ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰਾਂ ਦੀ ਸਮਗਲਿੰਗ ਕਰਨ ਵਾਲੇ ਤਸਕਰਾਂ ’ਚੋਂ ਇਕ ਗ੍ਰਿਫਤਾਰ

0
13

ਫਿਰੋਜ਼ਪੁਰ : ਪਾਕਿਸਤਾਨ ਤੋਂ ਹੈਰੋਇਨ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰਾਂ ‘ਚੋਂ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਗਏ ਤਸਕਰ ਕੋਲੋਂ 550 ਗ੍ਰਾਮ ਹੈਰੋਇਨ ਤੇ 1 ਪਿਸਟਲ 32 ਬੋਰ ਸਮੇਤ ਇਕ ਮੈਗਜੀਨ ਬਰਾਮਦ ਹੋਇਆ ਹੈ। ਇਸ ਸਬੰਧ ਵਿਚ ਥਾਣਾ ਮਮਦੋਟ ਪੁਲਿਸ ਨੇ ਹੈਰੋਇਨ ਅਤੇ ਹਥਿਆਰਾਂ ਸਮਗਲਿੰਗ ਕਰਨ ਦੇ ਦੋਸ਼ ‘ਚ ਚਾਰ ਤਸਕਰਾਂ ਖਿਲਾਫ਼ ਐੱਨਡੀਪੀਐੱਸ ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਮੁੱਖ ਅਫਸਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਇਲਾਕਾ ਮਮਦੋਟ ਵਿਖੇ ਮੌਜੂਦ ਸੀ। ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਆਂ ਗਗਨਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਸ਼ੇਰਾ ਮੁਡਾਰ, ਬਲਵਿੰਦਰ ਸਿੰਘ ਉਰਫ ਕੁਲਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਪੋਜੋ ਕੇ ਉਤਾੜ, ਐੱਮਪੀ ਸਿੰਘ ਵਾਸੀ ਫੱਤੇ ਵਾਲਾ ਹਿਠਾੜ ਅਤੇ ਦੀਪੂ ਪਾਕਿਸਤਾਨ ਵੱਲੋਂ ਪੰਜਾਬ ਏਰੀਆ ਵਿਚ ਹੈਰੋਇਨ ਤੇ ਹਥਿਆਰਾਂ ਦੀ ਸਮਗਲਿੰਗ ਕਰਨ ‘ਚ ਪੂਰੀ ਤਰ੍ਹਾਂ ਸਰਗਰਮ ਹਨ, ਜੋ ਇਹ ਦੋਸ਼ੀ ਵਿਅਕਤੀ ਤਾਰੋਂ ਪਾਰ ਪਾਕਿਸਤਾਨ ਬਾਰਡਰ ਵੱਲੋਂ ਹਥਿਆਰ ਅਤੇ ਹੈਰੋਇਨ ਡਰੋਨ ਰਾਹੀਂ ਭਾਰਤ ਦੀ ਸੀਮਾ ਦੇ ਨਾਲ ਲੱਗਦੇ ਪਿੰਡ ਫੱਤੇ ਵਾਲਾ ਹਿਠਾੜ ਤੇ ਮੱਬੋ ਕੇ ਵਗੈਰਾ ਦੇ ਏਰੀਆ ‘ਚ ਮੰਗਵਾਉਂਦੇ ਹਨ ਤੇ ਹੁਣ ਇਨ੍ਹਾਂ ਨੇ ਕੁਝ ਦਿਨ ਪਹਿਲਾਂ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਤੇ ਹਥਿਆਰਾਂ ਦੀ ਖੇਪ ਮੰਗਵਾਈ ਹੈ ਜੋ ਇਹ ਅੱਗੇ ਟਿਕਾਣੇ ਲਗਾ ਰਹੇ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ’ਤੇ ਛਾਪੇਮਾਰੀ ਕਰ ਕੇ ਗਗਨਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ। ਇਸ ਕੋਲੋਂ 550 ਗ੍ਰਾਮ ਹੈਰੋਇਨ ਅਤੇ 1 ਪਿਸਟਲ 32 ਬੋਰ ਸਮੇਤ ਇਕ ਮੈਗਜੀਨ ਬਰਾਮਦ ਹੋਇਆ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।