ਫ਼ਿਲਮਾਂ ਰਾਹੀਂ ਲੋਕਾਂ ਦਾ ਨਜ਼ਰੀਆ ਬਦਲ ਕੇ ਸੰਤੁਸ਼ਟ ਹੈ ਤਾਪਸੀ

0
404

ਨਵੀਂ ਦਿੱਲੀ-ਅਦਾਕਾਰਾ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਪੁਰਸ਼ ਪ੍ਰਧਾਨ ਸਮਾਜ ਦਾ ਅਸਲ ਅਹਿਸਾਸ ਉਸ ਨੂੰ ਉਸ ਵੇਲੇ ਹੋਇਆ ਜਦ ਉਸ ਨੇ ਬੌਲੀਵੁੱਡ ਵਿਚ ਕੰਮ ਕਰਨਾ ਆਰੰਭਿਆ। ਤਾਪਸੀ ਦੀ ਨਵੀਂ ਫ਼ਿਲਮ ‘ਥੱਪੜ‘ ਘਰੇਲੂ ਹਿੰਸਾ ਦੇ ਮੁੱਦੇ ਦੀ ਕਰੀਬ ਤੋਂ ਸਮੀਖ਼ਿਆ ਕਰਦੀ ਹੈ। ‘ਪਿੰਕ‘ ਤੇ ‘ਮੁਲਕ‘ ਜਿਹੀਆਂ ਫ਼ਿਲਮਾਂ ਨਾਲ ਨਵੀਆਂ ਪੈੜਾਂ ਪਾਉਣ ਵਾਲੀ ਅਭਿਨੇਤਰੀ ‘ਥੱਪੜ‘ ਵਿਚ ਅਜਿਹੀ ਮਹਿਲਾ ਦਾ ਕਿਰਦਾਰ ਨਿਭਾ ਰਹੀ ਹੈ ਜੋ ਪਤੀ ਵੱਲੋਂ ਮਾਰੇ ਇਕ ਥੱਪੜ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਤਾਪਸੀ ਨੇ ਕਿਹਾ ਕਿ ਉਸ ਨੂੰ ਖ਼ੁਸ਼ੀ ਹੈ ਕਿ ਉਹ ਆਪਣੇ ਕੰਮ ਰਾਹੀਂ ਲੋਕਾਂ ਦਾ ਨਜ਼ਰੀਆ ਬਦਲ ਰਹੀ ਹੈ। ਤਾਪਸੀ ਨੇ ਕਿਹਾ ਕਿ ਕੁਝ ਸਾਲਾਂ ਤੋਂ ਉਸ ਨੇ ਪੁਰਸ਼ ਪ੍ਰਧਾਨ ਸਮਾਜ ਨੂੰ ਨੇੜਿਓਂ ਤੱਕਿਆ ਹੈ। ਤਾਪਸੀ ਮੁਤਾਬਕ ‘ਜੇ ਪਿਤਾ ਕਹਿੰਦਾ ਹੈ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ, ਤੁਸੀਂ ਸਵਾਲ ਨਹੀਂ ਕਰਦੇ। ਮਾਂ ਸ਼ਾਇਦ ਤੁਹਾਡੇ ਨਾਲ ਸਹਿਮਤ ਵੀ ਹੋਵੇ ਪਰ ਉਸ ਦੇ ਪੱਖ ਨਾਲ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ। ਤੁਹਾਨੂੰ 8 ਵਜੇ ਤੱਕ ਆਪਣੇ ਘਰ ਵਿਚ ਹੋਣਾ ਪਵੇਗਾ ਕਿਉਂਕਿ ਪੁਰਸ਼ ਖ਼ੁਦ ਨੂੰ ਕਾਬੂ ਨਹੀਂ ਕਰ ਸਕਦੇ।‘ ਤਾਪਸੀ ਨੇ ਕਿਹਾ ਕਿ ਇਹ ਅਹਿਸਾਸ ਲੰਮਾ ਸਮਾਂ ਸਵਾਲ ਕਰਨ ਤੋਂ ਬਾਅਦ ਹੁੰਦਾ ਹੈ ਕਿ ਇਹ ਸਭ ਸਹੀ ਨਹੀਂ ਹੈ। ਅਦਾਕਾਰਾ ਨੇ ਲਿੰਗ ਤੇ ਤਨਖ਼ਾਹਾਂ ਪੱਖੋਂ ਬਰਾਬਰੀ ਨੂੰ ਬਦਲਾਅ ਲਈ ਜ਼ਰੂਰੀ ਦੱਸਿਆ। ‘ਥੱਪੜ‘ 28 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਨਿਰਦੇਸ਼ਕ ਅਨੁਭਵ ਸਿਨਹਾ ਹਨ।