ਕੋਟਲੀ ਵੱਲੋਂ ਸਮਰਥਕਾਂ ਸਣੇ ਵਿਧਾਨ ਸਭਾ ਅੱਗੇ ਧਰਨਾ

0
15

ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਚੌਥੇ ਦਿਨ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਦਲਿਤਾਂ ਦੇ ਹੱਕਾਂ ਦੀ ਬਹਾਲੀ ਲਈ ਸੂਬਾ ਸਰਕਾਰ ਵਿਰੁੱਧ ਵਿਧਾਨ ਸਭਾ ਅੱਗੇ ਧਰਨਾ ਦਿੱਤਾ। ਵਿਧਾਇਕ ਕੋਟਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਲੰਘੇ ਦਿਨ ਵਿਧਾਨ ਸਭਾ ਵਿੱਚ ਵਿਧਾਇਕ ਨੂੰ ਅਪਸ਼ਬਦ ਬੋਲ ਕੇ ਦਲਿਤਾਂ ਦਾ ਅਪਮਾਨ ਕਰਨ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਵਿਧਾਇਕਾਂ ਕੋਲੋਂ ਮੁਆਫੀ ਮੰਗਣ। ਇਸੇ ਦੌਰਾਨ ਸਰਕਾਰ ਦੇ ਬਚਾਅ ਵਿੱਚ ਆਏ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰਾ ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਆਹਮੋ-ਸਾਹਮਣੇ ਹੁੰਦੇ ਦਿਖਾਈ ਦਿੱਤੇ। ਕਾਂਗਰਸੀ ਵਿਧਾਇਕ ਕੋਟਲੀ ਨੇ ਕਿਹਾ ਕਿ ‘ਆਪ‘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਲਿਤ ਵਰਗ ਨਾਲ ਸਬੰਧਤ ਉਪ ਮੁੱਖ ਮੰਤਰੀ ਲਾਉਣ ਦਾ ਦਾਅਵਾ ਕੀਤਾ ਸੀ ਪਰ ਅੱਜ ਦੋ ਸਾਲ ਬੀਤਣ ਦੇ ਬਾਵਜੂਦ ਹਾਲੇ ਤੱਕ ਇਹ ਦਾਅਵਾ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਐੱਸਸੀ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਖਾਲੀ ਪਿਆ ਹੈ। ਚੇਅਰਮੈਨ ਨਾ ਲੱਗਣ ਕਰ ਕੇ ਦਲਿਤ ਵਰਗ ਦੇ ਵਧੇਰੇ ਮਾਮਲੇ ਵਿਚਾਲੇ ਲਟਕ ਰਹੇ ਹਨ। ਸ੍ਰੀ ਕੋਟਲੀ ਨੇ ਐੱਸਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ ਪੰਜ ਕਰਨ ਦਾ ਵੀ ਵਿਰੋਧ ਕੀਤਾ। ਉਨ੍ਹਾਂ ਦਲਿਤ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਬਕਾਇਆ ਖੜ੍ਹੇ 16 ਹਜ਼ਾਰ ਕਰੋੜ ਰੁਪਏ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਦਲਿਤ ਵਰਗ ਕੋਲੋਂ ਮੁਆਫੀ ਨਹੀਂ ਮੰਗਦੇ ਉੱਦੋਂ ਤੱਕ ਦਲਿਤ ਵਰਗ ਵੱਲੋਂ ਉਨ੍ਹਾਂ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।