ਫ਼ਿਲਮ ‘ਮਾਈ ਨੇਮ ਇਜ਼ ਖ਼ਾਨ’ ਨੂੰ 14 ਸਾਲ ਪੂਰੇ ਹੋਏ

0
26

ਮੁੰਬਈ: ਅਦਾਕਾਰ ਸ਼ਾਹਰੁਖ਼ ਖਾਨ ਅਤੇ ਕਾਜੋਲ ਦੀ ਫ਼ਿਲਮ ‘ਮਾਈ ਨੇਮ ਇਜ਼ ਖ਼ਾਨ‘ ਰਿਲੀਜ਼ ਹੋਈ ਨੂੰ ਅੱਜ 14 ਸਾਲ ਹੋ ਗਏ ਹਨ। ਇਸ ਸਬੰਧੀ ਕਾਜੋਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਕਰਨ ਜੌਹਰ ਵੱਲੋਂ ਬਣਾਈ ਗਈ ਇਹ ਫ਼ਿਲਮ 2010 ਵਿੱਚ ਰਿਲੀਜ਼ ਹੋਈ ਸੀ ਅਤੇ ਇਸ ਨੂੰ ਬਲਾਕਬੱਸਟਰ ਐਲਾਨਿਆ ਗਿਆ ਸੀ। ਫ਼ਿਲਮ ਵਿੱਚ ਸ਼ਾਹਰੁਖ਼ ਦੀ ਅਦਾਕਾਰੀ ਦੀ ਕਾਫ਼ੀ ਸ਼ਲਾਘਾ ਕੀਤੀ ਗਈ ਸੀ। ਇਸ ਵਿੱਚ ਸ਼ਾਹਰੁਖ਼ ਨੇ ਅਮਰੀਕਾ ਵਿੱਚ ਰਿਜ਼ਵਾਨ ਖ਼ਾਨ ਨਾਂ ਦੇ ਇੱਕ ਭਾਰਤੀ ਮੁਸਲਮਾਨ ਦਾ ਕਿਰਦਾਰ ਨਿਭਾਇਆ ਸੀ। ਅਦਾਕਾਰਾ ਕਾਜੋਲ ਨੇ ਸਿੰਗਲ ਮਦਰ ਮੰਦਿਰਾ ਦਾ ਕਿਰਦਾਰ ਨਿਭਾਇਆ ਸੀ ਜੋ ਕਿ ਰਿਜ਼ਵਾਨ ਨਾਲ ਵਿਆਹ ਕਰਵਾਉਂਦੀ ਹੈ। ਨਿਊਯਾਰਕ ਸ਼ਹਿਰ ਵਿੱਚ 11 ਸਤੰਬਰ ਦੇ ਹਮਲਿਆਂ ਮਗਰੋਂ ਉਨ੍ਹਾਂ ਦੀ ਖੁਸ਼ਹਾਲ ਜ਼ਿੰਦਗੀ ਵਿੱਚ ਉਲਟਫੇਰ ਹੋ ਜਾਂਦਾ ਹੈ। ਇਹ ਫ਼ਿਲਮ ਜਿੱਥੇ ਸ਼ਾਹਰੁਖ਼ ਦੀ ਵਧੀਆ ਅਦਾਕਾਰੀ ਕਰ ਕੇ ਯਾਦ ਕੀਤੀ ਜਾਂਦੀ ਹੈ ਉੱਥੇ ਹੀ ਇਹ ‘ਤੇਰਾ ਸਜਦਾ‘, ‘ਤੇਰੇ ਨੈਨਾ‘ ਅਤੇ ‘ਨੂਰ-ਏ-ਖ਼ੁਦਾ‘ ਵਰਗੇ ਗੀਤਾਂ ਕਰ ਕੇ ਲੋਕਾਂ ਦੇ ਮਨ ਵਿੱਚ ਵੱਸੀ ਹੋਈ ਹੈ। ਸ਼ਾਹਰੁਖ਼ ਅਤੇ ਕਾਜੋਲ ਪਰਦੇ ‘ਤੇ ਸਭ ਤੋਂ ਵਧੀਆ ਜੋੜੀਆਂ ਵਿੱਚੋਂ ਇੱਕ ਹਨ। ਉਹ ‘ਦਿਲਵਾਲੇ ਦੁਲਹਨੀਆ ਲੈ ਜਾਏਂਗੇ‘, ‘ਕਭੀ ਖੁਸ਼ੀ ਕਭੀ ਗ਼ਮ‘, ਦਿਲਵਾਲੇ‘ ਅਤੇ ‘ਕੁਛ ਕੁਛ ਹੋਤਾ ਹੈ‘ ਜਿਹੀਆਂ ਫ਼ਿਲਮਾਂ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ। ਇਸ ਦੌਰਾਨ ਸ਼ਾਹਰੁਖ਼ ਖ਼ਾਨ ਨੇ 2023 ਵਿੱਚ ਤਿੰਨ ਹਿੱਟ ਫ਼ਿਲਮਾਂ ‘ਪਠਾਨ‘ (ਜਨਵਰੀ), ‘ਜਵਾਨ (ਸਤੰਬਰ), ਅਤੇ ‘ਡੰਕੀ‘ (ਦਸੰਬਰ) ਨਾਲ ਬਾਕਸ ਆਫ਼ਿਸ ‘ਤੇ ਰਾਜ ਕੀਤਾ ਹੈ। ਉਸ ਨੇ ਅਜੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਨਹੀਂ ਕੀਤਾ ਹੈ। ਉੱਧਰ, ਕਾਜੋਲ ਨੇ ਹੁਣੇ ਜਿਹੇ ਆਪਣੀ ਅਗਲੀ ਫ਼ਿਲਮ ‘ਦੋ ਪੱਤੀ‘ ਦੀ ਸ਼ੂਟਿੰਗ ਪੂਰੀ ਕੀਤੀ ਹੈ। ਫ਼ਿਲਮ ਵਿੱਚ ਕ੍ਰਿਤੀ ਸੈਨਨ ਵੀ ਹੈ। ‘ਦਿਲਵਾਲੇ‘ ਮਗਰੋਂ ਕ੍ਰਿ਼ਤੀ ਅਤੇ ਕਾਜੋਲ ਦੀ ਇਹ ਦੂਜੀ ਫ਼ਿਲਮ ਹੈ।