱਤਰ ਅਤੇ ਭੱਟੀ ਰਾਜਪੂਤ ਖ਼ਾਨਦਾਨ ਨਾਲ਼ ਸੰਬੰਧ ਰੱਖਦਾ ਸੀ। ਉਸ ਦੇ ਪਿਉ ਦਾਦੇ ਬੜੇ ਬਹਾਦਰ, ਅਣਖੀਲੇ, ਸੂਰਬੀਰ, ਯੋਧੇ ਸਨ। ਉਹ ਮੁਗ਼ਲਾਂ ਵੱਲੋਂ ਜਨ-ਸਧਾਰਨ ਉੱਤੇ ਕੀਤੇ ਜ਼ੁਲਮਾਂ ਕਾਰਨ ਉਨ੍ਹਾਂ ਦੀ ਧੌਂਸ ਨਹੀਂ ਸਨ ਮੰਨਦੇ। ਇਸ ਕਰਕੇ ਉਹ ਮਾਮਲਾ ਵੀ ਨਹੀਂ ਦਿੰਦੇ ਸਨ।

ਪੰਜਾਬੀ ਲੋਕ ਕਥਾ ਅਨੁਸਾਰ ਮੁਗ਼ਲ ਬਾਦਸ਼ਾਹ ਅਕਬਰ ਨੇ ਸ਼ਾਹੀ ਫੌਜਾਂ ਦੇ ਜ਼ੋਰ ਨਾਲ਼ ਦੁੱਲੇ ਭੱਟੀ ਦੇ ਪਿਉ ਦਾਦੇ ਨੂੰ ਕੈਦ ਕਰਕੇ ਬਾਅਦ ਵਿੱਚ ਲਾਹੌਰ ਵਿੱਚ ਉਨ੍ਹਾਂ ਦਾ ਕਤਲ ਕਰਵਾ ਦਿੱਤਾ ਸੀ। ਮੁਗ਼ਲਾਂ ਵੱਲੋਂ ਜਨ-ਸਧਾਰਨ ਵਿੱਚ ਆਪਣੀ ਸ਼ਕਤੀ ਦੀ ਦਹਿਸ਼ਤ ਪਾਉਣ ਲਈ ਉਨ੍ਹਾਂ ਦੀਆਂ ਖੱਲਾਂ ਵਿੱਚ ਤੂੜੀ ਭਰਵਾ ਕੇ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਟੰਗਵਾ ਦਿੱਤੀਆਂ ਸਨ –

“ਤੇਰਾ ਸਾਂਦਲ ਦਾਦਾ ਮਾਰਿਆ, ਦਿੱਤਾ ਭੋਰੇ ‘ਚ ਪਾ,

ਮੁਗ਼ਲਾਂ ਪੁੱਠੀਆਂ ਖੱਲਾਂ ਲਾਹ ਕੇ, ਭਰੀਆਂ ਨਾਲ਼ ਹਵਾ।”

ਦੁੱਲਾ ਭੱਟੀ ਮੁੱਢ ਤੋਂ ਹੀ ਅਣਖ਼ ਵਾਲ਼ਾ, ਸੂਰਬੀਰ ਯੋਧਾ ਸੀ। ਆਪਣੇ ਪਿਉ ਦਾਦੇ ਦੇ ਕਤਲ ਦਾ ਬਦਲਾ ਲੈਣ ਦੀ ਅੱਗ ਉਹਦੇ ਸੀਨੇ ਵਿੱਚ ਸਦਾ ਭੜਕਦੀ ਰਹਿੰਦੀ ਸੀ। ਇੱਕ ਤਾਂ ਉਸ ਨੇ ਮੁਗ਼ਲ ਹਕੂਮਤ ਨੂੰ ਸਰਕਾਰੀ ਮਾਮਲਾ ਦੇਣਾ ਬੰਦ ਕਰ ਦਿੱਤਾ। ਦੂਜਾ ਸ਼ਾਹੀ ਦਰਬਾਰ ਲਈ ਲਿਜਾਏ ਜਾਂਦੇ ਘੋੜਿਆਂ ਅਤੇ ਹੋਰ ਮਹਿੰਗੇ ਤੋਹਫ਼ਿਆਂ ਨੂੰ ਉਹ ਆਪਣੇ ਸਾਥੀਆਂ ਨਾਲ਼ ਰਾਹ ਵਿੱਚ ਹੀ ਲੁੱਟ ਲੈਂਦਾ ਸੀ। ਲੁੱਟਿਆ ਹੋਇਆ ਧਨ ਦੌਲਤ ਉਹ ਲੋੜਵੰਦਾਂ, ਗ਼ਰੀਬਾਂ ਮਸਕੀਨਾਂ ਕੰਮੀਆਂ ਕਿਰਤੀਆਂ ਵਿੱਚ ਵੰਡ ਦਿੰਦਾ ਸੀ। ਇਸ ਪ੍ਰਕਾਰ ਸ਼ਾਹੀ ਫੌਜਾਂ ਦਾ ਬਾਗ਼ੀ ਜਨ ਸਧਾਰਨ ਲਈ ‘ਲੋਕ ਨਾਇਕ‘ ਬਣ ਗਿਆ। ਪੰਜਾਬੀਆਂ ਦੇ ਹਰਮਨ ਪਿਆਰੇ ਲੇਖਕ ਹਰਦੇਵ ਦਿਲਗੀਰ, ਥਰੀਕੇ ਵਾਲ਼ੇ ਨੇ ਇੱਕ ਗੀਤ ਵਿੱਚ ਦੁੱਲ੍ਹੇ ਭੱਟੀ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਲਿਖਿਆ ਹੈ –

“ਲਵੇ ਬਦਲਾ ਦਾਦੇ ਬਾਪ ਦਾ,

ਦੁੱਲਾ ਭੱਟੀਆਂ ਦਾ ਸਰਦਾਰ ਨੀਂ।

ਗੱਲਾਂ ਕਰੂ ਥਰੀਕੇ ਵਾਲੜਾ,

ਕਿਤੇ ਹੋ ਗੇ ਜੇ ਹੱਥ ਚਾਰ ਨੀਂ।”

ਦੁੱਲਾ ਭੱਟੀ ਦੇ ਜੀਵਨ ਨਾਲ਼ ਸੰਬੰਧਿਤ ਪਰਉਪਕਾਰ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਪੰਜਾਬੀ ਲੋਕ ਸਾਹਿਤ ਵਿੱਚ ਕੀਤਾ ਗਿਆ ਮਿਲਦਾ ਹੈ। ਇੱਕ ਕਥਾ ਅਨੁਸਾਰ ਇੱਕ ਗ਼ਰੀਬ ਪੰਡਿਤ ਦੀਆਂ ਸੁੰਦਰੀ ਅਤੇ ਮੁੰਦਰੀ ਨਾਂ ਦੀਆਂ ਦੋ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਧੀਆਂ ਸਨ। ਧੀਆਂ ਦੇ ਜੁਆਨ ਹੋਣ ‘ਤੇ ਪਿਤਾ ਨੇ ਇੱਕੋ ਘਰ ਦੇ ਦੋ ਜੁਆਨ ਮੁੰਡੇ ਵੇਖ ਕੇ ਉਨ੍ਹਾਂ ਨਾਲ਼ ਰਿਸ਼ਤਾ ਕਰ ਦਿੱਤਾ। ਜਦੋਂ ਮੁਗ਼ਲ ਸਰਦਾਰ ਨੂੰ ਪੰਡਿਤ ਦੀਆਂ ਸੋਹਣੀਆਂ ਧੀਆਂ ਦੀ ਭਿਣਕ ਪਈ ਤਾਂ ਉਸ ਨੇ ਦੋਵੇਂ ਕੁੜੀਆਂ ਨੂੰ ਉਧਾਲ ਕੇ ਲਿਜਾਣ ਦੀ ਯੋਜਨਾ ਬਣਾ ਲਈ। ਕਿਸੇ ਤਰ੍ਹਾਂ ਕੁੜੀਆਂ ਦੇ ਪਿਉ ਨੂੰ ਵੀ ਪਤਾ ਲੱਗ ਗਿਆ। ਉਸ ਨੇ ਕੁੜੀ ਦੇ ਸਹੁਰਿਆਂ ਦੇ ਘਰ ਸੁਨੇਹਾ ਘੱਲ ਦਿੱਤਾ ਕਿ ਅੱਜ ਰਾਤ ਨੂੰ ਦੋਵੇਂ ਕੁੜੀਆਂ ਨੂੰ ਵਿਆਹ ਕੇ ਲੈ ਜਾਵੋ। ਪੰਡਿਤ ਬਹੁਤ ਜ਼ਿਆਦਾ ਗ਼ਰੀਬ ਸੀ। ਇਸ ਲਈ ਉਹ ਮੱਦਦ ਮੰਗਣ ਲਈ ਪਿੰਡ ਦੇ ਨੇੜਲੇ ਜੰਗਲ ਵਿੱਚ ਚਲਾ ਗਿਆ, ਜਿੱਥੇ ਦੁੱਲਾ ਭੱਟੀ ਆਪਣੇ ਸਾਥੀਆਂ ਨਾਲ਼ ਰਹਿ ਰਿਹਾ ਸੀ। ਪੰਡਿਤ ਦੀ ਸਾਰੀ ਗੱਲ ਸੁਣ ਕੇ ਦੁੱਲੇ ਭੱਟੀ ਨੇ ਉਸ ਨੂੰ ਆਖਿਆ –

“ਪੰਡਿਤ ਜੀ, ਤੁਸੀਂ ਕੋਈ ਫ਼ਿਕਰ ਨਾ ਕਰੋ। ਉਹ ਹੁਣ ਮੇਰੀਆਂ ਧੀਆਂ ਹਨ। ਮੈਂ ਆਪਣੇ ਹੱਥੀਂ ਆਪਣੀਆਂ ਧੀਆਂ ਨੂੰ ਵਿਆਹ ਕੇ ਵਿਦਾ ਕਰਾਂਗਾ।”

ਇਸ ਉਪਰੰਤ ਦੁੱਲੇ ਭੱਟੀ ਨੇ ਉਸ ਪੰਡਿਤ ਦੇ ਘਰ ਪੁੱਜ ਕੇ ਸੁੰਦਰੀ ਅਤੇ ਮੁੰਦਰੀ ਦੋਵਾਂ ਕੁੜੀਆਂ ਦੇ ਵਿਆਹ ਆਪ ਕੀਤੇ। ਕੁੜੀਆਂ ਦੀ ਝੋਲ਼ੀ ਵਿੱਚ ਸ਼ੱਕਰ ਪਾ ਕੇ ਉਨ੍ਹਾਂ ਨੂੰ ਵਿਦਾ ਕੀਤਾ।

ਇਸ ਘਟਨਾ ਤੋਂ ਬਾਅਦ ਦੁੱਲਾ ਭੱਟੀ ਸਾਰੇ ਪੰਜਾਬੀਆਂ ਵਿੱਚ ਇੰਨਾਂ ਜ਼ਿਆਦਾ ਹਰਮਨਪਿਆਰਾ ਹੋ ਗਿਆ ਕਿ ਲੋਕਾਂ ਨੇ ਉਹਦੇ ਨਾਂ ਨਾਲ਼ ਜੋੜ ਕੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ –

ਸੁੰਦਰ ਮੁੰਦਰੀਏ, ਹੋ !

ਤੇਰਾ ਕੌਣ ਵਿਚਾਰਾ, ਹੋ!

ਦੁੱਲਾ ਭੱਟੀ ਵਾਲਾ, ਹੋ!

ਦੁੱਲੇ ਧੀ ਵਿਆਹੀ, ਹੋ!

ਸੇਰ ਸ਼ੱਕਰ ਪਾਈ, ਹੋ!

ਕੁੜੀ ਦੇ ਬੋਝੇ ਪਾਈ, ਹੋ!

ਕੁੜੀ ਦਾ ਲਾਲ ਪਟਾਕਾ, ਹੋ!

ਕੁੜੀ ਦਾ ਸਾਲੂ ਪਾਟਾ, ਹੋ!

ਸਾਲੂ ਕੌਣ ਸਮੇਟੇ, ਹੋ!

ਚਾਚਾ ਗਾਲੀ ਦੇਸੇ,ਹੋ!

ਚਾਚਾ ਚੂਰੀ ਕੁੱਟੀ, ਹੋ!

ਜ਼ਿੰਮੀਂਦਾਰਾਂ ਲੁੱਟੀ, ਹੋ!

ਜ਼ਿੰਮੀਂਦਾਰ ਸਦਾਓ, ਹੋ!

ਗਿਣ ਗਿਣ ਪੌਲੇ ਲਾਓ, ਹੋ!

ਇੱਕ ਪੌਲਾ ਘਸ ਗਿਆ, ਹੋ!

ਜ਼ਿੰਮੀਂਦਾਰ ਵਹੁਟੀ ਲੈ ਕੇ ਨੱਸ ਗਿਆ, ਹੋ।

ਹੋ-ਹੋ-ਹੋ-ਹੋ-ਹੋ-ਹੋ-ਹੋ।

ਇਹ ਵੀ ਇੱਕ ਰਵਾਇਤ ਚੱਲਦੀ ਆ ਰਹੀ ਹੈ ਕਿ ਸਗਨਾਂ ਵਜੋਂ ਲੋਹੜੀ ਦੇ ਤਿਉਹਾਰ ਉੱਤੇ ਗੰਨਾ ਪੱਟ ਕੇ ਚੂਪਿਆ ਜਾਂਦਾ ਸੀ। ਖ਼ਿਆਲ ਕੀਤਾ ਜਾਂਦਾ ਸੀ ਕਿ ਲੋਹੜੀ ਦੇ ਤਿਉਹਾਰ ਤੱਕ ਗੰਨੇ ਵਿੱਚ ਪੂਰਾ ਰਸ ਭਰ ਜਾਂਦਾ ਹੈ। ਪਹਿਲਾਂ ਪਹਿਲ ਮੂਲ਼ੀ ਵੀ ਲੋਹੜੀ ਵਾਲ਼ੇ ਦਿਨ ਪੱਟ ਕੇ ਅਗਲੇ ਦਿਨ ਖਾਧੀ ਜਾਂਦੀ ਸੀ। ਪਰੰਤੂ ਖੇਤੀ ਬਾੜੀ ਦੇ ਧੰਦੇ ਵਿੱਚ ਇਨਕਲਾਬੀ ਤਬਦੀਲੀ ਆਉਣ ਕਾਰਨ ਫ਼ਸਲਾਂ ਹੁਣ ਅਗੇਤੀਆਂ ਹੋ ਗਈਆਂ ਹਨ। ਇਸ ਕਰਕੇ ਮੂਲ਼ੀ ਤਾਂ ਸਤੰਬਰ ਮਹੀਨੇ ਤੋਂ ਹੀ ਖਾਧੀ ਜਾਣੀ ਆਰੰਭ ਹੋ ਜਾਂਦੀ ਹੈ। ਪਹਿਲਾਂ ਲੋਹੜੀ ਦੀ ਅੱਗ ਦੇ ਉੱਤੋਂ ਦੀ ਮੂਲੀਆਂ ਚੁਹਾ ਕੇ ਅਗਲੇ ਮਾਘੀ ਵਾਲ਼ੇ ਦਿਨ ਖਾਧੀਆਂ ਜਾਂਦੀਆਂ ਸਨ।

ਪਹਿਲਾਂ ਪਿੰਡਾਂ ਦੇ ਦਰਵਾਜ਼ਿਆਂ ਮੂਹਰੇ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਲੋਹੜੀ ਵਾਲ਼ੇ ਦਿਨ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਕੇ ਧੂਣੀਆਂ ਲਾਈਆਂ ਜਾਂਦੀਆਂ ਸਨ। ਜਿਨ੍ਹਾਂ ਉੱਤੇ ਅੱਧੀ ਰਾਤ ਤੱਕ ਕੁੜੀਆਂ ਮੁੰਡੇ ਧਮਾਲਾਂ ਪਾ ਪਾ ਨੱਚਦੇ ਟੱਪਦੇ ਅਤੇ ਗਾਉਂਦੇ ਰਹਿੰਦੇ ਸਨ।

ਲੋਹੜੀ ਦੇ ਤਿਉਹਾਰ ਤੋਂ ਲਗਪਗ ਇੱਕ ਹਫ਼ਤਾ ਪਹਿਲਾਂ ਛੋਟੇ-ਛੋਟੇ ਮੁੰਡੇ ਕੁੜੀਆਂ ਟੋਲੀਆਂ ਬਣਾ ਕੇ, ਜਿਸ ਜਿਸ ਘਰ ਇਸ ਸਾਲ ਮੁੰਡਾ ਹੋਇਆ ਹੁੰਦਾ ਹੈ, ਗੁੜ, ਤਿਲ ਅਤੇ ਖਾਣ ਵਾਲ਼ੀਆਂ ਹੋਰ ਵਸਤਾਂ ਮੰਗਣ ਜਾਂਦੇ ਸਨ। ਬਾਲਾਂ ਦੀਆਂ ਟੋਲੀਆਂ ਨਿੱਕੀਆਂ-ਨਿੱਕੀਆਂ ਤੋਤਲੀਆਂ ਜ਼ੁਬਾਨਾਂ ਨਾਲ਼ ਗੁੜ ਮੰਗਦੀਆਂ ਬਹੁਤ ਹੀ ਪਿਆਰੀਆਂ ਅਤੇ ਚੰਗੀਆਂ ਲੱਗਦੀਆਂ –

ਤਿਲ ਛੰਡੇ ਛੰਡ ਛੰਡਾਏ, ਗੁੜ ਦੇਹ ਮੁੰਡੇ ਦੀਏ ਮਾਏ।

ਅਸੀਂ ਗੁੜ ਨਹੀਂ ਲੈਣਾ ਥੋੜ੍ਹਾ, ਅਸੀਂ ਲੈਣਾ ਗੁੜ ਦਾ ਰੋੜਾ।

ਪੁੰਨੂੰ ਨੂੰ ਸਾਡੀ ਰਾਮ ਰਾਮ, ਸੀਤਾ ਨੂੰ ਸਾਡੀ ਜੈ ਜੈ ਰਾਮ।

ਕੋਠੀ ਹੇਠ ਚਾਕੂ, ਗੁੜ ਦੇਊ ਮੁੰਡੇ ਦਾ ਬਾਪੂ।

ਕੋਠੇ ਉੱਤੇ ਕਾਂ, ਗੁੜ ਦੇ ਏ ਮੁੰਡੇ ਦੀ ਮਾਂ।

ਉੱਖਲੀ ‘ਚ ਛੱਕੇ, ਤੇਰਾ ਪੁੱਤ ਚੜ੍ਹੇ ਯੱਕੇ।

ਸਾਡੀ ਲੋਹੜੀ ਮਨਾ ਦੇ।

ਉੱਖਲੀ ‘ਚ ਪਾਥੀ, ਤੇਰਾ ਪੁੱਤ ਚੜ੍ਹੇ ਹਾਥੀ।

ਸਾਡੀ ਲੋਹੜੀ ਮਨਾ ਦੇ।

ਛੋਟੇ ਬਾਲਾਂ ਦੀਆਂ ਇਨ੍ਹਾਂ ਟੋਲੀਆਂ ਨੇ ਗੁੜ ਦੇ ਨਾਲ਼-ਨਾਲ਼ ਧੂਣੀ ਬਾਲ਼ਣ ਲਈ ਪਾਥੀਆਂ ਅਤੇ ਲੱਕੜਾਂ ਵੀ ਤਾਂ ਇਕੱਠੀਆਂ ਕਰਨੀਆਂ ਹੁੰਦੀਆਂ ਸਨ। ਇਸ ਲਈ ਤੁਰੇ ਜਾਂਦਿਆਂ ਹਰੇਕ ਘਰ ਦੇ ਦਰਵਾਜ਼ੇ ਅੱਗੇ ਇਹ ਧਾਰਨਾ ਵੀ ਲਾਈ ਜਾਂਦੀ ਸੀ –

ਕੁੱਪੀਏ ਨੀ ਕੁੱਪੀਏ, ਅਸਮਾਨ ਤੇ ਲੁੱਟੀਏ।

ਅਸਮਾਨ ਪੁਰਾਣਾ, ਛਿੱਕ ਬੰਨ੍ਹ ਤਾਣਾ।

ਲੰਗਰੀ ‘ਚ ਦਾਲ਼, ਮਾਰ ਮੱਥੇ ਨਾਲ਼।

ਮੱਥਾ ਤੇਰਾ ਵੱਡਾ, ਲਿਆ ਲੱਕੜੀਆਂ ਦਾ ਗੱਡਾ।

ਇਸ ਤਰ੍ਹਾਂ ਪਾਥੀਆਂ ਅਤੇ ਲੱਕੜਾਂ ਇਕੱਠੀਆਂ ਕਰਦਿਆਂ ਨੂੰ ਦੂਜਾ ਵਧਾਈ ਵਾਲ਼ਾ ਘਰ ਆ ਜਾਂਦਾ। ਫ਼ਿਰ ਨਵੇਂ ਗੀਤ ਦੀ ਤੰਦ ਛੋਹ ਲਈ ਜਾਂਦੀ –

ਚੱਲ ਓਏ ਮਿੱਤੂ ਗਾਹੇ ਨੂੰ, ਬਾਬੇ ਵਾਲ਼ੇ ਰਾਹੇ ਨੂੰ।

ਜਿੱਥੇ ਬਾਬਾ ਮਾਰਿਆ, ਦਿੱਲੀ ਕੋਟ ਸਵਾਰਿਆ।

ਦਿੱਲੀ ਕੋਟ ਦੀਆਂ ਰੋਟੀਆਂ, ਜਿਊਣ ਸਾਧੂ ਦੀਆਂ ਝੋਟੀਆਂ।

ਝੋਟੀਆਂ ਗਲ਼ ਪੰਜਾਲੀ, ਜੀਊਣ ਸਾਧੂ ਦੇ ਹਾਲੀ।

ਹਾਲੀਆਂ ਪੈਰੀਂ ਜੁੱਤੀ, ਜੀਵੇ ਸਾਧੂ ਦੀ ਕੁੱਤੀ।

ਕੁੱਤੀ ਦੇ ਗਲ਼ ‘ਤੇ ਫੋੜਾ, ਜੀਵੇ ਸਾਧੂ ਦਾ ਘੋੜਾ।

ਘੋੜੇ ਉੱਤੇ ਕਾਠੀ, ਜੀਵੇ ਸਾਧੂ ਦਾ ਹਾਥੀ।

ਹਾਥੀ ਉੱਤੇ ਛਾਪੇ, ਜਿਊਂਣ ਸਾਧੂ ਦੇ ਮਾਪੇ।

ਲੋਹੜੀ ਬਈ ਲੋਹੜੀ, ਦਿਓ ਗੁੜ ਦੀ ਰੋੜੀ।

ਇਹੋ ਜਿਹੀਆਂ ਪਿਆਰੀਆਂ ਅਤੇ ਤੋਤਲੀਆਂ ਆਵਾਜ਼ਾਂ ਵਿੱਚ ਗਾਏ ਗੀਤ ਸੁਣ ਕੇ ਹਰ ਇੱਕ ਦੀ ਰੂਹ ਨਸ਼ਿਆ ਜਾਂਦੀ। ਲੋਕਾਂ ਦੇ ਘਰਾਂ ਅੱਗੇ ਭੀੜ ਜਮ੍ਹਾਂ ਹੋ ਜਾਂਦੀ। ਕਈ ਘਰਾਂ ਵਾਲ਼ੇ ਆਪਣੇ ਕੰਮਾਂ ਕਾਰਾਂ ਵਿੱਚ ਰੁੱਝੇ ਹੋਏ ਹੋਣ ਕਾਰਨ ਲੋਹੜੀ ਵਾਲ਼ੀ ਟੋਲੀ ਨੂੰ ਗੁੜ, ਸ਼ੱਕਰ, ਤਿਲ ਆਦਿ ਦੇਣ ਵਿੱਚ ਦੇਰੀ ਕਰ ਦਿੰਦੇ। ਇਸ ਪ੍ਰਕਾਰ ਇਨ੍ਹਾਂ ਨੰਨ੍ਹੇ ਮੁੰਨੇ ਬਾਲ ਕਲਾਕਾਰਾਂ ਵੱਲੋਂ ਆਪਣੇ ਗੀਤਾਂ ਵਿੱਚ ਅੱਗੇ ਛੇਤੀ ਟੋਰਨ ਦੀ ਰਮਜ ਵੀ ਸੁੱਟ ਦਿੱਤੀ ਜਾਂਦੀ ਸੀ –

ਰੱਤੇ ਚੀਰੇ ਵਾਲ਼ੀ!

ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ।

ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਟੋਰ।

ਦੇਹ ਗੋਹਾ, ਖਾਹ ਖੋਆ। ਸੁੱਟ ਲੱਕੜ, ਖਾਹ ਸ਼ੱਕਰ।

ਲੋਹੜੀ ਬਈ ਲੋਹੜੀ, ਕਾਕਾ ਚੜਿ੍ਹਆ ਘੋੜੀ।

ਜਦੋਂ ਪਾਥੀਆਂ ਅਤੇ ਲੱਕੜਾਂ ਇੱਕ ਥਾਂ ਇਕੱਠੀਆਂ ਕਰ ਲਈਆਂ ਜਾਂਦੀਆਂ, ਤਦ ਲੋਹੜੀ ਦਾ ਆਰੰਭ ਕੀਤਾ ਜਾਂਦਾ। ਪਾਥੀਆਂ ਅਤੇ ਲੱਕੜਾਂ ਦੇ ਢੇਰ ਨੂੰ ਇੱਕ ਸਥਾਨ ‘ਤੇ ਇਕੱਠਾ ਕਰਕੇ ਧੂਣੀ ਬਾਲ਼ੀ ਜਾਂਦੀ ਹੈ। ਬਲ਼ਦੀ ਅੱਗ ਵਿੱਚ ਤਿਲ ਪਾ ਕੇ ਅਰਦਾਸ ਕੀਤੀ ਜਾਂਦੀ ਹੈ। ਇਸ ਪ੍ਰਕਾਰ ਇੱਕ ਤਰ੍ਹਾਂ ਨਾਲ਼ ਅੱਗ ਦੀ ਪੂਜਾ ਕੀਤੀ ਜਾਂਦੀ ਹੈ।

ਜਦੋਂ ਤੋਂ ਮਨੁੱਖ ਨੇ ਅੱਗ ਦੀ ਕਾਢ ਕੱਢੀ ਹੈ, ਉਦੋਂ ਤੋਂ ਹੀ ਉਸ ਦੇ ਮਨ ਵਿੱਚ ਅਗਨੀ ਦੀ ਪੂਜਾ ਕਰਨ ਦਾ ਸੰਕਲਪ ਬੈਠਿਆ ਹੋਇਆ ਹੈ। ਹਵਨ ਕਰਨ ਦੀ ਰਸਮ ਵੀ ਸਿੱਧੇ ਤੌਰ ‘ਤੇ ਅਗਨੀ ਨਾਲ਼ ਸੰਬੰਧਿਤ ਹੈ।

ਅਸੀਂ ਬਲ਼ਦੀ ਧੂਣੀ ਵਿੱਚ ਤਿਲ ਪਾ ਕੇ ਮੱਥਾ ਟੇਕਦੇ ਹਾਂ। ਨਮਸਕਾਰ ਕਰਦੇ ਹਾਂ। ਇੱਕ ਅਰਦਾਸ ਕਰਦੇ ਹਾਂ। ਮੂੰਹੋਂ ਬੋਲਦੇ ਹਾਂ –

“ਈਸ਼ਰ ਆ ਦਲਿੱਦਰ ਜਾਹ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।”

ਲੋਹੜੀ ਦੇ ਤਿਉਹਾਰ ਉੱਤੇ ਅਸੀਂ ਪ੍ਰਭੂ ਨੂੰ ਬੇਨਤੀ ਕਰਦੇ ਹਾਂ ਕਿ ਹੇ ਈਸ਼ਵਰ! ਤੁਸੀਂ ਸਾਨੂੰ ਸ਼ਕਤੀ ਦਿਓ। ਸਾਨੂੰ ਪਾਵਰ ਦਿਓ। ਅਸੀਂ ਐਕਟਿਵ ਹੋਈਏ। ਜੋ ਵੀ ਆਲਸੀ ਪੁਣਾ ਹੈ, ਉਸ ਨੂੰ ਜੜ੍ਹ ਤੋਂ ਪੁੱਟ ਕੇ ਅੱਗ ਵਿੱਚ ਸਾੜ੍ਹ ਦੇਈਏ। ਕਿਉਂਕਿ ਖੇਤੀ ਦੇ ਨਾਲ਼-ਨਾਲ਼ ਕੋਈ ਵੀ ਕੰਮ ਧੰਦਾ ਅਸੀਂ ਕਰਨਾ ਹੈ, ਉਹਦੇ ਵਿੱਚ ਆਲਸ, ਸੁਸਤੀ, ਵਿਹਲੇ ਰਹਿਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

ਜਦੋਂ ਕਿਸੇ ਔਰਤ ਦਾ ਨਵਾਂ ਵਿਆਹ ਹੋਇਆ ਹੁੰਦਾ ਤਾਂ ਸਭ ਤੋਂ ਪਹਿਲਾਂ ਉਸ ਤੋਂ ਲੋਹੜੀ ਦੀ ਸ਼ੁਰੂਆਤ ਕਰਵਾਈ ਜਾਂਦੀ ਸੀ। ਅਰਥਾਤ ਉਹ ਧੂਣੀ ਨੂੰ ਬਾਲ਼ਦੀ ਸੀ। ਤਦ ਇਹ ਗੀਤ ਗਾਇਆ ਜਾਂਦਾ ਸੀ –

ਕੀਹਨੇ ਨੀਂ ਲੋਹੜੀ ਉੱਖਣੀ,

ਕੀਹਦੀ ਬੰਨ੍ਹੋਂ ਨੇ ਭਰਿਆ ਥਾਲ ਵੇ, ਚੰਬੇ ਦਾ ਡਾਲ,

ਤੂੰ ਮੱਚ ਧਰਮੀਂ ਲੋਹੜੀਏ।

ਰਵਿੰਦਰ ਲੋਹੜੀ ਉੱਖਣੀ,

ਉਹਦੀ ਬੰਨ੍ਹੋਂ ਨੇ ਭਰਿਆ ਥਾਲ, ਚੰਬੇ ਦਾ ਡਾਲ,

ਤੂੰ ਮੱਚ ਧਰਮੀਂ ਲੋਹੜੀਏ!

ਨਵੀਂ ਵਿਆਹੁਲੀ ਤੋਂ ਲੋਹੜੀ ਦੀ ਸ਼ੁਰੂਆਤ ਕਰਵਾਉਣ ਦਾ ਇੱਕੋ ਇੱਕ ਉਦੇਸ਼ ਇਹ ਹੁੰਦਾ ਸੀ ਕਿ ਅਗਲੀ ਲੋਹੜੀ ਤੋਂ ਪਹਿਲਾਂ- ਪਹਿਲਾਂ ਉਹ ਪੁੱਤਰ ਨੂੰ ਜਨਮ ਦੇਵੇਗੀ। ਉਦੋਂ ਖੇਤੀਬਾੜੀ ਹੀ ਮੁੱਖ ਧੰਦਾ ਹੋਣ ਕਾਰਨ ਪੁੱਤਰਾਂ ਨੂੰ ਧੀਆਂ ਨਾਲੋਂ ਕਿਤੇ ਵੱਧ ਤਰਜੀਹ ਦਿੱਤੀ ਜਾਂਦੀ ਸੀ।

ਲੋਹੜੀ ਤੋਂ ਅਗਲੇ ਦਿਨ ਮੂੰਹ ਹਨ੍ਹੇਰੇ ਜਦੋਂ ਲੋਹੜੀ ਨੂੰ ਇਕੱਠਾ ਕੀਤਾ ਜਾਂਦਾ ਸੀ। ਅਰਥਾਤ ਧੂਣੀ ਦੀ ਸੁਆਹ ਨੂੰ ਇਕੱਠਾ ਕਰਨਾ ਹੁੰਦਾ ਸੀ ਤਾਂ ਆਮ ਤੌਰ ‘ਤੇ ਉਹ ਵਿਆਹੁਤਾ ਔਰਤ ਇਹ ਜ਼ਿੰਮੇਵਾਰੀ ਨਿਭਾਉਂਦੀ ਸੀ, ਜਿਸ ਦੇ ਵਿਆਹ ਨੂੰ ਕਾਫ਼ੀ ਸਾਲ ਹੋ ਚੁੱਕੇ ਹੋਣ ਦੇ ਬਾਵਜੂਦ ਵੀ ਉਹ ਬੇਔਲਾਦ ਹੁੰਦੀ ਸੀ। ਉਸ ਸਮੇਂ ਹੇਠ ਲਿਖਿਆ ਗੀਤ ਛੋਹ ਲਿਆ ਜਾਂਦਾ ਸੀ –

ਸੁਖਦੀਪ ਕੁੜੀਏ!

ਤੂੰ ਕਿਉਂ ਹੋਈਓਂ ਦਿਲਗੀਰ। ਬੱਚਾ ਦੇਊ ਜੋਗੀਪੀਰ।

ਤੇਰੀ ਜੱਗ ਵਿੱਚ ਰਲ਼ ਜੂ ਸੀਰ। ਲੋਹੜੀ ਥਾਪ ਦਿਓ ਨੀਂ।

ਵੱਢੋ ਜੰਡ ਤੇ ਕਰੀਰ। ਲੋਹੜੀ ਥਾਪ ਦਿਓ ਨੀਂ।

ਅਸੀਂ ਜਾਣਦੇ ਹਾਂ ਕਿ ਜੰਡ ਅਤੇ ਕਰੀਰ ਉਜਾੜ , ਰੋਹੀ ਬੀਆਬਾਨ ਵਿੱਚ ਹੁੰਦੇ ਹਨ। ਹਰੀਆਂ ਭਰੀਆਂ ਫ਼ਸਲਾਂ ਉਪਜਾਊ ਅਤੇ ਪੱਧਰੀ ਧਰਤੀ ਉੱਤੇ ਉਗਾਈਆਂ ਜਾਂਦੀਆਂ ਹਨ। ਇਸ ਪ੍ਰਕਾਰ ਅਸੀਂ ਜੰਡ ਅਤੇ ਕਰੀਰ ਨੂੰ ਵੱਢਣਾ ਚਾਹੁੰਦੇ ਹਾਂ ਤਾਂ ਜੋ ਹਰੀਆਂ ਭਰੀਆਂ ਫ਼ਸਲਾਂ ਦੀ ਕਾਸ਼ਤ ਵਿੱਚ ਵਾਧਾ ਹੋਵੇ।

ਜਿੱਥੇ ਪਹਿਲਾਂ ਲੋਹੜੀ ਦੇ ਤਿਉਹਾਰ ਨੂੰ ਵਿਸ਼ੇਸ਼ ਤੌਰ ‘ਤੇ ਪੁੱਤਰ ਦੀ ਆਮਦ ਉੱਤੇ ਜਾਂ ਨਵਾਂ ਵਿਆਹ ਹੋਣ ਦੀ ਖ਼ੁਸ਼ੀ ਵਿੱਚ ਹੀ ਵਧੇਰੇ ਚਾਹ, ਉਤਸ਼ਾਹ ਅਤੇ ਉਮਾਹ ਸਹਿਤ ਮਨਾਇਆ ਜਾਂਦਾ ਸੀ। ਜਿਉਂ- ਜਿਉਂ ਸਾਡੀ ਜੀਵਨ ਜਾਚ ਵਿੱਚ ਤਬਦੀਲੀ ਆਈ ਹੈ। ਲੋਕਾਂ ਦੇ ਕੰਮ ਕਰਨ ਦੇ ਤੌਰ ਤਰੀਕੇ ਬਦਲੇ ਹਨ। ਹੁਣ ਸਮੇਂ ਦੇ ਬਦਲਣ ਨਾਲ਼ ਮੁੰਡਿਆਂ ਦੇ ਨਾਲ਼-ਨਾਲ਼ ਕੁੜੀਆਂ ਦੀ ਪੜ੍ਹਾਈ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾਣ ਲੱਗ ਪਈ ਹੈ। ਹੁਣ ਜਦੋਂ ਕੁੜੀਆਂ ਦੀ ਪੜ੍ਹਾਈ ਨੂੰ ਬਰਾਬਰ ਅਹਿਮੀਅਤ ਦਿੱਤੀ ਗਈ ਹੈ ਤਾਂ ਕੁਦਰਤੀ ਤੌਰ ‘ਤੇ ਉਹ ਸਮਾਜ ਦੇ ਵੱਖ-ਵੱਖ ਕੰਮਾਂ ਵਿੱਚ ਮੁੰਡਿਆਂ ਦੇ ਬਰਾਬਰ ਆ ਖੜ੍ਹੀਆਂ ਹਨ। ਉਹ ਹੁਣ ਸਮਾਜ ਦੇ ਹਰੇਕ ਖੇਤਰ ਵਿੱਚ ਮੁੰਡਿਆਂ ਦੇ ਬਰਾਬਰ ਕੰਮ ਕਰਨ ਲੱਗ ਪਈਆਂ ਹਨ। ਮੈਰਿਟ ਸੂਚੀ ਵਿੱਚ ਤਾਂ ਉਹ ਮੁੰਡਿਆਂ ਨਾਲੋਂ ਵੀ ਅੱਗੇ ਲੰਘ ਚੁੱਕੀਆਂ ਹਨ। ਇੱਥੇ ਪ੍ਰਸਿੱਧ ਸ਼ਾਇਰ ਸੁਰਿੰਦਰ ਭੂਪਾਲ ਦੇ ਲਿਖੇ ਗੀਤ ਦੀਆਂ ਕੁਝ ਸਤਰਾਂ ਬਹੁਤ ਢੁੱਕਵੀਆਂ, ਜੱਚਵੀਆਂ, ਫ਼ੱਬਵੀਆਂ, ਲੱਗਦੀਆਂ ਹਨ –

ਆਉ ਧੀਆਂ ਦੀ ਲੋਹੜੀ ਪਾਈਏ, ਕੱਠੇ ਹੋਈਏ ਕਸਮਾਂ ਖਾਈਏ।

ਇਕ ਸਹੁੰ ਮੇਰੀ ਅੰਮੜੀ ਖਾਵੇ, ਆਪਣੀ ਕੁੱਖੋਂ ਧੀ ਬਚਾਵੇ,

ਸੱਧਰਾਂ ਨੂੰ ਨਾ ਲਾਂਬੂ ਲਾਵੇ। ਕਿਉਂ ਧੀਆਂ ਦੀ ਬਲੀ ਚੜ੍ਹਾਈਏ?

ਆਉ ਧੀਆਂ ਦੀ ਲੋਹੜੀ ਪਾਈਏ।

ਇਕ ਸਹੁੰ ਮੇਰਾ ਬਾਬਲ ਖਾਵੇ, ਵਾਰੇ ਵਾਰੇ ਧੀ ਤੋਂ ਜਾਵੇ,

ਪੁੱਤਾਂ ਵਾਂਗੂੰ ਧੀ ਪੜ੍ਹਾਵੇ। ਧੀ ਹੋਣ ਦਾ ਮਾਣ ਵਧਾਈਏ।

ਆਉ ਧੀਆਂ ਦੀ ਲੋਹੜੀ ਪਾਈਏ।

ਇਕ ਸਹੁੰ ਮੇਰਾ ਵੀਰਾ ਖਾਵੇ, ਵਧੀਆ ਇੱਕ ਸਮਾਜ ਬਣਾਵੇ।

ਦਾਜ ਦਹੇਜ ਨਜ਼ਰ ਨਾ ਆਵੇ। ਜੜ੍ਹੋਂ ਬਿਮਾਰੀ ਨੂੰ ਹਟਾਈਏ।

ਆਉ ਧੀਆਂ ਦੀ ਲੋਹੜੀ ਪਾਈਏ।

ਇਕ ਸਹੁੰ ਮੇਰੀ ਦਾਦੀ ਖਾਵੇ, ਧੀ ਦੀ ਲੋਰੀ ਉੱਚੀ ਗਾਵੇ।

ਗੋਦੀ ਲੈ ਕੋਈ ਪਾਠ ਸੁਣਾਵੇ। ਘਰ ਘਰ ਇਸ ਦੀ ਖ਼ੁਸ਼ੀ

ਮਨਾਈਏ,

ਆਉ ਧੀਆਂ ਦੀ ਲੋਹੜੀ ਪਾਈਏ।

ਇਕ ਸਹੁੰ ਧੀਆਂ ਆਪ ਵੀ ਖਾਵਣ, ਪੱਗ ਬਾਪੂ ਦੀ ਦਾਗ਼ ਨਾ

ਲਾਵਣ,

ਕਲਪਨਾ ਵਾਂਗੂੰ ਨਾਂ ਚਮਕਾਵਣ। ਦੇਵੀ ਸ਼ਕਤੀ ਨੂੰ ਵਿਖਾਈਏ,

ਆਉ ਧੀਆਂ ਦੀ ਲੋਹੜੀ ਪਾਈਏ।

ਹੁਣ ਇਸ ਬਦਲਦੇ ਮਾਹੌਲ ਵਿੱਚ ਧੀਆਂ ਦੀ ਲੋਹੜੀ ਵੀ ਉੱਨੇ ਹੀ ਉਤਸ਼ਾਹ ਨਾਲ਼ ਮਨਾਈ ਜਾਣੀ ਆਰੰਭ ਹੋਈ ਹੈ, ਜਿੰਨੀਂ ਕਿ ਮੁੰਡਿਆਂ ਦੀ ਲੋਹੜੀ ਮਨਾਈ ਜਾਂਦੀ ਹੈ। ਚੰਗੇ ਸਮਾਜ ਦੀ ਉਸਾਰੀ ਲਈ ਇਸ ਤਬਦੀਲੀ ਨੂੰ ਸ਼ੁਭ ਸ਼ਗਨ ਹੀ ਕਹਿਣਾ ਬਣਦਾ ਹੈ। ਇਸ ਪ੍ਰਕਾਰ ਬਦਲਦੇ ਸਮੇਂ ਵਿੱਚ ਲੋਹੜੀ ਦੇ ਤਿਉਹਾਰ ਨੂੰ ਮਨਾਉਣ ਵਿੱਚ ਵੀ ਤਬਦੀਲੀ ਆਉਣ ਨਾਲ਼ ਇਸ ਤਿਉਹਾਰ ਦੀ ਸਾਰਥਕਤਾ ਬਣੀ ਹੋਈ ਹੈ।

ਜੇਕਰ ਸਾਡੇ ਤਿਉਹਾਰ ਪੁਰਾਤਨਤਾ ਨਾਲ਼ ਹੀ ਜੁੜੇ ਰਹਿਣਗੇ ਤਾਂ ਇਨ੍ਹਾਂ ਵਿੱਚੋਂ ਰਸ, ਖਿੱਚ, ਰੌਚਕਤਾ, ਆਕਰਸ਼ਣ ਹੌਲ਼ੀ ਹੌਲ਼ੀ ਘੱਟਦਾ ਜਾਵੇਗਾ। ਅੰਤ ਵਿੱਚ ਬਿਲਕੁਲ ਖ਼ਤਮ ਹੋ ਜਾਵੇਗਾ।

ਹੁਣ ਕੁੜੀਆਂ ਵੱਖ-ਵੱਖ ਵਿਭਾਗਾਂ, ਅਦਾਰਿਆਂ ਵਿੱਚ ਨੌਕਰੀ ਕਰਨ ਤੋਂ ਇਲਾਵਾ ਉਹ ਖੇਤੀਬਾੜੀ ਵੀ ਕਰਦੀਆਂ ਹਨ। ਉਹ ਟਰੈੱਕਟਰ ਚਲਾਉਂਦੀਆਂ ਹਨ। ਕੰਬਾਈਨ ਚਲਾਉਣ ਲੱਗ ਪਈਆਂ ਹਨ। ਕਹੀ ਚਲਾਉਂਦੀਆਂ ਹਨ। ਉਹ ਖੇਤਾਂ ਨੂੰ ਪਾਣੀ ਲਾਉਂਦੀਆਂ ਹਨ। ਹੁਣ ਉਹ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲ਼ੋਂ ਪਿੱਛੇ ਨਹੀਂ ਹਨ।

ਜਿੱਥੇ ਪਹਿਲਾਂ ਲੋਹੜੀ ਦੇ ਤਿਉਹਾਰ ਨੂੰ ਮੁੰਡੇ ਦੇ ਜਨਮ ਨਾਲ਼ ਹੀ ਜੋੜਿਆ ਜਾਂਦਾ ਸੀ। ਉੱਥੇ ਹੁਣ ਇਹ ਤਿਉਹਾਰ ਬੱਚੇ ਦੇ ਜਨਮ ਨਾਲ਼ ਜੋੜਿਆ ਜਾਣ ਲੱਗਾ ਹੈ। ਇਸੇ ਲਈ ਕਿਹਾ ਜਾਂਦਾ ਹੈ –

“ਨਾ ਪੁੱਤ ਦੀ, ਨਾ ਧੀ ਦੀ। ਲੋਹੜੀ ਹਰ ਨਵੇਂ ਜੀਅ ਦੀ।”

ਹੁਣ ਧੀਆਂ ਦੀ ਲੋਹੜੀ ਮਨਾਉਣ ਦੇ ਪ੍ਰਚੱਲਿਤ ਹੋ ਰਹੇ ਰਿਵਾਜ ਨੂੰ ਸਹੀ ਰੂਪ ਵਿੱਚ ਲਾਗੂ ਕਰਨ ਲਈ ਸਾਡੇ ਮਨਾਂ ਵਿਚਲੀ ਸੋਚ ਵਿੱਚ ਤਬਦੀਲੀ ਆਉਣੀ ਬਹੁਤ ਜ਼ਰੂਰੀ ਹੈ। ਕੇਵਲ ਲੋਹੜੀ ਮਨਾ ਲੈਣ ਨਾਲ਼ ਸਾਡੀਆਂ ਬੇਟੀਆਂ ਭੈਣਾਂ ਦਾ ਕੁਝ ਸੰਵਰਨ ਵਾਲ਼ਾ ਨਹੀਂ ਹੈ। ਸਾਨੂੰ ਸਾਰਿਆਂ ਨੂੰ ਆਪਣੀ ਸਦੀਆਂ ਪੁਰਾਣੀ ਮਰਦ ਪ੍ਰਧਾਨ ਸਮਾਜ ਵਾਲ਼ੀ ਹਉਂ ਦਾ ਤਿਆਗ ਕਰਕੇ ਧੀਆਂ ਨੂੰ ਧੁਰ ਅੰਦਰੋਂ ਪੁੱਤਾਂ ਬਰਾਬਰ ਸਮਾਨਤਾ ਦਾ ਦਰਜਾ ਦੇਣ ਦੀ ਲੋੜ ਹੈ, ਜੋ ਅਜੇ ਦੂਰ ਦੀ ਗੱਲ ਲੱਗਦੀ ਹੈ। ਸਾਨੂੰ ਸਾਰਿਆਂ ਨੂੰ ਆਪਣੀਆਂ ਧੀਆਂ, ਭੈਣਾਂ, ਮਾਂਵਾਂ, ਨਾਰਾਂ ਲਈ ਸਮਾਜ ਵਿੱਚ ਸੁਰੱਖਿਅਤ ਮਾਹੌਲ ਸਿਰਜਣ ਦੀ ਲੋੜ ਹੈ ਤਾਂ ਜੋ ਉਹ ਰਾਤ ਬਰਾਤੇ ਇਕੱਲੀਆਂ ਚੱਲਦੀਆਂ ਹੋਈਆਂ ਆਪਣੇ ਆਪ ਨੂੰ ਸੁਰੱਖਿਅਤ ਅਤੇ ਭੈਅ ਮੁਕਤ ਮਹਿਸੂਸ ਕਰਨ।

ਸੱਚ ਤਾਂ ਇਹ ਹੈ ਕਿ ਲੋਹੜੀ ਚਾਵਾਂ ਮਲ੍ਹਾਰਾਂ ਅਤੇ ਰੀਝਾਂ ਖ਼ੁਸ਼ੀਆਂ ਖੇੜੇ ਦਾ ਤਿਉਹਾਰ ਹੈ। ਅੱਜ ਲੋੜ ਹੈ ਕਿ ਇਸ ਤਿਉਹਾਰ ਨੂੰ ਅਸੀਂ ਲਿੰਗ ਵਿਤਕਰੇ ਨਾਲ਼ ਨਾ ਜੋੜੀਏ। ਕਿਉਂਕਿ ਲਿੰਗ ਵਿਤਕਰੇ ਦੇ ਭਿੰਨ ਭੇਦ ਕਾਰਨ ਸਾਡੇ ਤਿਉਹਾਰ ਨਹੀਂ ਚੱਲਣੇ। ਸਾਡੀ ਜੀਵਨ ਜਾਚ ਦਾ ਹਿੱਸਾ ਸਾਂਝ ਵਾਲ਼ਾ ਹੋਵੇ। ਅਗਾਂਹ ਵਧੂ ਸੋਚ ਵਾਲ਼ਾ ਸਮਾਜ ਹੋਵੇ। ਅਸੀਂ ਲੜਕੇ ਦੇ ਜਨਮ ਨੂੰ ਵੀ ਲੋਹੜੀ ਦੀਆਂ ਖ਼ੁਸ਼ੀਆਂ ਨਾਲ਼ ਮਨਾਈਏ। ਲੜਕੀ ਦੇ ਜਨਮ ਨੂੰ ਵੀ ਉੱਨੀਆਂ ਹੀ ਖ਼ੁਸ਼ੀਆਂ ਨਾਲ਼ ਮਨਾਈਏ।

ਆਮੀਨ।