‘ਫਾਈਟਰ’ ’ਚ ਪਾਇਲਟ ਦੀ ਭੂਮਿਕਾ ਨਿਭਾਏਗੀ ਦੀਪਿਕਾ ਪਾਦੂਕੋਨ

0
40

ਮੁੰਬਈ: ਏਰੀਅਲ ਐਕਸ਼ਨ ਥ੍ਰਿਲਰ ਫ਼ਿਲਮ ‘ਫਾਈਟਰ‘ ਦੀ ਟੀਮ ਨੇ ਅਦਾਕਾਰਾ ਦੀਪਿਕਾ ਪਾਦੂਕੋਨ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਦੀਪਿਕਾ ਨੇ ਇੰਸਟਾਗ੍ਰਾਮ ‘ਤੇ ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਲਿਖਿਆ, ‘‘ਸਕੁਐਡਰਨ ਲੀਡਰ ਮਿਨਾਲ ਰਾਠੌਰ, ਕਾਲ ਸਾਈਨ: ਮਿਨੀ, ਰੁਤਬਾ: ਸਕੁਐਡਰਨ ਪਾਇਲਟ, ਯੂਨਿਟ: ਏਅਰ ਡਰੈਗਨਜ਼। ‘‘ ਇਸ ਤਸਵੀਰ ‘ਚ ਦੀਪਿਕਾ ਏਅਰ ਫੋਰਸ ਪਾਇਲਟ ਦੀ ਵਰਦੀ ‘ਚ ਨਜ਼ਰ ਆ ਰਹੀ ਹੈ। ਉਸ ਨੇ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ ਅਤੇ ਉਹ ਆਪਣੇ ਇਸ ਨਵੇਂ ਰੂਪ ‘ਚ ਫਬ ਰਹੀ ਹੈ। ਇਸ ਫ਼ਿਲਮ ‘ਚ ਦੀਪਿਕਾ ਦਾ ਕਿਰਦਾਰ ਏਅਰ ਡਰੈਗਨ ਯੂਨਿਟ ‘ਚ ਸਕੁਐਡਰਨ ਪਾਇਲਟ ਦੀ ਬਹਾਦਰੀ ਨੂੰ ਦਰਸਾਉਂਦਾ ਹੈ। ਇੱਕ ਹੈਲੀਕਾਪਟਰ ਪਾਇਲਟ ਵਜੋਂ ਇਹ ਉਸ ਦਾ ਪਹਿਲਾ ਮਿਸ਼ਨ ਹੈ। ਮਿਨੀ ਦਾ ਕਿਰਦਾਰ ਇੱਕ ਫਾਈਟਰ ਦੀ ਦ੍ਰਿੜਤਾ ਅਤੇ ਅਟਲ ਭਾਵਨਾ ਨੂੰ ਪੇਸ਼ ਕਰਦਾ ਹੈ। ਫ਼ਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ। ਇਸ ਫ਼ਿਲਮ ‘ਚ ਰਿਤਿਕ ਰੌਸ਼ਨ ਸਕੁਐਡਰਨ ਲੀਡਰ ਸ਼ਮਸ਼ੇਰ ਪਠਾਨੀਆ ਦਾ ਕਿਰਦਾਰ ਨਿਭਾਅ ਰਿਹਾ ਹੈ। ਫ਼ਿਲਮ ‘ਚ ਅਨਿਲ ਕਪੂਰ ਵੀ ਹੈ। ਫ਼ਿਲਮ ਅਗਲੇ ਸਾਲ 25 ਜਨਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ‘ਫਾਈਟਰ‘ ਜ਼ਰੀਏ ਦਾਪਿਕਾ ਤੇ ਰਿਤਿਕ ਰੌਸ਼ਨ ਪਹਿਲੀ ਵਾਰੀ ਸਿਲਵਰ ਸਕਰੀਨ ‘ਤੇ ਇਕੱਠੇ ਨਜ਼ਰ ਆਉਣਗੇ।