ਧਰਨਾਕਾਰੀਆਂ ਨਾਲ ਵਾਰਤਾਕਾਰਾਂ ਦੀ ਮੀਟਿੰਗ ਵਿਚ ਖੁਲਾਸਾ

0
373

ਸ਼ਾਹੀਨ ਬਾਗ਼ ’ਚ ਧਰਨਾਕਾਰੀਆਂ ਨੂੰ ਪੁਲਿਸ ਨੇ ਬੰਦ ਕਰ ਰੱਖਿਆ ਹੈ’

ਨਵੀਂ ਦਿੱਲੀ-ਸੁਪਰੀਮ ਕੋਰਟ ਵੱਲੋਂ ਨਿਯੁਕਤ ਦੋ ਵਾਰਤਕਾਰਾਂ ਸੀਨੀਅਰ ਵਕੀਲ ਸੰਜੈ ਹੈਗੜੇ ਤੇ ਸਾਧਨਾ ਰਾਮਾਚੰਦਰਨ ਨੇ ਸ਼ਾਹੀਨ ਬਾਗ਼ ਦਾ ਦੌਰਾ ਕਰਕੇ ਪਿਛਲੇ ਦੋ ਮਹੀਨੇ ਤੋਂ ਧਰਨਾ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ। ਵਾਰਤਕਾਰਾਂ ਨੇ ਯਕੀਨ ਦਿਵਾਇਆ ਕਿ ਸੁਪਰੀਮ ਕੋਰਟ ਨੇ ਧਰਨਾ ਦੇਣ ਦੇ ਉਨਾਂ ਦੇ ਮੌਲਿਕ ਅਧਿਕਾਰ ਨੂੰ ਬਰਕਰਾਰ ਰੱਖਿਆ ਹੈ ਤੇ ਉਹ ਇਥੇ ਮੌਜੂਦ ਹਰ ਕਿਸੇ ਦੀ ਗੱਲ ਸੁਣਨਗੇ। ਧਰਨੇ ਵਿੱਚ ਮੌਜੂਦ ਦਾਦੀਆਂ, ਔਰਤਾਂ ਤੇ ਹੋਰਨਾਂ ਨੇ ਦਿਲ ਖੋਲ ਦੇ ਆਪਣਾ ਪੱਖ ਰੱਖਿਆ ਤੇ ਕਈਆਂ ਦੀਆਂ ਅੱਖਾਂ ਨਮ ਹੋਈਆਂ। ਧਰਨਾਕਾਰੀਆਂ ਨੇ ਸਾਫ਼ ਕਰ ਦਿੱਤਾ ਕਿ ਉਹ ਸਰਕਾਰ ਵੱਲੋਂ ਸੀਏਏ, ਐੱਨਆਰਸੀ ਤੇ ਐੱਨਪੀਆਰ ਨੂੰ ਵਾਪਸ ਲੈਣ ਤਕ ਇਥੇ ਡਟੇ ਰਹਿਣਗੇ। ਤਿੰਨ ਘੰਟੇ ਦੀ ਗੱਲਬਾਤ ਮਗਰੋਂ ਹੈਗੜੇ ਤੇ ਰਾਮਾਚੰਦਰਨ ਵੀਰਵਾਰ ਨੂੰ ਮੁੜ ਆਉਣ ਦਾ ਵਾਅਦਾ ਕਰਕੇ ਚਲੇ ਗਏ। ਉਨਾਂ ਦੇ ਜਾਣ ਤੋਂ ਕੁਝ ਮਿੰਟਾਂ ਅੰਦਰ ਸਾਬਕਾ ਸੂਚਨਾ ਕਮਿਸ਼ਨਰ ਤੇ ਵਾਰਤਾਕਾਰ ਦੀ ਟੀਮ ‘ਚ ਤੀਜੇ ਮੈਂਬਰ ਵਜੋਂ ਸ਼ਾਮਲ ਵਜਾਹਤ ਹਬੀਬਉੱਲਾ ਵਕੀਲਾਂ ਦੇ ਲਾਮ ਲਸ਼ਕਰ ਨਾਲ ਸ਼ਾਹੀਨ ਬਾਗ਼ ਪੁੱਜੇ ਤੇ ਉਨਾਂ ਧਰਨਾਕਾਰੀਆਂ ਦਾ ਪੱਖ ਸੁਣਿਆ।

ਜਦੋਂ ਹੰਝੂ ਵਹਿ ਤੁਰੇ

ਇਕ ਮਹਿਲਾ ਧਰਨਾਕਾਰੀ ਵਾਰਤਾਕਾਰਾਂ ਨਾਲ ਗੱਲਬਾਤ ਕਰਦਿਆਂ ਰੋ ਪਈ। ਮਹਿਲਾ ਨੇ ਕਿਹਾ ਕਿ ਉਹ ਤਾਂ ਸੰਵਿਧਾਨ ਦੀ ਸੁਰੱਖਿਆ ਲਈ ਧਰਨਾ ਦੇ ਰਹੇ ਹਨ, ਪਰ ਲੋਕਾਂ ਨੂੰ ਰਾਹਗੀਰਾਂ ਨੂੰ ਦਰਪੇਸ਼ ਮੁਸ਼ਕਲਾਂ ਹੀ ਨਜ਼ਰ ਆਉਂਦੀਆਂ ਹਨ, ਜਿਹੜੇ ਬਦਲਵੇਂ ਰਾਹਾਂ ਦੀ ਚੋਣ ਕਰ ਸਕਦੇ ਹਨ। ਉਸ ਨੇ ਕਿਹਾ, ‘ਠੰਢੀਆਂ ਰਾਤਾਂ ਵਿੱਚ ਬਿਨਾਂ ਕੁਝ ਖਾਧਿਆਂ ਆਪਣੇ ਬੱਚਿਆਂ ਨਾਲ ਧਰਨੇ ‘ਚ ਬੈਠਣਾ, ਕੀ ਸਾਨੂੰ ਕੋਈ ਤਕਲੀਫ ਨਹੀਂ ਹੈ? ਅਸੀਂ ਖੁਦ ਮੁਸੀਬਤ ਵਿੱਚ ਹਾਂ, ਅਸੀਂ ਕਿਸੇ ਲਈ ਕੀ ਮੁਸੀਬਤ ਬਣਾਂਗੇ।‘

ਦਿੱਲੀ ਪੁਲੀਸ ਨੇ ਰੋਕੀ ਹੈ ਸੜਕ

ਸ਼ਾਹੀਨ ਬਾਗ਼ ‘ਚ ਡੇਰਾ ਲਾਈ ਬੈਠੀਆਂ ‘ਦਾਦੀਆਂ‘ ਵਿੱਚੋਂ ਇਕ ਬਿਲਕੀਸ ਨੇ ਐਲਾਨ ਕੀਤਾ ਕਿ ਜੇਕਰ ਕੋਈ ਗੋਲੀ ਵੀ ਚਲਾਉਂਦਾ ਹੈ ਤਾਂ ਵੀ ਉਹ ਇਕ ਇੰਚ ਪਿੱਛੇ ਨਹੀਂ ਹਟਣਗੇ। ਇਨਾਂ ਬਿਰਧ ਔਰਤਾਂ ਨੇ ਕਿਹਾ ਕਿ ਧਰਨੇ ਵਾਲੀ ਥਾਂ ਲੱਗਾ ਮੁੱਖ ਸ਼ਾਮਿਆਨਾ ਸੜਕ ਦੇ 100 ਤੋਂ 150 ਮੀਟਰ ਹਿੱਸੇ ਨੂੰ ਹੀ ਕਵਰ ਕਰਦਾ ਹੈ। ਉਨਾਂ ਦਲੀਲ ਦਿੰਦਿਆਂ ਕਿਹਾ, ‘ਅਸੀਂ ਸੜਕ ਨਹੀਂ ਰੋਕੀ। ਇਹ ਦਿੱਲੀ ਪੁਲੀਸ ਹੈ, ਜਿਸ ਨੇ ਸੁਰੱਖਿਆ ਦੇ ਨਾਂ ਉੱਤੇ ਬੈਰੀਕੇਡਾਂ ਨਾਲ ਪੂਰੀ ਸੜਕ ਘੇਰ ਰੱਖੀ ਹੈ। ਪਹਿਲਾਂ ਇਨਾਂ ਬੈਰੀਕੇਡਾਂ ਨੂੰ ਕਿਉਂ ਨਾ ਹਟਾਇਆ ਜਾਵੇ? ਅਸੀਂ ਪੁਲੀਸ ਜਾਂ ਕਿਸੇ ਹੋਰ ਨੂੰ ਕਦੇ ਵੀ ਆਪਣੇ ਲਈ ਸੜਕ ਬਲਾਕ ਕਰਨ ਵਾਸਤੇ ਨਹੀਂ ਕਿਹਾ। ਸੜਕ ਉਨਾਂ ਨੇ ਬਲਾਕ ਕੀਤੀ, ਹੁਣ ਦੋਸ਼ ਸਾਡੇ ਸਿਰ ਮੜ ਰਹੇ ਹਨ।‘ ਬਿਲਕੀਸ ਨੇ ਕਿਹਾ, ‘ਉਹ ਸਾਨੂੰ ਗੱਦਾਰ ਆਖਦੇ ਹਨ। ਜਦੋਂ ਅਸੀਂ ਅੰਗਰੇਜ਼ਾਂ ਨੂੰ ਦੇਸ਼ ‘ਚੋਂ ਬਾਹਰ ਖਦੇੜ ਸਕਦੇ ਹਾਂ ਤਾਂ ਫਿਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਕੌਣ ਹਨ? ਕੋਈ ਸਾਡੇ ‘ਤੇ ਗੋਲੀ ਚਲਾਏ, ਪਰ ਅਸੀਂ ਇਕ ਇੰਚ ਪਿੱਛੇ ਨਹੀਂ ਹਟਾਂਗੇ। ਤੁਸੀਂ ਪਹਿਲਾਂ ਐੱਨਆਰਸੀ ਤੇ ਸੀਏਏ ਨੂੰ ਹਟਾਉ, ਅਸੀਂ ਧਰਨਾ ਚੁੱਕਣ ਨੂੰ ਮਿੰਟ ਨਹੀਂ ਲਾਵਾਂਗੇ।