ਦਿੱਲੀ ‘ਚ ਕੇਜਰੀਵਾਲ ਨੇ ਤੀਸਰੀ ਵਾਰ ਸਰਕਾਰ ਬਣਾਕੇ ਸਿਰਜਿਆ ਇਤਿਹਾਸ

0
375

ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਨਫਰਤ ਦੀ ਰਾਜਨੀਤੀ ਨੂੰ ਫੇਰਿਆ ਹੂੰਝਾ

ਨਵੀਂ ਦਿੱਲੀ-ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਡੀ ਜਿੱਤ ਦਰਜ ਕਰਦਿਆਂ ਤੀਸਰੀ ਵਾਰ ਸਰਕਾਰ ਬਣਾਉਣ ਦਾ ਇਤਿਹਾਸ ਸਿਰਜਿਆ ਹੈ।  ‘ਆਪ’ ਨੇ 70 ਮੈਂਬਰੀ ਦਿੱਲੀ ਅਸੈਂਬਲੀ ਵਿੱਚ 62 ਸੀਟਾਂ ‘ਤੇ ਜਿੱਤ ਦਰਜ ਕੀਤੀ ਜਦੋਂਕਿ ਉਸ ਦੀ ਰਵਾਇਤੀ ਵਿਰੋਧੀ ਭਾਜਪਾ ਨੂੰ ਅੱਠ ਸੀਟਾਂ ‘ਤੇ ਜਿੱਤ ਨਸੀਬ ਹੋਈ ਤੇ ਕਾਂਗਰਸ ਖਾਤਾ ਖੋਲ•ਣ ਵਿੱਚ ਵੀ ਨਾਕਾਮ ਰਹੀ। ‘ਆਪ’ ਨੂੰ ਹਾਲਾਂਕਿ ਪਿਛਲੀ ਵਾਰ ਨਾਲੋਂ ਪੰਜ ਸੀਟਾਂ ਦਾ ਖੋਰਾ ਲੱਗਿਆ ਹੈ ਤੇ ਇਹ ਪੰਜੋਂ ਸੀਟਾਂ ਭਾਜਪਾ ਦੀ ਝੋਲੀ ਪਈਆਂ। ਹਾਰ ਦੇ ਬਾਵਜੂਦ ਭਾਜਪਾ ਦੀ ਵੋਟ ਫੀਸਦ ਵਿੱਚ ਐਤਕੀਂ ਛੇ ਫੀਸਦ ਦਾ ਵਾਧਾ ਹੋਇਆ ਹੈ। ਆਮ ਆਦਮੀ ਪਾਰਟੀ ਦੀ ਇਹ ਸ਼ਾਨਦਾਰ ਜਿੱਤ ਇਸ ਗੱਲੋਂ ਵੀ ਅਹਿਮ ਹੈ ਕਿਉਂਕਿ ਅੱਠ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਮੌਕੇ ਸੱਤਾਧਾਰੀ ਹੋਣ ਦੇ ਬਾਵਜੂਦ ਪਾਰਟੀ ਖਾਤਾ ਵੀ ਨਹੀਂ ਖੋਲ• ਸਕੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕੇਜਰੀਵਾਲ ਨੂੰ ਜਿੱਤ ਦੀ ਵਧਾਈ ਦਿੱਤੀ। ਸ੍ਰੀ ਮੋਦੀ ਨੇ ਕੇਜਰੀਵਾਲ ਨੂੰ ਲੋਕਾਂ ਦੀ ਖਾਹਿਸ਼ਾਂ ‘ਤੇ ਖਰਾ ਉਤਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਲਗਾਤਾਰ ਤੀਜੀ ਜਿੱਤ ਨਾਲ ਕੇਜਰੀਵਾਲ ਨੇ ਦਿੱਲੀ ਦੀ ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਆਪ ਦੇ ਜਿੱਤੇ ਵਿਧਾਇਕਾਂ ਦੀ ਮੀਟਿੰਗ ਦੌਰਾਨ ਸ੍ਰੀ ਕੇਜਰੀਵਾਲ ਨੂੰ ਮੁੜ  ਪਾਰਟੀ ਆਗੂ ਚੁਣ ਲਿਆ ਗਿਆ। ਉਹ ਆਪਣੇ ਅਹੁਦੇ ਦਾ ਹਲਫ 16 ਫਰਵਰੀ ਨੂੰ ਲੈਣਗੇ। ਨਾਲ ਹੀ ਨਵਾਂ ਮੰਤਰੀ ਮੰਡਲ ਸਹੁੰ ਚੁੱਕੇਗਾ। ‘ਕੰਮ ਦੀ ਸਿਆਸਤ’ ਬਨਾਮ ‘ਨਫ਼ਰਤ ਦੀ ਸਿਆਸਤ’ ਵਾਲੀਆਂ ਇਨ•ਾਂ ਚੋਣਾਂ ਵਿੱਚ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ ਆਮ ਆਦਮੀ ਪਾਰਟੀ ਦੇ ਸਿਖਰਲੇ ਆਗੂਆਂ ਆਤਿਸ਼ੀ, ਰਾਘਵ ਚੱਢਾ, ਕੈਬਨਿਟ ਮੰਤਰੀਆਂ ਗੋਪਾਲ ਰਾਏ, ਸਤੇਂਦਰ ਜੈਨ ਨੇ ਜਿੱਤਾਂ ਦਰਜ ਕੀਤੀਆਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਹਲਕੇ ਤੋਂ ਆਪਣੇ ਰਵਾਇਤੀ ਵਿਰੋਧੀ ਭਾਜਪਾ ਉਮੀਦਵਾਰ ਸੁਨੀਲ ਕੁਮਾਰ ਯਾਦਵ ਨੂੰ 17000 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਕੌਮੀ ਰਾਜਧਾਨੀ ਵਿੱਚ ਚੋਣਾਂ ਅਜਿਹੇ ਮੌਕੇ ਹੋ ਰਹੀਆਂ ਸਨ, ਜਦੋਂ ਸ਼ਹਿਰ ਵਿੱਚ ਸੀ ਏ ਏ, ਐੱਨ ਆਰ ਸੀ ਤੇ ਐੱਨ ਪੀ ਆਰ ਵਿਰੋਧੀ ਪ੍ਰਦਰਸ਼ਨ ਸਿਖਰ ‘ਤੇ ਸਨ। ਭਾਜਪਾ ਨੇ ਚੋਣ ਮੁਹਿੰਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕੀਤੇ ਕੰਮਾਂ, ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਅਤੇ ਸ਼ਾਹੀਨ ਬਾਗ਼ ਤੇ ਜਾਮੀਆ ਇਸਲਾਮੀਆ ਯੂਨੀਵਰਸਿਟੀ ਦੇ ਰੋਸ ਪ੍ਰਦਰਸ਼ਨਾਂ ਨੂੰ ਪ੍ਰਮੁੱਖਤਾ ਨਾਲ ਉਭਾਰਿਆ, ਉਥੇ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੇ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਵਿਕਾਸ ਕੰਮਾਂ ਦਾ ਲੇਖਾ-ਜੋਖਾ ਲੋਕਾਂ ਅੱਗੇ ਰੱਖਿਆ। ‘ਆਪ’ ਤੇ ਕਾਂਗਰਸ ਨੇ ਭਾਜਪਾ ‘ਤੇ ਵੋਟਰਾਂ ਦੇ ਧਰੁਵੀਕਰਨ ਲਈ ‘ਵੰਡਪਾਊ’ ਪ੍ਰਚਾਰ ਮੁਹਿੰਮ ਚਲਾਉਣ ਦਾ ਦੋਸ਼ ਵੀ ਲਾਇਆ। ‘ਆਪ’ ਲਈ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਟਾਰ ਪ੍ਰਚਾਰਕ ਸਨ, ਉਥੇ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਆਪਣੀ ਪੂਰੀ ਕੈਬਨਿਟ, ਯੂਪੀ ਤੇ ਬਿਹਾਰ ਦੇ ਮੁੱਖ ਮੰਤਰੀਆਂ ਨੂੰ ਵੀ ਚੋਣ ਪ੍ਰਚਾਰ ਵਿੱਚ ਝੋਕਿਆ। ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਚੋਣ ਮੁਹਿੰਮ ਦੀ ਕਮਾਨ ਸੰਭਾਲੀ।
ਕੇਂਦਰ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ-ਕੇਜਰੀਵਾਲ
ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੈਟ੍ਰਿਕ ਲਾਉਣ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਵਿੱਚ ਕਿਹਾ ਕਿ ਉਹ ਦਿੱਲੀ ਦੇ ਵਿਕਾਸ ਲਈ ਕੇਂਦਰ ਸਰਕਾਰ ਨਾਲ ਨੇੜੇ ਹੋ ਕੇ ਕੰਮ ਕਰਨ ਲਈ ਬੇਤਾਬ ਹਨ। ਕੇਜਰੀਵਾਲ ਨੇ ਹਾਲਾਂਕਿ ਆਪਣੀ ਜੇਤੂ ਤਕਰੀਰ ਵਿੱਚ ਭਾਜਪਾ ਜਾਂ ਕੇਂਦਰ ਸਰਕਾਰ ਖ਼ਿਲਾਫ਼ ਇਕ ਸ਼ਬਦ ਨਹੀਂ ਬੋਲਿਆ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਭਾਜਪਾ ਅਸੈਂਬਲੀ ਚੋਣਾਂ ਤਕ ਹੀ ਵਿਰੋਧੀ ਧਿਰ ਸੀ। ਪਰ ਦਿੱਲੀ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਸ਼ਹਿਰ ਵਿੱਚ ਕੰਮ ਕਰਨ ਲਈ ਸਾਨੂੰ ਕੇਂਦਰ ਦੇ ਸਹਿਯੋਗ ਦੀ ਲੋੜ ਪਏਗੀ।
ਕੇਜਰੀਵਾਲ ਦਾ ਹਲਫ਼ਦਾਰੀ ਸਮਾਗਮ 16 ਨੂੰ
ਨਵੀਂ ਦਿੱਲੀ-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਲਗਾਤਾਰ ਤੀਜੀ ਵਾਰ ਜਿੱਤੇ ਅਰਵਿੰਦ ਕੇਜਰੀਵਾਲ ਨੂੰ ਅੱਜ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਗਿਆ। ਕੇਜਰੀਵਾਲ 16 ਫਰਵਰੀ ਨੂੰ ਰਾਮਲੀਲਾ ਮੈਦਾਨ ਵਿੱਚ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਥੇ ਰਾਜ ਨਿਵਾਸ ਵਿੱਚ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ। ਸੂਤਰਾਂ ਮੁਤਾਬਕ ਪੰਦਰਾਂ ਮਿੰਟ ਦੀ ਇਸ ਮੀਟਿੰਗ ਦੌਰਾਨ ਕੇਜਰੀਵਾਲ ਦੇ ਹਲਫ਼ਦਾਰੀ ਸਮਾਗਮ ਬਾਰੇ ਚਰਚਾ ਹੋਈ। ਉਧਰ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਲੋਕਾਂ ਲਈ ਬੁਨਿਆਦੀ ਸਹੂਲਤਾਂ ਯਕੀਨੀ ਬਣਾਉਣਾ ਹੀ ਸੱਚੀ ਦੇਸ਼ਭਗਤੀ ਹੈ। ਪਟਪੜਗੰਜ ਤੋਂ ਚੋਣ ਜਿੱਤੇ ਸ੍ਰੀ ਸਿਸੋਦੀਆ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਸਿਵਲ ਲਾਈਨਜ਼ ਸਥਿਤ ਅਧਿਕਾਰਤ ਰਿਹਾਇਸ਼ ‘ਤੇ ਹੋਈ ਪਾਰਟੀ ਵਿਧਾਇਕਾਂ ਦੀ ਮੀਟਿੰਗ ਦੌਰਾਨ ਸ੍ਰੀ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਕੇਜਰੀਵਾਲ ਹੁਣ 16 ਫਰਵਰੀ ਨੂੰ ਰਾਮ ਲੀਲਾ ਮੈਦਾਨ ਵਿੱਚ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ।