ਪ੍ਰੀਤ ਮਨਪ੍ਰੀਤ ਦਾ ਕਾਵਿ ਸੰਗ੍ਰਹਿ ਰੁੱਤਾਂ, ਦਿਲ ਤੇ ਸੁਫ਼ਨੇ ਲੋਕ ਅਰਪਣ

0
406

ਸਰੀ (ਹਰਦਮ ਮਾਨ)-ਕਲਮੀਂ ਪਰਵਾਜ਼ ਮੰਚ, ਸਰੀ ਵੱਲੋਂ ਨੌਜਵਾਨ ਪੰਜਾਬੀ ਸ਼ਾਇਰ ਪ੍ਰੀਤ ਮਨਪ੍ਰੀਤ ਦਾ ਕਾਵਿ ਸੰਗ੍ਰਹਿ ਰੁੱਤਾਂ, ਦਿਲ ਤੇ ਸੁਫ਼ਨੇ ਰਿਲੀਜ਼ ਕਰਨ ਲਈ ਖਾਲਸਾ ਲਾਇਬਰੇਰੀ ਵਿਚ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਗਾਜ਼ ਹਰਿੰਦਰ ਕੌਰ ਸੋਹੀ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਮੈਡਮ ਸਹੀ ਨੇ ਪ੍ਰੀਤ ਮਨਪ੍ਰੀਤ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਤ ਕਾਲਜ ਦੇ ਸਮੇਂ ਤੋਂ ਕਵਿਤਾ ਲਿਖ ਰਿਹਾ ਅਤੇ ਕਾਲਜ ਤੇ ਯੂਨੀਵਰਸਿਟੀ ਦੇ ਵੱਖ ਵੱਖ ਕਵਿਤਾ ਮੁਕਾਬਲਿਆਂ ਵਿਚ ਪਹਿਲਾ ਇਨਾਮ ਪ੍ਰਾਪਤ ਕਰਦਾ ਰਿਹਾ ਹੈ। ਇਸ ਮੌਕੇ ਹਾਜਰ ਲੇਖਕਾਂ, ਪਾਠਕਾਂ ਦੇ ਵੱਡੇ ਇਕੱਠ ਵਿਚ ਪੁਸਤਕ ਲੋਕ ਅਰਪਣ ਕੀਤੀ ਗਈ। ਪ੍ਰੀਤ ਮਨਪ੍ਰੀਤ ਨੂੰ ਵਧੀਆ ਅਤੇ ਖੂਬਸੂਰਤ ਸ਼ਾਇਰੀ ਲਈ ਮੁਬਾਰਕਬਾਦ ਦਿੰਦਿਆਂ ਪ੍ਰਸਿੱਧ ਸ਼ਾਇਰ ਜਸਵਿੰਦਰ ਨੇ ਕਿਹਾ ਕਿ ਇਸ ਪੁਸਤਕ ਦੀਆਂ ਨਜ਼ਮਾਂ ਅਤੇ ਗ਼ਜ਼ਲਾਂ ਵਿਚ ਨਵਾਂ ਰੰਗ ਹੈ, ਸਪਸ਼ਟਤਾ ਹੈ। ਪ੍ਰੀਤ ਦੀ ਸ਼ਾਇਰੀ ਵਿਚ ਸ਼ਾਬਦਿਕ ਜੰਜਾਲ ਨਹੀਂ ਸਗੋਂ ਪਾਠਕ ਨੂੰ ਨਾਲ ਲੈ ਕੇ ਤੁਰਨ ਦੀ ਸਮਰੱਥਾ ਹੈ। ਜ਼ਿੰਦਗੀ ਨੂੰ ਹੋਰ ਸੁਹਣੀ ਅਤੇ ਤੰਦਰੁਸਤ ਬਣਾਉਣ ਲਈ ਉਸ ਦੀ ਸ਼ਾਇਰੀ ਵਿਚ ਤਾਂਘ ਹੈ। ਉਸਤਾਦ ਗ਼ਜ਼ਲਗੋ ਕਿ੍ਰਸ਼ਨ ਭਨੋਟ ਨੇ ਕਿਹਾ ਕਿ ਮਨਪ੍ਰੀਤ ਵਿਚ ਇਕ ਪਰਪੱਕ ਸ਼ਾਇਰ ਵਾਲੀਆਂ ਸਾਰੀਆਂ ਖੂਬੀਆਂ ਅਤੇ ਵਧੀਆ ਸ਼ਾਇਰੀ ਦੀਆਂ ਬੇਹੱਦ ਸੰਭਾਵਨਾਵਾਂ ਮੌਜੂਦ ਹਨ। ਉਹ ਬਹੁਤ ਸੂਖਮ ਭਾਵੀ ਕਵੀ ਹੈ। ਉਹ ਕਵਿਤਾ ਲਿਖਦਾ ਨਹੀਂ ਸਗੋਂ ਕਵਿਤਾ ਜਿਉਂਦਾ ਹੈ। ਰਾਜਵੰਤ ਰਾਜ ਨੇ ਆਪਣੇ ਪਰਚੇ ਰਾਹੀਂ ਮਨਪ੍ਰੀਤ ਦੀਆਂ ਨਜ਼ਮਾਂ, ਗ਼ਜ਼ਲਾਂ ਵਿਚਲੇ ਖ਼ਿਆਲਾਂ ਦੀ ਡੁੰਘਾਈ ਅਤੇ ਖੂਬਸੂਰਤੀ ਨੂੰ ਬਹੁਤ ਹੀ ਦਿਲਕਸ਼ ਲਫ਼ਜ਼ਾਂ ਰਾਹੀਂ ਸਰੋਤਿਆਂ ਦੇ ਰੂਬਰੂ ਪੇਸ਼ ਕੀਤਾ। ਪ੍ਰਸਿੱਧ ਸ਼ਾਇਰ ਨਦੀਮ ਪਰਮਾਰ ਨੇ ਮਨਪ੍ਰੀਤ ਦੀਆਂ ਗ਼ਜ਼ਲਾਂ ਦੀ ਵਿਸ਼ੇਸ਼ ਤੌਰ ਤੇ ਪ੍ਰਸੰਸਾ ਕੀਤੀ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਮਨਜੀਤ ਕੌਰ ਕੰਗ ਅਤੇ ਅੰਮਿ੍ਰਤ ਦੀਵਾਨਾ ਨੇ ਮਨਪ੍ਰੀਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਪੁਸਤਕ ਰਾਹੀਂ ਸਰੀ ਵਿਚ ਇਕ ਹੋਰ ਵਧੀਆ ਪੰਜਾਬੀ ਸ਼ਾਇਰ ਦਾ ਆਗਮਨ ਹੋਇਆ ਹੈ। ਰਾਜਵੀਰ ਕਲੇਰ ਨੇ ਮਨਪ੍ਰੀਤ ਦੀ ਇਕ ਖੂਬਸੂਰਤ ਗ਼ਜ਼ਲ ਆਪਣੀ ਸੁਰੀਲੀ ਆਵਾਜ਼ ਰਾਹੀਂ ਤਰੰਨੁਮ ਵਿਚ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਜਿਸ ਦੇ ਬੋਲ ਸਨ-

ਦਿਲ ਦੇ ਵਿਚ ਦਬਾ ਕੇ ਕਿਧਰੇ, ਸੋਚਾਂ ਵਿਚ ਰਚਾ ਕੇ।

ਕਦ ਤੱਕ ਰੱਖ ਸਕੋਗੇ ਇਹਨਾਂ ਰੀਝਾਂ ਨੂੰ ਭਰਮਾ ਕੇ।

ਅੰਤ ਵਿਚ ਪ੍ਰੀਤ ਮਨਪ੍ਰੀਤ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਪੰਜ ਗ਼ਜ਼ਲਾਂ ਰਾਹੀਂ ਦਿਲਕਸ਼ ਸ਼ਾਇਰੀ ਦੀ ਸਾਂਝ ਪਾਈ।