ਤ੍ਰਿਸ਼ਨਾ ’ਤੇ ਕਾਬੂ ਪਾਉਣਾ ਸਿੱਖੇ ਮਨੁੱਖ

0
30

ਦੁੱਖਾਂ ਦੀ ਪੜਚੋਲ ਕੀਤੀ ਜਾਵੇ ਤਾਂ ਤ੍ਰਿਸ਼ਣਾ ਹੀ ਮਨੁੱਖ ਦੇ ਸਭ ਦੁੱਖਾਂ ਦਾ ਮੂਲ ਕਾਰਨ ਸਿੱਧ ਹੋਵੇਗੀ। ਤ੍ਰਿਸ਼ਨਾ ਤੋਂ ਭਾਵ ਹੈ ਧਨ-ਦੌਲਤ ਤੇ ਮਾਣ-ਸਨਮਾਨ ਨੂੰ ਵੱਧ ਤੋਂ ਵੱਧ ਮਾਤਰਾ ਵਿਚ ਆਪਣੇ ਅਤੇ ਆਪਣੇ ਸੱਜਣਾਂ-ਮਿੱਤਰਾਂ ਲਈ ਸਮੇਟਣਾ। ਇਹ ਤਾਂ ਸਿੱਧੀ ਮੂਰਖਤਾ ਹੈ ਪਰ ਫਿਰ ਵੀ ਲੋਕ ਇਸ ਨੂੰ ਅਕਲਮੰਦੀ ਜਾਂ ਕਾਮਯਾਬੀ ਮੰਨ ਕੇ ਅੰਦਰ ਹੀ ਅੰਦਰ ਪ੍ਰਸੰਨ ਹੁੰਦੇ ਰਹਿੰਦੇ ਹਨ। ਮਹਾਭਾਰਤ ਵਿਚ ਅਰਜਨ ਦੇ ਸਾਹਮਣੇ ਬਦਲ ਹੁੰਦਾ ਹੈ ਕਿ ਉਹ ਭਗਵਾਨ ਸ੍ਰੀਕ੍ਰਿਸ਼ਨ ਜਾਂ ਉਨ੍ਹਾਂ ਦੀ ਵਿਸ਼ਾਲ ਸੈਨਾ ‘ਚੋਂ ਕਿਸੇ ਇਕ ਦੀ ਚੋਣ ਕਰੇ ਤਾਂ ਉਸ ਨੇ ਸਿਰਫ਼ ਸ੍ਰੀਕ੍ਰਿਸ਼ਨ ਦੀ ਛਤਰ-ਛਾਇਆ ਅਤੇ ਮਾਰਗਦਰਸ਼ਨ ਮੰਗਿਆ। ਇਸ ਦਾ ਮਤਲਬ ਇਹੀ ਹੈ ਕਿ ਜੇ ਮਨੁੱਖ ਨੂੰ ਪ੍ਰਭੂ ਦੀ ਪ੍ਰਾਪਤੀ ਹੋ ਜਾਵੇ ਤਾਂ ਉਸ ਦੀਆਂ ਅਨੰਤ ਇੱਛਾਵਾਂ ਦਾ ਅੰਤ ਹੋ ਸਕਦਾ ਹੈ। ਨਹੀਂ ਤਾਂ ਇੱਛਾਵਾਂ-ਉਮੀਦਾਂ ਦੀ ਕੋਈ ਹੱਦ ਨਹੀਂ ਰਹੇਗੀ ਜੋ ਤ੍ਰਿਸ਼ਨਾ ਦਾ ਕਾਰਨ ਬਣਨਗੀਆਂ। ਜਦ ਸੂਰਜ ਚੜ੍ਹਦਾ ਹੈ ਤਦ ਸਾਰੇ ਤਾਰੇ ਲੋਪ ਹੋ ਜਾਂਦੇ ਹਨ। ਇਸੇ ਤਰ੍ਹਾਂ ਜੇ ਅਸੀਂ ਪ੍ਰਭੂ ਪ੍ਰਾਪਤੀ ਵਿਚ ਹੀ ਆਪਣੀਆਂ ਸਾਰੀਆਂ ਇੱਛਾਵਾਂ ਨੂੰ ਸਮਰਪਿਤ-ਸ਼ਾਮਲ ਕਰ ਦੇਈਏ ਤਾਂ ਸਾਡੀਆਂ ਇੱਛਾਵਾਂ ਅਤੇ ਉਨ੍ਹਾਂ ਨਾਲ ਨੱਥੀ ਚਿੰਤਾਵਾਂ ਆਪਣੇ-ਆਪ ਹੀ ਸਮਾਪਤ ਹੋ ਜਾਣਗੀਆਂ ਕਿਉਂਕਿ ਪਰਮਾਤਮਾ ਤਾਂ ਸਾਰੀਆਂ ਸਿੱਧੀਆਂ ਅਤੇ ਧਨ-ਦੌਲਤਾਂ ਦਾ ਭੰਡਾਰ ਹੈ। ਉਸ ਨੂੰ ਭਲੀਭਾਂਤ ਪਤਾ ਹੈ ਕਿ ਕੌਣ ਕਿੰਨਾ ਸੁਯੋਗ-ਪਾਤਰ ਹੈ ਅਤੇ ਕਦੋਂ ਕਿਸ ਨੂੰ ਕੀ ਅਤੇ ਕਿੰਨੀ ਮਾਤਰਾ ਵਿਚ ਪ੍ਰਦਾਨ ਕਰਨਾ ਹੈ। ਇਸ ਲਈ ਸੰਜਮ ਰੱਖਣ ਵਿਚ ਹੀ ਭਲਾਈ ਹੈ। ਵਿਵਹਾਰਕ ਦ੍ਰਿਸ਼ਟੀਕੋਣ ਨਾਲ ਵੀ ਦੇਖੀਏ ਤਾਂ ਹਰ ਮਨੁੱਖ ਇਕ ਨਿਸ਼ਚਤ ਮਾਤਰਾ ਵਿਚ ਹੀ ਭੋਜਨ ਕਰਦਾ ਹੈ ਅਤੇ ਉਸ ਨੂੰ ਸੀਮਤ ਮਾਤਰਾ ਵਿਚ ਹੀ ਕੱਪੜਿਆਂ ਦੀ ਵੀ ਜ਼ਰੂਰਤ ਹੁੰਦੀ ਹੈ। ਇਸ ਦੇ ਬਾਵਜੂਦ ਵੱਧ ਤੋਂ ਵੱਧ ਹਾਸਲ ਕਰਨ ਦੀ ਮਿਰਗਤ੍ਰਿਸ਼ਨਾ ਦੇ ਪਿੱਛੇ ਭੱਜਦੇ-ਭੱਜਦੇ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਈਸ਼ਵਰ ਨੇ ਸੰਸਾਰ ਵਿਚ ਜੋ ਵੀ ਸ਼ਾਨਦਾਰ ਉਤਪਤੀ ਕੀਤੀ ਹੈ, ਉਹ ਇਸ ਲਈ ਹੈ ਕਿ ਸਾਰੇ ਜੀਵ ਉਸ ਵਿੱਚੋਂ ਆਪੋ-ਆਪਣੀ ਲੋੜ ਪੂਰੀ ਕਰ ਸਕਣ। ਸੋ, ਲੋੜੋਂ ਵੱਧ ’ਤੇ ਦਾਅਵੇਦਾਰੀ ਦੂਜਿਆਂ ਦੇ ਹਿੱਤਾਂ ’ਚ ਸੰਨ੍ਹਮਾਰੀ ਵਾਂਗ ਹੈ। ਗ਼ੈਰ-ਜ਼ਰੂਰੀ ਵਸਤਾਂ ਤੇ ਧਨ-ਦੌਲਤ ਇਕੱਠੀ ਕਰਨ ਨਾਲ ਅਨੇਕ ਔਗੁਣ ਉਤਪੰਨ ਹੁੰਦੇ ਹਨ ਤੇ ਭੈੜੀਆਂ ਵਾਦੀਆਂ ਪੈ ਜਾਂਦੀਆਂ ਹਨ। ਇਸ ਕਾਰਨ ਮਨੁੱਖ ਜੀਵਨ ਪੰਧ ਤੋਂ ਭਟਕ ਜਾਂਦਾ ਹੈ। ਸੋ, ਤ੍ਰਿਸ਼ਨਾ ਨੂੰ ਨੱਥ ਪਾਉਣਾ ਹੀ ਸਭ ਤੋਂ ਅਸਰਦਾਰ ਉਪਾਅ ਹੈ।