ਨਿਊਯਾਰਕ ’ਚ ਸੰਜੈ ਦੱਤ ਦੀ ਧੀ ਨੂੰ ਮਿਲਿਆ ਰਣਬੀਰ ਕਪੂਰ

0
27

ਨਵੀਂ ਦਿੱਲੀ-ਅਦਾਕਾਰ ਰਣਬੀਰ ਕਪੂਰ ‘ਐਨੀਮਲ’ ਫ਼ਿਲਮ ਦੇ ਰਿਲੀਜ਼ ਹੋਣ ਮਗਰੋਂ ਅਮਰੀਕਾ ਚਲਾ ਗਿਆ ਸੀ। ਜਾਪਦਾ ਹੈ ਕਿ ਉਹ ਉੱਥੇ ਆਪਣੇ ਇਸ ਸਮੇਂ ਦਾ ਪੂਰਾ ਲੁਤਫ਼ ਉਠਾ ਰਿਹਾ ਹੈ। ਅਦਾਕਾਰ ਸੰਜੈ ਦੱਤ ਦੀ ਧੀ ਤ੍ਰਿਸ਼ਲਾ ਦੱਤ ਨੇ ਹਾਲ ਹੀ ਵਿੱਚ ਰਣਬੀਰ ਕਪੂਰ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ। ਉਸ ਨੇ ਕੈਪਸ਼ਨ ‘ਚ ਲਿਖਿਆ, ‘‘ਜਦੋਂ ਇੱਕ ‘ਐਨੀਮਲ‘ ਦੌਰੇ ‘ਤੇ ਆਇਆ।’’ ਤਸਵੀਰ ਵਿੱਚ ਰਣਬੀਰ ਤੇ ਤ੍ਰਿਸ਼ਲਾ ਨੂੰ ਕੈਮਰੇ ਸਾਹਮਣੇ ਮੁਸਕਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਰਣਬੀਰ ਦੀ ਸੰਜੈ ਦੱਤ ਨਾਲ ਕਾਫੀ ਨੇੜਤਾ ਹੈ। ਉਸ ਨੇ ਸੰਜੈ ਦੱਤ ਦੀ ਬਾਇਓਪਿਕ ‘ਸੰਜੂ‘ ਵਿੱਚ ਉਸ ਦਾ ਕਿਰਦਾਰ ਨਿਭਾਇਆ ਸੀ। ਦੋਹਾਂ ਨੇ 2022 ਵਿੱਚ ‘ਸ਼ਮਸ਼ੇਰਾ‘ ਫਿਲਮ ਵਿੱਚ ਵੀ ਕੰਮ ਕੀਤਾ ਸੀ। ਹਾਲਾਂਕਿ, ਇਹ ਫਿਲਮ ਬਾਕਸ ਆਫਿਸ ‘ਤੇ ਕਮਾਲ ਨਹੀਂ ਦਿਖਾ ਸਕੀ। ਰਣਬੀਰ ਇਸ ਸਮੇਂ ‘ਐਨੀਮਲ‘ ਦੀ ਸਫਲਤਾ ਤੋਂ ਬਾਗ਼ੋ-ਬਾਗ ਹੈ ਜੋ ਕਿ ਪਹਿਲੀ ਦਸੰਬਰ ਤੋਂ ਸਿਨੇਮਾ ਘਰਾਂ ਵਿੱਚ ਧੁੰਮਾਂ ਪਾ ਰਹੀ ਹੈ। ‘ਐਨੀਮਲ‘ ਵਿੱਚ ਅਨਿਲ ਕਪੂਰ, ਬੌਬੀ ਦਿਓਲ, ਰਸ਼ਮਿਕਾ ਮੰਦਾਨਾ ਅਤੇ ਤ੍ਰਿਪਤੀ ਦਿਮਰੀ ਨੇ ਵੀ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਨੂੰ ਆਲੋਚਕਾਂ ਤੇ ਪ੍ਰਸ਼ੰਸਕਾਂ ਦਾ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ, ਇਸ ਫਿਲਮ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਫਿਲਮ ਨੇ ਭਾਰਤ ਵਿੱਚ 500 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਤਰ੍ਹਾਂ ਇਹ 2023 ਦੀਆਂ ਸਭ ਤੋਂ ਸਫਲ ਫਿਲਮਾਂ ਵਿੱਚ ਸ਼ਾਮਲ ਹੋ ਗਈ ਹੈ। ਰਣਬੀਰ ਹੁਣ ‘ਐਨੀਮਲ‘ ਦੇ ਅਗਲੇ ਭਾਗ ਵਿੱਚ ਨਜ਼ਰ ਆਵੇਗਾ।