ਸੁਖ ਵਿਲਾਸ ਹੋਟਲ ਲਈ ਬਣਾਈ ‘ਈਕੋ ਟੂਰਿਜ਼ਮ’ ਨੀਤੀ ਦੀ ਜਾਂਚ ਕਰਾਂਗੇ-ਭਗਵੰਤ ਮਾਨ

0
14

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਅਗਾਮੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਬਾਦਲ ਪਰਿਵਾਰ ਨੂੰ ਸਿਆਸੀ ਮੁਹਾਜ਼ ‘ਤੇ ਘੇਰਨ ਲਈ ਪਹਾੜਾਂ ਦੀ ਜੱਦ ਵਿਚ ਪੈਂਦੇ ਸੁੱਖ ਵਿਲਾਸ ਹੋਟਲ ਨੂੰ ਕਰੋੜਾਂ ਰੁਪਏ ਦੇ ਟੈਕਸਾਂ ‘ਚ ਛੋਟ ਦੇਣ ਲਈ ਬਣਾਈ ‘ਈਕੋ ਟੂਰਿਜ਼ਮ ਨੀਤੀ‘ ਉੱਤੇ ਉਂਗਲ ਉਠਾਈ ਹੈ। ਉਨ੍ਹਾਂ ਕਿਹਾ ਕਿ ਇਹ ਨੀਤੀ ਸਿਰਫ ਇੱਕੋ ਸੁੱਖ ਵਿਲਾਸ ਹੋਟਲ ਲਈ ਬਣਾਈ ਗਈ ਜਿਸ ਤਹਿਤ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਇਸ ਹੋਟਲ ਨੂੰ ਸਰਕਾਰੀ ਖਜ਼ਾਨੇ ‘ਚੋਂ 108 ਕਰੋੜ ਰੁਪਏ ਦੇ ਟੈਕਸਾਂ ਦੀ ਛੋਟ ਦਿੱਤੀ ਗਈ। ਮੁੱਖ ਮੰਤਰੀ ਨੇ ਮੀਡੀਆ ਕੋਲ ਖੁਲਾਸਾ ਕੀਤਾ ਕਿ ‘ਈਕੋ ਟੂਰਿਜ਼ਮ ਨੀਤੀ‘ ਦਾ ਫਾਇਦਾ ਸਿਰਫ ਬਾਦਲ ਪਰਿਵਾਰ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਟੈਕਸਾਂ ‘ਚ ਦਿੱਤੀ ਛੋਟ ਨਾਲ ਖਜ਼ਾਨੇ ਨੂੰ ਵਿੱਤੀ ਸੱਟ ਵੱਜੀ ਹੈ ਜਿਸ ਕਰਕੇ ਉਹ ਇਸ ਨੀਤੀ ਨੂੰ ਘੜਨ ਵਾਲਿਆਂ ਜਿਨ੍ਹਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਤਤਕਾਲੀ ਕੈਬਨਿਟ ਮੰਤਰੀ ਵੀ ਹਨ, ਖਿਲਾਫ ਐਕਸ਼ਨ ਲੈਣਗੇ। ਜਦੋਂ ਇਹ ਨੀਤੀ ਬਣੀ ਉਦੋਂ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸਨ। ਉਨ੍ਹਾਂ ਕਿਹਾ ਕਿ ਇਸ ਨੀਤੀ ਨੂੰ ਘੜਨ ਵਾਲੇ ਅਫਸਰਾਂ ਖ਼ਿਲਾਫ਼ ਵੀ ਕਾਰਵਾਈ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਈਕੋ ਟੂਰਿਜ਼ਮ ਨੀਤੀ ਦੀ ਘੋਖ ਕਰਨ ਵਾਸਤੇ ਐਡਵੋਕੇਟ ਜਨਰਲ ਨੂੰ ਹਦਾਇਤ ਕੀਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਵੇਂ ਇੱਕ ਪਰਿਵਾਰ ਨੂੰ ਨਿੱਜੀ ਲਾਭ ਦੇਣ ਖਾਤਰ ਨਿਯਮਾਂ ਨੂੰ ਤੋੜਿਆ ਮਰੋੜਿਆ ਗਿਆ। ਉਨ੍ਹਾਂ ਦੱਸਿਆ ਕਿ ਏਜੀ ਦੀ ਕਾਨੂੰਨੀ ਸਲਾਹ ਮਗਰੋਂ ਉਨ੍ਹਾਂ ਸਭਨਾਂ ਖ਼ਿਲਾਫ਼ ਕਾਰਵਾਈ ਲਈ ਕਦਮ ਵਧਾਏ ਜਾਣਗੇ ਜੋ ਲੋਕਾਂ ਦੇ ਪੈਸੇ ਦੀ ਲੁੱਟ ਵਿਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਤਤਕਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਬਾਦਲ ਪਰਿਵਾਰ ਨੂੰ ਫਾਇਦਾ ਦੇਣ ਲਈ ਇਸ ਹੋਟਲ ਦੇ ਨਿਰਮਾਣ ਵਾਸਤੇ ਨਿਯਮਾਂ ਵਿਚ ਭੰਨ ਤੋੜ ਕਰਕੇ ਈਕੋ ਟੂਰਿਜ਼ਮ ਨੀਤੀ 2009 ਬਣਾਈ। ਮੁੱਖ ਮੰਤਰੀ ਨੇ ਵੇਰਵੇ ਸਾਂਝੇ ਕੀਤੇ ਕਿ ਇਸ ਰਿਜ਼ੌਰਟ ਦਾ 10 ਸਾਲਾਂ ਲਈ ਐੱਸਜੀ ਐੱਸਟੀ ਤੇ ਵੈਟ ਦਾ 75-75 ਫੀਸਦੀ ਹਿੱਸਾ ਮੁਆਫ਼ ਕੀਤਾ ਗਿਆ ਜੋ ਕਿ 85 ਕਰੋੜ ਰੁਪਏ ਬਣਦਾ ਹੈ। ਦਸ ਸਾਲ ਲਈ ਹੀ ਸੌ ਫੀਸਦੀ ਬਿਜਲੀ ਕਰ ਮੁਆਫ ਕੀਤਾ ਜੋ ਕਿ 11.44 ਕਰੋੜ ਰੁਪਏ ਬਣਦਾ ਹੈ ਅਤੇ ਇਸੇ ਤਰ੍ਹਾਂ 11 ਕਰੋੜ ਦਾ ਲਗਜ਼ਰੀ ਟੈਕਸ ਅਤੇ ਲਾਇਸੈਂਸ ਫੀਸ ਮੁਆਫ ਕੀਤੀ ਗਈ। ਇਸ ਰਿਜ਼ੌਰਟ ਦਾ 11 ਮਈ 2015 ਤੋਂ 10 ਮਈ 2025 ਤੱਕ ਦੇ ਸਮੇਂ ਦਾ ਟੈਕਸ ਮੁਆਫ਼ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਥੇ ਕਿਤੇ ਪਹਿਲਾਂ ਪੋਲਟਰੀ ਫਾਰਮ ਹੁੰਦਾ ਸੀ, ਉਸ ਨੂੰ ਮਗਰੋਂ ਸੁੱਖ ਵਿਲਾਸ ਹੋਟਲ ਵਿਚ ਤਬਦੀਲ ਕਰ ਦਿੱਤਾ ਗਿਆ।