ਸਦੀ ਦੀ ਬੀਤ ਰਹੀ ਚੁਥਾਈ ’ਤੇ ਪਿਛਲਝਾਤ

0
32

ਟੀਐੱਨ ਨੈਨਾਨ

ਆਰਥਿਕ ਮਾਮਲਿਆਂ ਦੇ ਮਾਹਿਰ ਟੀਐੱਨ ਨੈਨਾਨ ਦੇ ਇਸ ਕਾਲਮ ਦੀ ਇਹ ਆਖ਼ਿਰੀ ਕੜੀ ਹੈ। ਜਦੋਂ ਉਨ੍ਹਾਂ ਕਾਲਮ ਲਿਖਣਾ ਆਰੰਭਿਆ ਸੀ, ਉਨ੍ਹਾਂ ਦੀ ਉਮਰ 47 ਵਰ੍ਹੇ ਸੀ ਅਤੇ ਹੁਣ ਉਹ 74 ਵਰਿ੍ਹਆਂ ਦੇ ਹੋ ਗਏ ਹਨ। ਉਹ 1980ਵਿਆਂ ਅਤੇ 1990 ਵਿਚ ‘ਬਿਜ਼ਨਸ ਵਰਲਡ‘ ਅਤੇ ‘ਇਕਨਾਮਿਕ ਟਾਈਮਜ਼‘ ਦੇ ਸੰਪਾਦਕ ਰਹੇ। 1992 ਤੋਂ ਬਾਅਦ ‘ਬਿਜ਼ਨਸ ਸਟੈਂਡਰਡ‘ ਦੇ ਪ੍ਰਮੁੱਖ ਸੰਪਾਦਕ ਬਣੇ ਅਤੇ ਮਗਰੋਂ ਇਸ ਗਰੁੱਪ ਦੇ ਚੇਅਰਮੈਨ ਰਹੇ। ਹੁਣ ਉਹ ਪੱਤਰਕਾਰੀ ਨੂੰ ਅਲਵਿਦਾ ਕਹਿ ਰਹੇ ਹਨ। ਇਹ ਉਨ੍ਹਾਂ ਦਾ ਆਖ਼ਿਰੀ ਕਾਲਮ ਹੈ। ਨਵੀਂ ਸਦੀ ਦੇ ਸ਼ੁਰੂ ਵਿਚ ਅਜਿਹੀ ਦੀਰਘਕਾਲੀ ਪੇਸ਼ੀਨਗੋਈ ਕੀਤੀ ਗਈ ਸੀ ਜਿਸ ਵੱਲ ਪੂਰੀ ਦੁਨੀਆ ਦੀ ਤਵੱਜੋ ਗਈ ਸੀ; ਤੇ ਪਿਛਲੇ ਹਫ਼ਤੇ ਦੇ ਇਕ ਚੁਥਾਈ ਸਦੀ ਦੇ ਵਿਸ਼ੇ ਸੰਗ ਤੁਰਦਿਆਂ, ਉਸ (ਪੇਸ਼ੀਨਗੋਈ) ਵੱਲ ਪਿਛਾਂਹ ਮੁੜ ਕੇ ਦੇਖਣਾ ਸਿੱਖਿਆਦਾਇਕ ਸਾਬਿਤ ਹੋ ਸਕਦਾ ਹੈ। ਕਈ ਲੋਕ ਇਸ ਪੇਸ਼ੀਨਗੋਈ ਨੂੰ ਮਸ਼ਹੂਰ ਕਰਾਰ ਦਿੰਦੇ ਹਨ; ਬਹੁਤ ਸਾਰੇ ਇਸ ਨੂੰ ਬਦਨਾਮ ਵੀ ਕਹਿੰਦੇ ਹਨ। ਗੋਲਡਮੈਨ ਸੈਕਸ ਨੇ ਇਹ ਪੇਸ਼ੀਨਗੋਈ ਕੀਤੀ ਸੀ ਕਿ ਬਰਿਕਸ ਦੇ ਚਾਰ ਉਭਰਦੇ ਹੋਏ ਅਰਥਚਾਰੇ (ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ) ਪਹਿਲਾਂ ਦੁਨੀਆ ਦੇ ਛੇ ਸਭ ਤੋਂ ਵੱਡੇ ਅਰਥਚਾਰਿਆਂ ਅਮਰੀਕਾ, ਜਪਾਨ, ਜਰਮਨੀ, ਯੂਕੇ, ਫਰਾਂਸ ਅਤੇ ਇਟਲੀ (ਜੀ6) ਦੇ ਹਾਣ ਦੇ ਬਣ ਜਾਣਗੇ ਅਤੇ ਫਿਰ ਇਕ ਸਮੇਂ ‘ਤੇ ਇਨ੍ਹਾਂ ਨੂੰ ਪਛਾੜ ਦੇਣਗੇ। ਤਬਦੀਲੀ ਦੀ ਵਡੇਰੀ ਦਿਸ਼ਾ ਦੇ ਲਿਹਾਜ ਨਾਲ ਇਸ ਤੋਂ ਕੁਝ ਵੱਖਰੇ ਤੌਰ ‘ਤੇ ਦੇਖਿਆ ਜਾਵੇ ਤਾਂ ਇਹ ਪੇਸ਼ੀਨਗੋਈ ਸਹੀ ਸਾਬਿਤ ਹੋਈ ਹੈ। ਗੋਲਡਮੈਨ ਨੇ ਕਿਹਾ ਸੀ ਕਿ ਵਿਆਪਕ ਪੱਧਰ ‘ਤੇ ਬਰਿਕਸ ਅਰਥਚਾਰੇ ਇਸ ਵੇਲੇ ਜੀ6 ਅਰਥਚਾਰਿਆਂ ਦੇ ਸੱਤਵੇਂ ਹਿੱਸੇ ਦੇ ਪੱਧਰ ਤੋਂ ਵਿਕਾਸ ਕਰਦੇ ਹੋਏ 2025 ਤੱਕ ਇਨ੍ਹਾਂ ਦੇ ਅੱਧ ਵਿਚ ਪਹੁੰਚ ਜਾਣਗੇ। ਹੈਰਾਨੀ ਦੀ ਗੱਲ ਇਹ ਸੀ ਕਿ ਬਰਿਕਸ ਦੇਸ਼ਾਂ ਨੇ ਇਹ ਟੀਚਾ ਪੂਰਾ ਇਕ ਦਹਾਕਾ ਪਹਿਲਾਂ, ਭਾਵ 2015 ਵਿਚ ਹੀ ਹਾਸਲ ਕਰ ਲਿਆ ਸੀ ਪਰ ਉਸ ਤੋਂ ਬਾਅਦ ਬਦਲਾਓ ਦੀ ਰਫ਼ਤਾਰ ਮੱਠੀ ਬਣੀ ਹੋਈ ਹੈ। ਅਨੁਮਾਨ ਇਹ ਹੈ ਕਿ 2025 ਤੱਕ ਬਰਿਕਸ ਜੀ6 ਦੇਸ਼ਾਂ ਦੇ ਕੁੱਲ ਆਰਥਿਕ ਆਕਾਰ ਦੇ 60 ਫ਼ੀਸਦ ਦੇ ਬਰਾਬਰ ਆ ਜਾਣਗੇ। ਅਨੁਮਾਨ ਲਾਇਆ ਗਿਆ ਸੀ ਕਿ ਬਰਿਕਸ ਦੇਸ਼, ਕਰੰਸੀ ਦੇ ਮੁੱਲ ਵਾਧੇ ਜ਼ਰੀਏ ਜੀ6 ਦੇਸ਼ਾਂ ਦੇ ਹਾਣ ਦੇ ਹੋਣ ਦੇ ਪੈਂਡੇ ਦਾ ਵੱਡਾ ਹਿੱਸਾ ਤੈਅ ਕਰ ਲੈਣਗੇ ਪਰ ਅਜਿਹਾ ਵਾਪਰ ਨਹੀਂ ਸਕਿਆ। ਫਿਰ ਵੀ ਬਰਿਕਸ ਨੇ ਪੇਸ਼ੀਨਗੋਈ ਨਾਲੋਂ ਜ਼ਿਆਦਾ ਕਾਰਕਰਦਗੀ ਦਾ ਮੁਜ਼ਾਹਰਾ ਕੀਤਾ ਹੈ। ਇਹ ਕਾਰਕਰਦਗੀ ਵਡੇਰੇ ਤੌਰ ‘ਤੇ ਚੀਨ ਦੇ ਜ਼ਬਰਦਸਤ ਰਿਕਾਰਡ ਸਦਕਾ ਸਾਹਮਣੇ ਆ ਸਕੀ ਹੈ; ਬ੍ਰਾਜ਼ੀਲ ਤੇ ਰੂਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ ਹੈ। ਰੂਸ ਬਾਰੇ ਅਨੁਮਾਨ ਸੀ ਕਿ ਹੁਣ ਤੱਕ ਇਹ ਇਟਲੀ ਨੂੰ ਪਛਾੜ ਕੇ ਫਰਾਂਸ ਦੇ ਬਰਾਬਰ ਆ ਜਾਣਾ ਚਾਹੀਦਾ ਸੀ ਪਰ ਜਿਵੇਂ ਵਾਪਰਿਆ ਹੈ, ਰੂਸ ਹਾਲੇ ਵੀ ਦੋਵਾਂ ਤੋਂ ਕਾਫ਼ੀ ਪਿੱਛੇ ਚੱਲ ਰਿਹਾ ਹੈ ਤੇ ਇਹੀ ਹਾਲ ਬ੍ਰਾਜ਼ੀਲ ਦਾ ਹੈ। ਬਰਿਕਸ ‘ਚੋਂ ਭਾਰਤ ਹੀ ਇਕਮਾਤਰ ਮੈਂਬਰ ਹੈ ਜਿਸ ਨੇ ਪੇਸ਼ੀਨਗੋਈ ਦੇ ਆਸ ਪਾਸ ਕਾਰਗੁਜ਼ਾਰੀ ਦਿਖਾਈ ਹੈ। ਸੰਨ 2000 ਵਿਚ ਇਸ ਦੇ ਅਰਥਚਾਰੇ ਦਾ ਆਕਾਰ ਜੀ6 ਅਰਥਚਾਰਿਆਂ ਦਾ 2.4% ਹਿੱਸੇ ਦੇ ਬਰਾਬਰ ਸੀ ਅਤੇ ਅਨੁਮਾਨ ਲਾਇਆ ਗਿਆ ਸੀ ਕਿ 2023 ਤੱਕ ਇਹ 8.5% ਹੋ ਜਾਵੇਗਾ। ਹਕੀਕੀ ਕਾਰਗੁਜ਼ਾਰੀ ਦੇ ਹਿਸਾਬ ਨਾਲ ਇਸ ਦਾ ਹਿੱਸਾ 8.4% ਤੱਕ ਪਹੁੰਚ ਗਿਆ ਸੀ। ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਹੈ ਕਿ ਇਹ ਇਕ ਚੁਥਾਈ ਸਦੀ ਬਰਿਕਸ ਦੀ ਸਦੀ ਘੱਟ ਪਰ ਚੀਨ ਤੇ ਭਾਰਤ ਦੀ ਸਦੀ ਜ਼ਿਆਦਾ ਸਾਬਿਤ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਭਾਰਤ ਦੀ ਵਿਕਾਸ ਦਰ 2025 ਤੱਕ ਚੀਨ ਦੀ ਆਰਥਿਕ ਵਿਕਾਸ ਦਰ ਤੋਂ ਜ਼ਿਆਦਾ ਹੋਣ ਅਤੇ ਇਸ ਤੋਂ ਬਾਅਦ ਇਸ ਦੇ ਅੱਗੇ ਨਿਕਲ ਜਾਣ ਦਾ ਅਨੁਮਾਨ ਹੈ। ਗੋਲਡਮੈਨ ਨੇ ਬਰਿਕਸ ਅਰਥਚਾਰਿਆਂ ਦੀ ਕਾਰਕਰਦਗੀ ਲਈ ਸਹਾਇਕ ਹੋਣ ਵਾਲੇ ਚਾਰ ਕਾਰਕਾਂ ਦੀ ਨਿਸ਼ਾਨਦੇਹੀ ਕੀਤੀ ਹੈ: ਮੈਕਰੋ ਜਾਂ ਵਿਆਪਕ ਆਰਥਿਕ ਸਥਿਰਤਾ, ਵਪਾਰ ਅਤੇ ਨਿਵੇਸ਼ ਲਈ ਖੁੱਲ੍ਹਾਪਣ, ਮਜ਼ਬੂਤ ਸੰਸਥਾਵਾਂ ਅਤੇ ਮਿਆਰੀ ਸਿੱਖਿਆ। ਇਨ੍ਹਾਂ ਕਾਰਕਾਂ ‘ਚੋਂ ਭਾਰਤ ਨੇ ਨਾ ਕੇਵਲ ਆਰਥਿਕ ਸਗੋਂ ਸਿਆਸੀ ਸਥਿਰਤਾ ਵੀ ਮੁਹੱਈਆ ਕਰਵਾਈ ਹੈ; ਦੁਨੀਆ ਦੇ ਹੋਰਨਾਂ ਦੇਸ਼ਾਂ ਪ੍ਰਤੀ ਖੁੱਲ੍ਹੇਪਣ ਵਿਚ ਸੁਧਾਰ ਕੀਤਾ ਹੈ (ਕੁਝ ਕੁ ਹਾਲੀਆ ਪਿਛਾਂਹਕਦਮੀਆਂ ਨੂੰ ਛੱਡ ਕੇ); ਆਪਣੀਆਂ ਆਰਥਿਕ ਸੰਸਥਾਵਾਂ ਨੂੰ ਮਜ਼ਬੂਤ ਬਣਾਇਆ ਹੈ ਜਦਕਿ ਸਿਆਸੀ ਸੰਸਥਾਵਾਂ ਦੀ ਮਜ਼ਬੂਤੀ ਨੂੰ ਕੁਝ ਹੱਦ ਤੱਕ ਖੋਰਾ ਲੱਗਿਆ ਹੈ; ਤੇ ਉਚੇਰੀ ਸਿੱਖਿਆ ਵਿਚ ਸੁਧਾਰ ਆਇਆ ਹੈ ਤੇ ਨਾਲ ਹੀ ਸਾਖਰਤਾ ਪੱਧਰ ਵੀ ਉੱਚੇ ਉੱਠੇ ਹਨ ਭਾਵੇਂ ਦੋ ਪੱਖਾਂ ਵਿਚ ਹਾਲੇ ਵੀ ਬਹੁਤ ਜ਼ਿਆਦਾ ਸੁਧਾਰ ਦੀ ਗੁੰਜਾਇਸ਼ ਹੈ। ਇਨ੍ਹਾਂ ਮੁਹਾਜ਼ਾਂ ‘ਤੇ ਨਾ ਬ੍ਰਾਜ਼ੀਲ ਤੇ ਨਾ ਹੀ ਰੂਸ ਲੰਮੇ ਚੌੜੇ ਦਾਅਵੇ ਕਰ ਸਕਦਾ ਹੈ; ਚੀਨ ਨੇ ਆਪਣੇ ਅੰਦਾਜ਼ ਵਿਚ ਪੇਸ਼ਕਦਮੀ ਕੀਤੀ ਹੈ। ਬਿਨਾਂ ਸ਼ੱਕ, ਭਾਰਤ ਅਜੇ ਵੀ ਇਸ ਕਲੱਬ ਦਾ ਸਭ ਤੋਂ ਵੱਧ ਗ਼ਰੀਬ ਮੈਂਬਰ ਬਣਿਆ ਹੋਇਆ ਹੈ ਪਰ ਗੋਲਡਮੈਨ ਦੀ ਦਲੀਲ ਹੈ ਕਿ ਇਸ ਦੇ ਵਿਕਾਸ ਦੀ ਦੀਰਘਕਾਲੀ ਸੰਭਾਵਨਾ ਸਭ ਤੋਂ ਵੱਧ ਹੈ। ਜਿੱਥੋਂ ਤੱਕ ਸਦੀ ਦੀ ਦੂਜੀ ਤਿਮਾਹੀ ਮੁਤੱਲਕ ਪੇਸ਼ੀਨਗੋਈ ਦਾ ਸਵਾਲ ਹੈ ਤਾਂ ਇਹੀ ਵਡੇਰੇ ਰੂਪ ਵਿਚ ਇਹੋ ਜਿਹੀ ਹੀ ਰਹਿਣ ਦੀ ਆਸ ਹੈ ਜਿਸ ਵਿਚ ਭਾਰਤ ਦੀ ਪ੍ਰਮੁੱਖਤਾ ਵਧਣ ਦੇ ਆਸਾਰ ਹਨ। ਰੂਸ ਨੇ ਪਾਬੰਦੀਆਂ ਦੇ ਫੌਰੀ ਅਸਰ ਨੂੰ ਬਰਦਾਸ਼ਤ ਕਰ ਲਿਆ ਹੈ ਪਰ ਇਸ ਦੇ ਉਤਪਾਦ ਅਹਿਮ ਮੰਡੀਆਂ ਤੋਂ ਵਿਰਵੇ ਹੋ ਗਏ ਹਨ ਅਤੇ ਤਕਨਾਲੋਜੀ ਨਾ ਮਿਲਣ ਕਰ ਕੇ ਲੰਮੇ ਦਾਅ ਤੋਂ ਇਸ ਨੂੰ ਖਮਿਆਜ਼ਾ ਭੁਗਤਣਾ ਪਵੇਗਾ। ਬ੍ਰਾਜ਼ੀਲ ਵਿਚ ਕਦੇ ਵਿਕਾਸ ਦੇ ਰਾਹ ‘ਤੇ ਪੈਣ ਅਤੇ ਕਦੇ ਖੜੋਤ ਦਾ ਸ਼ਿਕਾਰ ਬਣਨ ਦਾ ਲੰਮਾ ਇਤਿਹਾਸ ਰਿਹਾ ਹੈ। ਚੀਨ ਹੌਲੀ ਹੌਲੀ ਪੁਖ਼ਤਗੀ ਵੱਲ ਵਧ ਰਿਹਾ ਹੈ ਅਤੇ ਇਸ ਦੀ ਰਫ਼ਤਾਰ ਮੱਠੀ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਆਲਮੀ ਅਰਥਚਾਰੇ ਨਾਲੋਂ ਇਸ ਦੀ ਵਿਕਾਸ ਦਰ ਜ਼ਿਆਦਾ ਤੇਜ਼ ਰਹਿਣ ਦੇ ਆਸਾਰ ਹਨ। ਇਨ੍ਹਾਂ ਚਾਰੋਂ ਦੇਸ਼ਾਂ ‘ਚੋਂ ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣੇ ਰਹਿਣ ਦੀ ਸੰਭਾਵਨਾ ਹੈ।