ਨੀਰਜ ਚੋਪੜਾ ਨੇ ਮੁੜ ਰਚਿਆ ਇਤਿਹਾਸ

0
32

ਵਿਸ਼ਵ ਅਥਲੈਟਿਕਸ ਚੈਪੀਅਨਸ਼ਿਪ ਵਿਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
ਬੁਡਾਪੇਸਟ-ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਇੱਕ ਵਾਰ ਮੁੜ Çੲਤਿਹਾਸ ਰਚ ਕੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਉਸ ਨੇ ਪੁਰਸ਼ਾਂ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਵਿੱਚ 88.17 ਮੀਟਰ ਥਰੋਅ ਨਾਲ ਖਿਤਾਬ ਆਪਣੇ ਨਾਂ ਕੀਤਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨੇਜ਼ਾ ਸੁੱਟਣ ਦੇ ਫਾਈਨਲ ਵਿੱਚ ਸਿਖਰਲੇ ਅੱਠ ਵਿੱਚੋਂ ਤਿੰਨ ਖਿਡਾਰੀ ਭਾਰਤੀ ਸਨ। ਭਾਰਤੀ ਖਿਡਾਰੀ ਕਿਸ਼ੋਰ ਜੇਨਾ ਨੇ ਐਤਵਾਰ ਦੇਰ ਰਾਤ ਹੋਏ ਫਾਈਨਲ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਉਸ ਨੇ 84.77 ਮੀਟਰ ਦੀ ਦੂਰੀ ‘ਤੇ ਨੇਜ਼ਾ ਸੁੱਟਿਆ। ਇਸੇ ਤਰ੍ਹਾਂ ਡੀ. ਮੰਨੂ ਛੇਵੇਂ ਸਥਾਨ ‘ਤੇ ਰਿਹਾ, ਜਿਸ ਦਾ ਬਿਹਤਰੀਨ ਥਰੋਅ 84.14 ਮੀਟਰ ਸੀ। ਨੀਰਜ ਚੋਪੜਾ (25) ਨੇ ਪਹਿਲੀ ਕੋਸ਼ਿਸ਼ ਦੌਰਾਨ ਫਾਊਲ ਹੋਣ ਮਗਰੋਂ ਦੂਜੀ ਵਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 88.17 ਮੀਟਰ ਅਤੇ ਇਸ ਮਗਰੋਂ 86.32 ਮੀਟਰ, 84.64 ਮੀਟਰ, 87.73 ਅਤੇ 83.98 ਮੀਟਰ ਦੂਰੀ ‘ਤੇ ਨੇਜ਼ਾ ਸੁੱਟਿਆ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਦੂਰੀ ‘ਤੇ ਨੇਜ਼ਾ ਸੁੱਟ ਕੇ ਚਾਂਦੀ ਦਾ ਤਗ਼ਮਾ ਅਤੇ ਚੈੱਕ ਗਣਰਾਜ ਦੇ ਯਾਕੂਬ ਵਾਲੇਸ਼ ਨੇ 86.67 ਮੀਟਰ ਦੂਰੀ ਤੱਕ ਨੇਜ਼ਾ ਸੁੱਟ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਮਗਰੋਂ ਇੱਕੋ ਸਮੇਂ ‘ਤੇ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲਾ ਨੀਰਜ ਚੋਪੜਾ ਦੂਜਾ ਖਿਡਾਰੀ ਬਣ ਗਿਆ ਹੈ। ਬਿੰਦਰਾ ਨੇ 23 ਸਾਲ ਦੀ ਉਮਰ ਵਿੱਚ ਵਿਸ਼ਵ ਚੈਂਪੀਅਨਸ਼ਿਪ ਅਤੇ 25 ਸਾਲ ਦੀ ਉਮਰ ਵਿੱਚ ਓਲੰਪਿਕ ਸੋਨ ਤਗ਼ਮਾ ਜਿੱਤਿਆ ਸੀ। ਟੋਕੀਓ ਓਲੰਪਿਕ 2021 ਵਿੱਚ ਅਥਲੈਟਿਕਸ ‘ਚ ਸੋਨ ਤਗ਼ਮਾ ਜਿੱਤਣ ਵਾਲਾ ਚੋਪੜਾ ਪਹਿਲਾ ਭਾਰਤੀ ਬਣ ਗਿਆ ਹੈ। ਉਸ ਨੇ 2022 ਵਿੱਚ ਯੂਜੀਨ ‘ਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਲੰਬੀ ਛਾਲ ਵਿੱਚ ਅੰਜੂ ਬੌਬੀ ਜਾਰਜ ਨੇ 2003 ਵਿੱਚ ਪੈਰਿਸ ਵਿਸ਼ਵ ਚੈਂਪੀਅਨਸ਼ਿਪ ‘ਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਇੱਕੋ ਸਮੇਂ ‘ਤੇ ਓਲੰਪਿਕ ਅਤੇ ਵਿਸ਼ਵ ਖਿਤਾਬ ਜਿੱਤਣ ਵਾਲਾ ਉਹ ਤੀਜਾ ਨੇਜ਼ਾ ਸੁੱਟਣ ਵਾਲਾ ਖਿਡਾਰੀ ਬਣ ਗਿਆ ਹੈ। ਨੀਰਜ ਤੋਂ ਪਹਿਲਾਂ ਚੈੱਕ ਗਣਰਾਜ ਦਾ ਜਾਨ ਜ਼ੇਲੇਜ਼ਨੀ ਅਤੇ ਨਾਰਵੇ ਦਾ ਐਂਡਰੀਅਸ ਟੀ. ਇਹ ਪ੍ਰਾਪਤੀ ਆਪਣੀ ਝੋਲੀ ਪੁਆ ਚੁੱਕੇ ਹਨ। ਜ਼ੇਲੇਜ਼ਨੀ ਨੇ 1992, 1996 ਅਤੇ 2000 ਵਿੱਚ ਓਲੰਪਿਕ ਖਿਤਾਬ ਜਿੱਤੇ ਅਤੇ 1993, 1995 ਅਤੇ 2001 ਵਿੱਚ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਸੀ। ਹੁਣ ਨੀਰਜ ਚੋਪੜਾ ਦੇ ਨਾਂ ਖੇਡ ਦੇ ਸਾਰੇ ਖਿਤਾਬ ਹੋ ਗਏ ਹਨ। ਉਸ ਨੇ ਏਸ਼ਿਆਈ ਖੇਡਾਂ 2018, ਰਾਸ਼ਟਰਮੰਡਲ ਖੇਡਾਂ 2018 ‘ਚ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਚਾਰ ਡਾਇਮੰਡ ਲੀਗ ਖਿਤਾਬ ਅਤੇ ਪਿਛਲੇ ਸਾਲ ਡਾਇਮੰਡ ਲੀਗ ਚੈਂਪੀਅਨਸ਼ਿਪ ਟਰਾਫੀ ਜਿੱਤੀ ਸੀ।