ਗੁਜਰਾਤ ਵਿਧਾਨ ਸਭਾ ਚੋਣਾਂ 5 ਦਸੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਨੂੰ ਦੱਸਿਆ ਰਾਮ ਭਗਤਾਂ ਦੀ ਧਰਤੀ ਸੂਬੇ ਵਿਚ ਮੁੜ ਭਾਜਪਾ ਸਰਕਾਰ ਬਣਾਉਣ ਦਾ ਦਾਅਵਾ

0
226

ਅਹਿਮਦਾਬਾਦ- ਗੁਜਰਾਤ ਵਿਧਾਨ ਸਭਾ ਦੀਆਂ ਦੋ ਪੜਾਵਾਂ ਵਿਚ ਪੈ ਰਹੀਆਂ ਵੋਟਾਂ ਦੇ ਨਤੀਜੇ 8 ਦਸੰਬਰ ਨੂੰ ਆਉਣਗੇ। ਇਸ ਦੌਰਾਨ ਸੂਬੇ ਵਿਚ ਮੁਖ ਮੁਕਾਬਲਾ ਭਾਜਪਾ, ਕਾਂਗਰਸ ਅਤੇ ਤੀਸਰੀ ਧਿਰ ਆਮ ਆਦਮੀ ਪਾਰਟੀ ਵਿਚਾਲੇ ਦੱਸਿਆ ਜਾ ਰਿਹਾ ਹੈ। ਚੋਣ ਪ੍ਰਚਾਰ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਰੋਡ ਸ਼ੋਅ ਕਰਦਿਆਂ ਗੁਜਰਾਤ ਦੇ ਲੋਕਾਂ ਨੂੰ ਮੁੜ ਭਾਜਪਾ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਹਨਾਂ ਆਪਣੇ ਪ੍ਰਚਾਰ ਦੌਰਾਨ ਕਾਂਗਰਸ ਨੂੰ ਮੁਖ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨਾਂ ਨੂੰ ਗਾਲਾਂ ਕੱਢਣ ਲਈ ਕਾਂਗਰਸੀ ਆਗੂਆਂ ਵਿੱਚ ਦੌੜ ਲੱਗੀ ਹੋਈ ਹੈ। ਉਨਾਂ ਗੁਜਰਾਤ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਭਾਜਪਾ ਦੇ ਚੋਣ ਨਿਸ਼ਾਨ ‘ਕਮਲ’ ਲਈ ਵੋਟ ਪਾ ਕੇ ਇਨਾਂ ਆਗੂਆਂ ਨੂੰ ਸਬਕ ਸਿਖਾਉਣ। ਸ੍ਰੀ ਮੋਦੀ ਗੁਜਰਾਤ ਦੇ ਪੰਚਮਹਿਲ ਜ਼ਿਲੇ ਦੇ ਕਲੋਲ ਕਸਬੇ ਵਿਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਦੀਆਂ ਉਪਰੋਕਤ ਟਿੱਪਣੀਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਹੋਰਨਾਂ ਕਾਂਗਰਸੀ ਆਗੂਆਂ ਵੱਲ ਸੇਧਿਤ ਸਨ। ਸ੍ਰੀ ਖੜਗੇ ਨੇ ਨਰਿੰਦਰ ਮੋਦੀ ਨੂੰ ‘ਰਾਵਣ’ ਜਦੋਂਕਿ ਪਿਛਲੇ ਮਹੀਨੇ ਕਾਂਗਰਸੀ ਆਗੂ ਮਧੂਸੂਦਨ ਮਿਸਤਰੀ ਨੇ ‘ਮੋਦੀ ਨੂੰ ਉੁਸ ਦੀ ਔਕਾਤ ਵਿਖਾਉਣ’ ਦੀ ਟਿੱਪਣੀ ਕੀਤੀ ਸੀ। ਸ੍ਰੀ ਮੋਦੀ ਨੇ ਕਿਹਾ ਕਿ ਉਨਾਂ ਲਈ ਅਜਿਹੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੇ ਜਾਣਾ ਗੁਜਰਾਤ ਤੇ ਇਥੋਂ ਦੇ ਲੋਕਾਂ ਦਾ ਨਿਰਾਦਰ ਹੈ, ਕਿਉਕਿ ਉਨਾਂ ਦਾ ਪਾਲਣ ਪੋਸ਼ਣ ਇਸੇ ਧਰਤੀ ਦੇ ਲੋਕਾਂ ਨੇ ਕੀਤਾ ਹੈ। ਉਨਾਂ ਲੋਕਾਂ ਨੂੰ ਕਿਹਾ ਕਿ ਸੂਬਾਈ ਚੋਣਾਂ ਵਿੱਚ ‘ਕਮਲ’ ਲਈ ਵੋਟ ਪਾ ਕੇ ਕਾਂਗਰਸੀ ਆਗੂਆਂ ਨੂੰ ਸਬਕ ਸਿਖਾਉਣ। ਸ੍ਰੀ ਮੋਦੀ ਨੇ ਕਿਹਾ, ‘‘ਮੈਂ ਖੜਗੇ ਜੀ ਦਾ ਸਤਿਕਾਰ ਕਰਦਾ ਹਾਂ, ਪਰ ਉਨਾਂ ਪਾਰਟੀ ਹਾਈ ਕਮਾਨ ਤੋੋਂ ਮਿਲੇ ਹੁਕਮਾਂ ਦੀ ਪਾਲਣਾ ਕਰਨੀ ਹੁੰਦੀ ਹੈ। ਉਨਾਂ ਨੂੰ ਇਹ ਕਹਿਣ ਲਈ ਮਜਬੂਰ ਕੀਤਾ ਗਿਆ ਕਿ ਮੋਦੀ ਦੇ ਰਾਵਣ ਵਾਂਗ 100 ਸਿਰ ਹਨ। ਪਰ ਕਾਂਗਰਸ ਨੂੰ ਇਹ ਅਹਿਸਾਸ ਨਹੀਂ ਕਿ ਗੁਜਰਾਤ ਰਾਮ ਭਗਤਾਂ ਦੀ ਧਰਤੀ ਹੈ। ਜਿਹੜੇ ਲੋਕ ਭਗਵਾਨ ਰਾਮ ਦੀ ਹੋਂਦ ਵਿੱਚ ਯਕੀਨ ਨਹੀਂ ਰੱਖਦੇ, ਉਹ ਹੁਣ ਮਹਿਜ਼ ਉਨਾਂ ਨੂੰ ਗਾਲਾਂ ਕੱਢਣ ਲਈ ਰਮਾਇਣ ਵਿਚੋਂ ਰਾਵਣ ਕੱਢ ਲਿਆਏ ਹਨ।’ਗੁਜਰਾਤ ਅਸੈਂਬਲੀ ਦੀਆਂ 93 ਸੀਟਾਂ ਹਨ।