ਅਲਬਰਟਾ ਅਤੇ ਕੈਨੇਡਾ ਦੀ ਖੁਸ਼ਹਾਲੀ ਤੇਲ ਪਾਈਪ ਲਾਈਨ ਦਾ ਮੁਕੰਮਲ ਹੋਣਾ ਜ਼ਰੂਰੀ-ਮੇਅਰ ਨੈਂਸ਼ੀ

0
401

ਸਰੀ ਬੋਰਡ ਆਫ ਟਰੇਡ ਦੇ ਸਮਾਗਮ ਨੂੰ ਕੀਤਾ ਸੰਬੋਧਨ

ਸਰੀ-ਅਲਬਰਟਾ ਅਤੇ ਕੈਨੇਡਾ ਦੀ ਮਜ਼ਬੂਤ ਆਰਥਿਕਤਾ ਤੇ ਖੁਸ਼ਹਾਲੀ ਲਈ ਤੇਲ ਪਾਈਪਲਾਈਨ ਦਾ ਮੁਕੰਮਲ ਹੋਣਾ ਅਤੀ ਜ਼ਰੂਰੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਲਗਰੀ ਦੇ ਮੇਅਰ ਨਾਹੀਦ ਨੈਸ਼ੀ ਨੇ ਸਰੀ ਬੋਰਡ ਆਫ ਟਰੇਡ ਦੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਸਰੀ ਬੋਰਡ ਆਫ ਟਰੇਡ ਦੀ ਸੀ ਈ ਓ ਅਨੀਤ ਹੁਬਰਮੈਨ ਦੇ ਵਿਸ਼ੇਸ਼ ਸੱਦੇ ਉਪਰ ਪੁੱਜੇ ਮੇਅਰ ਨੌਹੀਦ ਨੈਸ਼ੀ ਨੇ ਸ਼ਹਿਰਾਂ ਦੇ ਵਿਕਾਸ ਸਾਹਮਣੇ ਸਿਆਸੀ, ਆਰਥਿਕ ਅਤੇ ਸਮਾਜਿਕ ਚੁਣੌਤੀਆਂ ਬਾਰੇ ਸ਼ਹਿਰ ਦੀ ਬਿਜਨੈਸ ਕਮਿੳੂਨਿਟੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਮੁੱਦੇ ਕੌਂਸਲ ਮੈਂਬਰਾਂ ਵਿਚਾਲੇ ਵਿਚਾਰ ਮੱਤਭੇਦ ਹੋ ਸਕਦੇ ਹਨ ਪਰ ਕੌਸਲ ਵਿਚਾਲੇ ਇਕ ਪਿਆਰ ਵੀ ਕਾਇਮ ਰਹਿਣਾ ਚਾਹੀਦਾ ਹੈ। ਜਦੋ ਉਹਨਾਂ ਇਹ ਗੱਲ ਤਾਂ ਕਹੀ ਉਹਨਾਂ ਦੇ ਸਾਹਮਣੇ ਸਰੀ ਦੇ ਮੇਅਰ ਡੱਗ ਮੈਕੱਲਮ ਨਾਲੋਂ ਵੱਖ ਹੋਣ ਵਾਲੀਆਂ ਦੌ ਕੌਂਸਲਰ ਬੀਬੀਆਂ ਬਰੈਂਡਾ ਲੌਕ ਅਤੇ ਲਿੰਡਾ ਐਨਿਸ ਸਾਹਮਣੀ ਟੇਬਲ ’ਤੇ ਬੈਠੀਆਂ ਹੋਈਆਂ ਸਨ। ਉਹਨਾਂ ਸਰੀ ਵਿਚ ਐਲ ਆਰ ਟੀ ਅਤੇ ਸਕਾਈਟਰੇਨ ਵਿਵਾਦ ਬਾਰੇ ਵੀ ਟਿਪਣੀ ਕਰਦਿਆਂ ਕਿਹਾ ਉਹਨਾਂ ਕੋਲ ਕੈਲਗਰੀ ਵਿਚ ਐਲ ਆਰ ਟੀ ਦੇ ਵਿਸਥਾਰ ਬਾਰੇ ਤਿੰਨ ਪੇਜ ਲਿਖੇ ਹੋਏ ਸਨ ਪਰ ਹੁਣ ਉਹ ਇਸ ਬਾਰੇ ਗੱਲ ਨਹੀਂ ਕਰਨਗੇ। ਉਹਨਾਂ ਦੀ ਇਸ ਗੱਲ ’ਤੇ ਸਾਰੇ ਹਾਲ ਵਿਚ ਹਾਸਾ ਮੱਚ ਗਿਆ। ਉਹਨਾਂ ਦੱਸਿਆ ਕਿ ਉਹਨਾਂ ਨੇ ਕੈਲਗਰੀ ਵਿਚ ਐਲ ਆਰ ਟੀ ਦੇ ਵਿਸਥਾਰ ਲਈ ਟੈਕਸਾਂ ਵਿਚ ਵਾਧਾ ਕੀਤਾ ਜਿਸਦਾ ਸ਼ਹਿਰੀਆਂ ਨੇ ਸਮਰਥਨ ਕੀਤਾ। ਉਹਨਾਂ ਨੇ ਲੋਕਾਂ ਦੀ ਸਹਾਇਤਾ ਨਾਲ ਸ਼ਹਿਰ ਵਿਚ ਬੇਘਰੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ।  ਉਹਨਾਂ ਕਿਹਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਆਵਾਜਾਈ ਦੇ ਸਾਧਨਾਂ ਤੇ ਸਹੂਲਤਾਂ ਦਾ ਹੋਣਾ ਅਤਿ ਜ਼ਰੂਰੀ ਹੈ। ਉਹਨਾਂ ਕਿਹਾ ਕਿ ਇਸ ਲਈ ਰੇਪਿਡ ਟਰਾਂਸਪੋਰਟ ਸਿਸਟਮ ਉਪਰ ਨਿਵੇਸ਼ ਵੱਲ ਧਿਆਨ ਦੇਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਮੇਅਰ ਨੈਸ਼ੀ ਕੈਲਗਰੀ ਦੇ ਤੀਸਰੀ ਵਾਰ ਮੇਅਰ ਬਣ ਚੁੱਕੇ ਹਨ। ਉਹ ਉਤਰੀ ਅਮਰੀਕਾ ਦੇ ਕਿਸੇ ਸ਼ਹਿਰ ਦੇ ਪਹਿਲੇ ਮੁਸਲਿਮ ਮੇਅਰ ਹਨ। ਉਹਨਾਂ ਦੇ ਕੰਮ ਕਰਨ ਦੇ ਢੰਗ ਤੋਂ ਸਾਰੇ ਕਾਇਲ ਹਨ। ਅਲਬਰਟਾ ਅਤੇ ਕੈਨਡਾ ਦੀ ਫੈਡਰਲ ਸਰਕਾਰ ਵਿਚਾਲੇ ਨੇੜਤਾ ਲਈ ਉਹਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਮੌਕੇ ਅਨੀਤਾ ਹੁਬਰਮੈਨ ਨੇ ਕਿਹਾ ਕਿ ਸਰੀ ਵਿਚ ਟਰਾਂਸਪੋਰਟ ਸਹੂਲਤਾਂ ਵਧਾਉਣ ਨੂੰ ਪਹਿਲ ਦੇਣ ਦੀ ਲੋੜ ਹੈ ਕਿਉਂਕਿ ਇਸ ਲਈ 2050 ਦੀ ਇੰਤਜ਼ਾਰ ਨਹੀਂ ਕਰ ਸਕਦੇ।  ਇਸ ਮੌਕੇ ਹਾਜ਼ਰ ਕਾਰੋਬਾਰੀਆਂ ਨੇ ਮੇਅਰ ਨੈਸ਼ੀ ਕੋਲੋਂ ਸਵਾਲ ਵੀ ਪੁੱਛੇ ਜਿਹਨਾਂ ਦਾ ਉਹਨਾਂ ਨੇ ਤਸੱਲਬਖਸ਼  ਜਵਾਬ ਦਿੱਤੇ।