ਕੇਂਦਰੀ ਪ੍ਰੀ-ਬਜਟ ਮੀਟਿੰਗ ’ਚ ਸ਼ਾਮਲ ਹੋਣਗੇ ਚੀਮਾ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲ ਉਠਾਉਣਗੇ ਇਹ ਮੁੱਦਾ

0
84

ਪੰਜਾਬੀ ਜਾਗਰਣ ਬਿਊਰੋ, ਚੰਡੀਗਡ਼੍ਹ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਦੀ ਖੇਤੀ ਵਿਭਿੰਨਤਾ ਦਾ ਮਾਮਲਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕੋਲ ਉਠਾਉਣਗੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਝੋਨੇ ਤੋਂ ਇਲਾਵਾ ਹੋਰ ਬਦਲਵੀਆਂ ਫ਼ਸਲਾਂ ਬੀਜਣ ਲਈ ਉਤਸ਼ਾਹਿਤ ਕਰਨ ਲਈ ਉਨ੍ਹਾਂ ਤੋਂ ਅਗਲੇ ਪੰਜ ਸਾਲਾਂ ਲਈ ਵਿੱਤੀ ਪੈਕੇਜ ਦੀ ਮੰਗ ਕਰ ਸਕਦੇ ਹਨ। ਇਹ ਮੰਗ 25 ਨਵੰਬਰ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਹੋਣ ਵਾਲੀ ਪ੍ਰੀ-ਬਜਟ ਮੀਟਿੰਗ ਵਿਚ ਰੱਖੀ ਜਾਵੇਗੀ।

ਪੰਜਾਬ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਤੋਂ ਮੰਗ ਕਰ ਰਿਹਾ ਹੈ ਕਿ ਝੋਨੇ ਦਾ ਬਦਲ ਲੱਭਿਆ ਜਾਵੇ ਪਰ ਮੱਕੀ, ਕਪਾਹ ਅਤੇ ਦਾਲਾਂ ਦੀ ਖਰੀਦ ਅਤੇ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਨਾ ਹੋਣ ਕਾਰਨ ਕਿਸਾਨਾਂ ਦਾ ਇਨ੍ਹਾਂ ਫਸਲਾਂ ਤੋਂ ਮੋਹ ਭੰਗ ਹੋ ਰਿਹਾ ਹੈ। ਇਸੇ ਕਰਕੇ ਹਰ ਸਾਲ ਕਰੀਬ ਇਕ ਲੱਖ ਹੈਕਟੇਅਰ ਰਕਬਾ ਵਧਦਾ ਹੈ। ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਝੋਨਾ ਨਾ ਬੀਜਣ ਵਾਲੇ ਕਿਸਾਨਾਂ ਨੂੰ 8000 ਰੁਪਏ ਪ੍ਰਤੀ ਏਕਡ਼ ਦੇ ਹਿਸਾਬ ਨਾਲ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਜੋ ਉਹ ਹੋਰ ਫਸਲਾਂ ਉਗਾ ਸਕਣ।