ਬੀਸੀ ਦੇ ਤਿੰਨ ਇਮੀਗ੍ਰੇਸ਼ਨ ਸਲਾਹਕਾਰਾਂ ’ਤੇ ਘੁਟਾਲੇ ਦੇ ਦੋਸ਼

0
118

ਵਿਕਟੋਰੀਆ-ਬੀਸੀ ਸਰਕਾਰ ਨੇ ਦੋਸ਼ ਲਗਾਇਆ ਕਿ ਤਿੰਨ ਇਮੀਗ੍ਰੇਸ਼ਨ ਸਲਾਹਕਾਰ ਘੁਟਾਲੇ ਵਿਚ ਸ਼ਾਮਿਲ ਰਹੇ ਹਨ। ਬੀਸੀ ਸਰਕਾਰ ਨੇ ਆਪਣੇ ਦੋਸ਼ ਵਿਚ ਕਿਹਾ ਕਿ ਤਿੰਨ ਆਪਸ ਵਿਚ ਜੁੜੀਆਂ ਕੰਪਨੀਆਂ ਪ੍ਰਵਾਸੀਆਂ ਨੂੰ ਉਨਾਂ ਨੌਕਰੀਆਂ ਲਈ ਦਸਤਾਵੇਜ਼ ਮੁਹੱਈਆ ਕਰਨ ਵਿਚ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਸਨ ਜਿਹੜੀਆਂ ਕਦੇ ਵੀ ਮੌਜੂਦ ਨਹੀਂ ਰਹੀਆਂ। ਸਿਵਲ ਫੋਰਫੀਚਰ ਦੇ ਡਾਇਰੈਕਟਰ ਵਲੋਂ ਦਾਇਰ ਮੁਕੱਦਮੇ ਵਿਚ ਦੋਸ਼ ਲਗਾਇਆ ਕਿ  ਐਬਟਸਫੋਰਡ ਤੇ ਸਰੀ ਵਿਚ ਏਜੰਸੀਆਂ ਤਨਖਾਹ ਸਾਈਕਲਿੰਗ ਸਕੀਮਾਂ ਵਿਚ ਸ਼ਾਮਿਲ ਸਨ ਜਿਨਾਂ ਰਾਹੀਂ ਉਹ ਵਿਦੇਸ਼ੀ ਵਰਕਰਾਂ ਤੋਂ ਪੈਸੇ ਲੈ ਕੇ ਜਾਅਲੀ ਨੌਕਰੀਆਂ ਲਈ ਰੋਜ਼ਗਾਰ ਰਿਕਾਰਡ, ਪੇਅ ਸਲਿਪਾਂ ਅਤੇ ਚੈੱਕ ਤਿਆਰ ਕਰਦੇ ਸਨ। ਮੁਕੱਦਮੇ ਵਿਚ ਕਿਹਾ ਕਿ ਇਮੀਗ੍ਰੇਸ਼ਨ ਸਲਾਹਕਾਰਾਂ ਵਿਪਨ ਦੱਤਾ, ਉਸ ਦੀ ਪਤਨੀ ਰਿਤੂ, ਸਲਾਹਕਾਰ ਕੁਲਦੀਪ ਕੌਰ ਅਤੇ ਉਸ ਦੇ ਪਤੀ ਹਰਨੇਕ ਸਿੰਘ ਪੰਨੂੰ ਦੀ ਮਾਲਕੀ ਵਾਲੀ ਜਾਇਦਾਦ ਦਾ ਕਬਜ਼ਾ ਸਰਕਾਰ ਨੂੰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਉਨਾਂ ਦੀ ਗੈਰਕਾਨੂੰਨੀ ਕਾਰਵਾਈਆਂ ਵਿਚ ਵਰਤੋਂ ਕੀਤੀ ਗਈ ਹੈ। ਆਪਣੀ ਜਾਂਚ ਦੇ ਸਬੰਧ ਵਿਚ 2020 ਵਿਚ ਕੈਨੇਡਾ ਬਾਰਡਰ ਸਰਵਸਿਜ਼ ਏਜੰਸੀ ਵਲੋਂ ਪ੍ਰਾਪਰਟੀਜ਼ ਦੀ ਕੀਤੀ ਜਾਂਚ ਵਿਚ ਜ਼ਬਤ ਕੀਤੇ 600000 ਡਾਲਰ ਤੋਂ ਵੀ ਜ਼ਿਆਦਾ ਦੀ ਰਕਮ ਵੀ ਸਰਕਾਰ  ਆਪਣੇ ਕੋਲ ਰੱਖਣਾ ਚਾਹੁੰਦੀ ਹੈ।