ਕਿਊਬਕ ਐਲੀਮੈਂਟਰੀ ਤੇ ਹਾਈਸਕੂਲ ਕਲਾਸਾਂ ਵਿਚ ਸੈੱਲਫੋਨ ’ਤੇ ਪਾਬੰਦੀ ਲਗਾਵੇਗਾ

0
49

ਮਾਂਟਰੀਅਲ-ਕਿਊਬਕ ਸੂਬਾ ਐਲੀਮੈਂਟਰੀ ਤੇ ਹਾਈ ਸਕੂਲਾਂ ਦੀਆਂ ਕਲਾਸਾਂ ਵਿਚ ਸੈੱਲਫੋਨ ਦੀ ਵਰਤੋਂ ’ਤੇ ਪਾਬੰਦੀ ਲਗਾਵੇਗਾ। ਸੂਬੇ ਦੇ ਸਿੱਖਿਆ ਮੰਤਰੀ ਬੇਰਨਾਰਡ ਡਰੇਨਵਿਲ ਨੇ ਕਿਹਾ ਕਿ ਉਨ੍ਹਾਂ ਦਾ ਮੁੱਦੇ ਨੂੰ ਸੂਬਾ ਕੈਬਨਿਟ ਸਾਹਮਣੇ ਲਿਆਉਣ ਦਾ ਇਰਾਦਾ ਹੈ ਅਤੇ ਇਸ ਪਿੱਛੋਂ ਸਕੂਲਾਂ ਨੂੰ ਜਿੰਨੀ ਜਲਦੀ ਹੋ ਸਕੇ ਇਹ ਪਾਬੰਦੀ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਾਣਗੇ। ਮੰਤਰੀ ਨੇ ਅੱਗੇ ਦੱਸਿਆ ਕਿ ਫਿਰ ਨਿਯਮ ਨੂੰ ਲਾਗੂ ਕਰਨਾ ਸਕੂਲਾਂ ’ਤੇ ਨਿਰਭਰ ਕਰੇਗਾ। ਇਹ ਨਿਰਦੇਸ਼ ਕੇਵਲ ਸਰਕਾਰੀ ਐਲੀਮੈਂਟਰੀ ਅਤੇ ਹਾਈ ਸਕੂਲਾਂ ’ਤੇ ਲਾਗੂ ਹੋਵੇਗਾ ਅਤੇ ਅਧਿਆਪਕਾਂ ਨੂੰ ਪਾਠਾਂ ਲਈ ਮੋਬਾਈਲ ਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਹੋਵੇਗੀ। ਮੰਤਰੀ ਨੇ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਸੈੱਲਫੋਨ ਸਾਡੇ ਨੌਜਵਾਨ ਲੋਕਾਂ ਦੀਆਂ ਜਿੰਦਗੀਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਸਥਾਨ ਲੈ ਰਹੇ ਹਨ ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ 100 ਫ਼ੀਸਦੀ ਆਪਣੀਆਂ ਕਲਾਸਾਂ ’ਤੇ ਕੇਂਦਰਿਤ ਹੋਣ। ਫੈਡਰੇਸ਼ਨ ਡੇਸ ਸਿੰਡੀਕੇਟਸ ਡੇਲ ਇਨਸੀਜਮੈਂਟ ਵਲੋਂ 7000 ਅਧਿਆਪਕਾਂ ’ਤੇ ਕੀਤੇ ਸਰਵੇਖਣ ਵਿਚ ਪਾਇਆ ਕਿ 92 ਫ਼ੀਸਦੀ ਉੱਤਰ ਦੇਣ ਵਾਲੇ ਸੈੱਲਫੋਨ ’ਤੇ ਪਾਬੰਦੀ ਦੇ ਹੱਕ ਵਿਚ ਸਨ ਜਿਵੇਂ ਡਰੇਨਵਿਲ ਨੇ ਪ੍ਰਸਤਾਵ ਕੀਤਾ ਹੈ। ਫੈਡਰੇਸ਼ਨ ਪ੍ਰਧਾਨ ਜੋਸੀ ਸਕਲਾਬਿ੍ਰਨੀ ਨੇ ਉਸ ਸਮੇਂ ਕਿਹਾ ਕਿ ਅਧਿਆਪਕ ਚਾਹੁੰਦੇ ਹਨ ਕਿ ਕਲਾਸਾਂ ਵਿਚ ਧਿਆਨ ਘੱਟ ਭਟਕੇ ਅਤੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨ੍ਹਾਂ ਵਿਦਿਆਰਥੀਆਂ ਵਲੋਂ ਫਿਲਮ ਬਣਾਏ ਜਾਣ ਤੋਂ ਉਹ ਜ਼ਿਆਦਾ ਚਿੰਤਤ ਹਨ। ਓਨਟਾਰੀਓ ਨੇ 2019 ਤੋਂ ਕਲਾਸ ਰੂਮਾਂ ਵਿਚ ਮੋਬਾਈਲ ਫੋਨ ਵਰਤਣ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਸਕੂਲ ਬੋਰਡਾਂ ਨੂੰ ਭੇਜੇ 2019 ਦੇ ਨੋਟਿਸ ਮੁਤਾਬਿਕ ਵਿਦਿਆਰਥੀ ਸਿਹਤ ਤੇ ਡਾਕਟਰੀ ਉਦੇਸ਼ਾਂ ਲਈ ਅਧਿਆਪਕ ਦੀ ਇਜਾਜ਼ਤ ਨਾਲ ਪਾਠਾਂ ਨੂੰ ਮੁਕੰਮਲ ਕਰਨ ਲਈ ਸੈੱਲਫੋਨਾਂ ਦੀ ਵਰਤੋਂ ਕਰ ਸਕਦੇ ਹਨ। ਸੂਬੇ ਵਿਚ ਅੰਗਰੇਜ਼ੀ ਭਾਸ਼ਾ ਵਾਲੇ ਸਰਕਾਰੀ ਹਾਈ ਸਕੂਲਾਂ ਵਿਚ ਅਧਿਆਪਕਾਂ ਦੀ ਨੁਮਾਇੰਦਗੀ ਕਰਦੀ ਯੂਨੀਅਨ, ਓਨਟਾਰੀਓ ਸੈਕੰਡਰੀ ਸਕੂਲ ਟੀਚਰਜ਼ ਫੈਡਰੇਸ਼ਨ ਦੇ ਪ੍ਰਧਾਨ ਕਰੇਨ ਲਿਟਲਵੁੱਡ ਦਾ ਕਹਿਣਾ ਕਿ ਨਿਯਮ ਦਾ ਬਹੁਤ ਥੋੜਾ ਅਸਰ ਹੈ। ਲਿਟਲਵੁੱਡ ਨੇ ਕਿਹਾ ਕਿ ਅਧਿਆਪਕ ਕੁਝ ਪਾਠਾਂ ਲਈ ਮੋਬਾਈਲ ਫੋਨਾਂ ਦੀ ਵਰਤੋਂ ਕਰਦੇ ਹਨ ਪਰ ਵਿਦਿਆਰਥੀਆਂ ਵਲੋਂ ਅਣਅਧਿਕਾਰਤ ਨਿੱਜੀ ਫੋਨਾਂ ਦੀ ਵਰਤੋਂ ਅਜੇ ਵੀ ਆਮ ਗੱਲ ਹੈ।