ਪੰਜਾਬ ਬਜਟ: ਨਾ ਨਵਾਂ ਟੈਕਸ, ਨਾ ਕੋਈ ਵੱਡਾ ਐਲਾਨ

0
14

ਵਿੱਤ ਮੰਤਰੀ ਵੱਲੋਂ 2,04,918 ਕਰੋੜ ਰੁਪਏ ਦਾ ਬਜਟ ਪੇਸ਼ J ਹਰਪਾਲ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਯੋਜਨਾਵਾਂ ਬਾਰੇ ਦੱਸਿਆ

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ‘ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇ ਪੇਸ਼ ਕੀਤੇ ਗਏ ਵਿੱਤੀ ਸਾਲ 2024-25 ਦੇ ਬਜਟ ਵਿਚ ਅੱਜ ਨਾ ਕੋਈ ਨਵਾਂ ਟੈਕਸ ਲਾਇਆ ਗਿਆ ਅਤੇ ਨਾ ਹੀ ਵੋਟਰਾਂ ਨੂੰ ਲੁਭਾਉਣ ਲਈ ਕੋਈ ਨਵੇਂ ਐਲਾਨ ਕੀਤੇ ਗਏ। ਵਿੱਤ ਮੰਤਰੀ ਚੀਮਾ ਨੇ ਸੂਬੇ ਵਿਚ ਵਿੱਤੀ ਤੰਗੀ ਦੇ ਮੱਦੇਨਜ਼ਰ ਵਿੱਤੀ ਸੰਜਮ ਦਾ ਰਾਹ ਅਖਤਿਆਰ ਕੀਤਾ ਜਿਸ ਕਾਰਨ ਅੱਜ ਕਿਸੇ ਵੀ ਵਰਗ ਲਈ ਬਜਟ ਵਿਚ ਤੋਹਫ਼ਾਨੁਮਾ ਝਲਕ ਦੇਖਣ ਨੂੰ ਨਹੀਂ ਮਿਲੀ। ‘ਆਪ‘ ਸਰਕਾਰ ਦੇ ਕਾਰਜਕਾਲ ਦੇ ਤੀਜੇ ਬਜਟ ਦਾ ਰੰਗ ਪਿਛਲੇ ਵਰ੍ਹੇ ਨਾਲੋਂ ਵੱਖਰਾ ਨਜ਼ਰ ਆਇਆ। ਵਿੱਤ ਮੰਤਰੀ ਚੀਮਾ ਨੇ ਅੱਜ ਸਦਨ ਵਿੱਚ ਵਰ੍ਹਾ 2024-25 ਲਈ 2,04,918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਜੋ ਕਿ ਪਿਛਲੇ ਵਰ੍ਹੇ ਦੇ ਬਜਟ ਨਾਲੋਂ ਤਿੰਨ ਫੀਸਦ ਵੱਧ ਹੈ। ਬਜਟ ਵਿਚ ਮੁੱਖ ਤੌਰ ‘ਤੇ ਸਿਹਤ, ਸਿੱਖਿਆ, ਖੇਤੀ ਅਤੇ ਜਨਤਕ ਬੁਨਿਆਦੀ ਢਾਂਚੇ ‘ਤੇ ਧਿਆਨ ਦਿੱਤਾ ਗਿਆ ਹੈ। ਇਸ ਬਜਟ ਵਿਚ 1,27,134 ਕਰੋੜ ਦੇ ਮਾਲੀਆ ਖਰਚਿਆਂ ਦੇ ਮੁਕਾਬਲੇ 1,03,936 ਕਰੋੜ ਦੇ ਮਾਲੀਆ ਪ੍ਰਾਪਤੀਆਂ ਦਾ ਟੀਚਾ ਤੈਅ ਕੀਤਾ ਗਿਆ ਹੈ। ਇਸ ਬਜਟ ਵਿੱਚ ਮਾਲੀਆ ਘਾਟਾ 23,198.14 ਕਰੋੜ ਦਾ ਰਹੇਗਾ। ਦੂਜੇ ਪਾਸੇ 38,331.48 ਕਰੋੜ ਦਾ ਮਾਰਕੀਟ ਲੋਨ ਲਿਆ ਜਾਵੇਗਾ। ਬਜਟ ਅਨੁਸਾਰ ਮਾਲੀਆ ਪ੍ਰਾਪਤੀਆਂ ਦਾ ਕਰੀਬ 52.88 ਫੀਸਦੀ ਤਨਖਾਹਾਂ ਤੇ ਪੈਨਸ਼ਨਾਂ ‘ਤੇ ਚਲਾ ਜਾਵੇਗਾ ਜਦਕਿ 35.37 ਫੀਸਦੀ ਕਰਜ਼ੇ ਦੀ ਅਦਾਇਗੀ ‘ਤੇ ਚਲਾ ਜਾਵੇਗਾ। ਇਸੇ ਤਰ੍ਹਾਂ ਬਿਜਲੀ ਸਬਸਿਡੀਆਂ ‘ਤੇ ਮਾਲੀਆ ਪ੍ਰਾਪਤੀਆਂ ਦਾ 19.4 ਫੀਸਦੀ ਖਰਚ ਹੋਵੇਗਾ। ਪੰਜਾਬ ਸਿਰ ਕਰਜ਼ਾ ਮਾਰਚ 2025 ਤੱਕ ਵਧ ਕੇ 3.74 ਲੱਖ ਕਰੋੜ ਹੋ ਜਾਵੇਗਾ। ਬਜਟ ‘ਚ ਫਸਲੀ ਖਰੀਦ ਵਾਸਤੇ ਕੋਈ ਵਿੱਤੀ ਸਹਾਇਤਾ ਜਾਂ ਕੀਮਤ ਸਥਿਰਤਾ ਫੰਡ ਵਗੈਰਾ ਨਹੀਂ ਐਲਾਨਿਆ ਗਿਆ ਹੈ ਪਰ ਫਸਲੀ ਵਿਭਿੰਨਤਾ ਲਈ 575 ਕਰੋੜ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਚੀਮਾ ਨੇ ਬਜਟ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬੇ ਦੇ ਅੱਠ ਹਜ਼ਾਰ ਕਰੋੜ ਦੇ ਫੰਡ ਰੋਕ ਲਏ ਹਨ ਪਰ ਸੂਬਾ ਸਰਕਾਰ ਟੈਕਸ ਮਾਲੀਏ ਨੂੰ 13 ਫੀਸਦੀ ਵਧਾਉਣ ਵਿਚ ਸਫਲ ਰਹੀ ਹੈ ਅਤੇ ਆਬਕਾਰੀ ਡਿਊਟੀ ਤੋਂ ਮਾਲੀਆ 10 ਹਜ਼ਾਰ ਕਰੋੜ ਨੂੰ ਪਾਰ ਕਰ ਜਾਵੇਗਾ। ਚੀਮਾ ਨੇ ਖੇਤੀ ਲਈ 13,784 ਕਰੋੜ ਦੀ ਤਜਵੀਜ਼ ਪੇਸ਼ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਨੂੰ ਮੁਫਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ ਜਿਸ ਵਾਸਤੇ 9,330 ਕਰੋੜ ਰੁਪਏ ਰੱਖੇ ਗਏ ਹਨ। ਬਜਟ ਪ੍ਰਸਤਾਵਾਂ ‘ਚ ਪੂੰਜੀਗਤ ਖਰਚਾ ਘਟਾ ਕੇ 7,445.03 ਕਰੋੜ ਕਰ ਦਿੱਤਾ ਗਿਆ ਹੈ ਜਦਕਿ ਸਾਲ 2023-24 ‘ਚ ਇਹ ਟੀਚਾ 10,354.53 ਕਰੋੜ ਦਾ ਸੀ। ਵਿੱਤ ਮੰਤਰੀ ਨੇ 18 ਸਾਲ ਤੋਂ ਉਪਰ ਦੀਆਂ ਔਰਤਾਂ ਲਈ ਇੱਕ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਨਹੀਂ ਕੀਤਾ। ਚੀਮਾ ਨੇ ਬਜਟ ਨੂੰ ਪੰਜਾਬ ਦੇ ਟਿਕਾਊ ਤੇ ਖੁਸ਼ਹਾਲ ਭਵਿੱਖ ਦਾ ਰੋਡਮੈਪ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਜੀਐੱਸਟੀ ਕੁਲੈਕਸ਼ਨ, ਬਿਜਲੀ ਡਿਊਟੀ, ਵਾਹਨਾਂ ਤੇ ਟੈਕਸਾਂ ਅਤੇ ਸਟੈਂਪ ਡਿਊਟੀ ਕੁਲੈਕਸ਼ਨ ਵਿਚ ਵਾਧੇ ਤੋਂ ਕਾਫੀ ਉਮੀਦਾਂ ਹਨ। ਬਜਟ ਵਿਚ ਸਿੱਖਿਆ ਲਈ 16,987 ਅਤੇ ਸਿਹਤ ਲਈ 5,264 ਕਰੋੜ ਰੁਪਏ ਰੱਖੇ ਗਏ ਹਨ। ਬੁਨਿਆਦੀ ਢਾਂਚੇ ਦੇ ਵਿਕਾਸ ਲਈ 24,283 ਕਰੋੜ ਰੁਪਏ ਰੱਖੇ ਗਏ ਹਨ। ਉਦਯੋਗਿਕ ਖੇਤਰ ਲਈ 3,367 ਕਰੋੜ ਜਦਕਿ ਨਸ਼ਾ ਛੁਡਾਊ ਪਹਿਲਕਦਮੀ ਵਾਸਤੇ 70 ਕਰੋੜ ਦਾ ਫੰਡ ਰੱਖਿਆ ਗਿਆ ਹੈ। ਬਜਟ ‘ਚ 100 ਪ੍ਰਾਇਮਰੀ ਸਕੂਲਾਂ ਨੂੰ ‘ਸਕੂਲ ਆਫ ਹੈਪੀਨੈੱਸ‘ ਵਿਚ ਤਬਦੀਲ ਕਰਨ ਦੀ ਵਿਵਸਥਾ ਕੀਤੀ ਗਈ ਹੈ। ਬਜਟ ਵਿਚ ਖੇਡ ਨਰਸਰੀਆਂ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਅਤੇ ਮਾਲਵਾ ਨਹਿਰ ਨੂੰ ਮੁੱਖ ਪ੍ਰਾਜੈਕਟ ਵਜੋਂ ਉਭਾਰਿਆ ਗਿਆ ਹੈ। ਚੀਮਾ ਨੇ ਆਪਣੇ 1.20 ਘੰਟੇ ਦੇ ਭਾਸ਼ਨ ਵਿਚ ਔਰਤਾਂ ਲਈ ਮੁਫਤ ਬੱਸ ਯਾਤਰਾ ਸਹੂਲਤ ਵਾਸਤੇ 450 ਕਰੋੜ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਲਈ 25 ਕਰੋੜ ਦੇ ਫੰਡ ਰੱਖਣ ਦਾ ਜ਼ਿਕਰ ਕੀਤਾ। ਗ੍ਰਹਿ ਤੇ ਨਿਆਂ ਵਿਭਾਗ ਲਈ 10,635 ਕਰੋੜ ਅਲਾਟ ਕੀਤੇ ਗਏ ਹਨ ਅਤੇ ਸਮਾਜ ਭਲਾਈ ਸਕੀਮਾਂ ਲਈ 9,388 ਕਰੋੜ ਰੱਖੇ ਗਏ ਹਨ। ਈਕੋ ਟੂਰਿਜ਼ਮ ਪ੍ਰਾਜੈਕਟ ਲਾਗੂ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ।