ਨੌਜਵਾਨ ਨੇ ਮਾਂ, ਭਰਜਾਈ ਤੇ ਭਤੀਜੇ ਦਾ ਕੀਤਾ ਕਤਲ

0
9

ਚੇਤਨਪੁਰਾ-ਅਜਨਾਲਾ ਤਹਿਸੀਲ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿੱਚ ਬੀਤੀ ਰਾਤ ਇੱਕ ਨੌਜਵਾਨ ਨੇ ਸੁੱਤੀ ਪਈ ਆਪਣੀ ਮਾਤਾ, ਭਰਜਾਈ ਅਤੇ ਦੋ ਸਾਲ ਦੇ ਭਤੀਜੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਘਟਨਾ ਮਗਰੋਂ ਉਹ ਥਾਣਾ ਝੰਡੇਰ ਪਹੁੰਚਿਆ ਅਤੇ ਪੁਲੀਸ ਕੋਲ ਆਤਮਸਮਰਪਣ ਕਰ ਦਿੱਤਾ। ਸੂਚਨਾ ਮਿਲਣ ਮਗਰੋਂ ਡੀਐੱਸਪੀ ਤਜਿੰਦਰਪਾਲ ਸਿੰਘ ਤੇ ਥਾਣਾ ਝੰਡੇਰ ਦੇ ਐੱਸਐੱਚਓ ਦਵਿੰਦਰ ਸਿੰਘ ਘਟਨਾ ਸਥਾਨ ‘ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਉਹ ਅੱਜ ਸਵੇਰੇ ਥਾਣੇ ਪੁੱਜਿਆ ਸੀ ਅਤੇ ਇਸ ਸਾਰੀ ਘਟਨਾ ਬਾਰੇ ਦੱਸਿਆ ਸੀ। ਜਦੋਂ ਪੁਲੀਸ ਪਾਰਟੀ ਉਸ ਨੂੰ ਲੈ ਕੇ ਪਿੰਡ ਪੁੱਜੀ ਤਾਂ ਉਸ ਦੀ ਮਾਤਾ ਮਨਬੀਰ ਕੌਰ ਪਤਨੀ ਸਰਬਜੀਤ ਸਿੰਘ, ਭਰਜਾਈ ਅਵਰੀਤ ਕੌਰ ਪਤਨੀ ਪ੍ਰਿਤਪਾਲ ਸਿੰਘ ਤੇ ਭਤੀਜੇ ਸਮਰੱਥ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਦੀਆਂ ਲਾਸ਼ਾਂ ਅੰਦਰ ਮੰਜਿਆਂ ‘ਤੇ ਪਈਆਂ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਕਿ ਪਰਿਵਾਰ ਦਾ ਕਾਫੀ ਸਮੇਂ ਤੋਂ ਘਰੇਲੂ ਕਲੇਸ਼ ਚੱਲਦਾ ਆ ਰਿਹਾ ਸੀ। ਉਕਤ ਨੌਜਵਾਨ ਨਸ਼ੇ ਦਾ ਆਦੀ ਵੀ ਦੱਸਿਆ ਜਾ ਰਿਹਾ ਹੈ। ਪੁਲੀਸ ਨੇ ਥਾਣਾ ਝੰਡੇਰ ਵਿੱਚ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਕਤਲਕਾਂਡ ਸਮੇਂ ਵਰਤਿਆ ਗਿਆ ਦਾਤਰ ਵੀ ਬਰਾਮਦ ਕੀਤਾ ਹੈ। ਪੁਲੀਸ ਨੇ ਪੋਸਟਮਾਰਟਮ ਲਈ ਲਾਸ਼ਾਂ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਵਿੱਚ ਭੇਜ ਦਿੱਤਾ ਹੈ। ਉਧਰ, ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦਾ ਪਿਤਾ ਸਾਬਕਾ ਫੌਜੀ ਹੈ। ਉਹ ਇਸ ਸਮੇਂ ਛੱਤੀਸਗੜ੍ਹ ਪੁਲੀਸ ਵਿੱਚ ਤਾਇਨਾਤ ਹੈ ਜਦੋਂਕਿ ਉਸ ਦਾ ਭਰਾ ਪ੍ਰਿਤਪਾਲ ਦੁਬਈ ਵਿੱਚ ਡਰਾਈਵਰੀ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਨੌਜਵਾਨ ਦੀ ਪਤਨੀ ਤੇ ਬੱਚੇ ਪੇਕੇ ਗਏ ਹੋਏ ਹਨ ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।